ਖਾਲਸਾ ਰਾਜ ਦਾ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ

ਜਨਮ ਦਿਨ ’ਤੇ ਵਿਸ਼ੇਸ਼

ਅੱਜ ਹੀ ਦੇ ਦਿਨ 13 ਨਵੰਬਰ 1780 ਨੂੰ ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੁਖੋਂ, ਜਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ, ਖਾਲਸਾ ਰਾਜ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ‘ਮਹਾਰਾਜਾ ਰਣਜੀਤ ਸਿੰਘ’ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹੋਇਆ, ਜਦਕਿ ਉਨ੍ਹਾਂ ਦਾ ਜੱਦੀ ਪਿੰਡ ਗੁੱਜਰਾਂਵਾਲਾ (ਪਾਕਿਸਤਾਨ) ਸੀ । ਪਿਤਾ ਮਹਾਂ ਸਿੰਘ, ਸ਼ੁਕਰਚੱਕੀਆ ਮਿਸਲ ਦੇ ਜੱਥੇਦਾਰ ਸਨ। ਚੇਚਕ ਦੀ ਬਿਮਾਰੀ ਨੇ ਭਾਵੇਂ ਬਚਪਨ ’ਚ ਹੀ ਇਸ ਮਹਾਂਨਾਇਕ ਦੀ ਖੱਬੀ ਅੱਖ ਹਮੇਸ਼ਾ ਲਈ ਖੋਹ ਕੇ ਚੇਚਕ ਦੇ ਨਿਸ਼ਾਨਾਂ ਨਾਲ ਚਿਹਰਾ ਭਰ ਦਿੱਤਾ ਪਰ ਬੁਲੰਦ ਹੌਂਸਲੇ ਦੇ ਮਾਲਕ ਇਸ ਸ਼ੇਰ ਨੇ, ਯੁੱਧ ਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ ’ਚ ਬਹੁਤ ਛੋਟੀ ਉਮਰ ’ਚ ਈ, ਅਸਧਾਰਨ ਨਿਪੁੰਨਤਾ ਹਾਸਲ ਕਰ ਲਈ ਸੀ। ਸਿਰਫ 10 ਸਾਲ ਦੀ ਉਮਰ ਵਿੱਚ ਈ, ਆਪਣੇ ਪਿਤਾ ਦੇ ਨਾਲ, ਉਹ ਸਿਰਫ ਯੁੱਧ ਵਿੱਚ ਹਿੱਸਾ ਈ ਨ੍ਹੀਂ ਲੈਣ ਲੱਗ ਪਏ ਸਗੋਂ ਤਿੰਨ ਜਿੱਤਾਂ ਵੀ ਹਾਸਲ ਕੀਤੀਆਂ, ਹਾਲਾਂਕਿ ਉਹਨਾਂ ਦਾ ਪਹਿਲਾ ਨਾਂਅ ਬੁੱਧ ਸਿੰਘ ਸੀ ਪਰ ਇੰਨ੍ਹਾਂ ਜਿੱਤਾਂ ਕਾਰਨ, ਇਹਨਾਂ ਪਿਤਾ ਨੇ ਇਹਨਾਂ ਦਾ ਨਾਂਅ ‘ਰਣਜੀਤ ਸਿੰਘ’ ਰੱਖ ਦਿੱਤਾ ਤੇ ਇਹਨਾਂ ਅੱਗੇ ਚੱਲ ਕੇ ਇਸ ਨਾਂਅ ਨੂੰ ਇਸ ਤਰ੍ਹਾਂ ਸਾਬਤ ਕਰ ਦਿਖਾਇਆ ਕਿ ਅੱਜ ਰਣਜੀਤ ਸਿੰਘ, ਖਾਸ ਨਾਂਅ ਦੀ ਥਾਂ ਦਲੇਰਾਂ ਲਈ ਜਾਤੀਵਾਚਕ ਨਾਂਅ ਵਜੋਂ ਜਾਣਿਆ ਜਾਂਦਾ ਏ ।

ਰਣਜੀਤ ਸਿੰਘ ਦੀ ਉਮਰ 12 ਸਾਲ ਈ ਸੀ ਕਿ ਪਿਤਾ ਦੀ ਮੌਤ ਹੋ ਗਈ। ਇਹ ਦਲੇਰ, ਬਹਾਦਰ ਜਰਨੈਲ ਘਬਰਾਇਆ ਨਹੀਂ ਸਗੋਂ ਪੂਰੇ ਹੌਂਸਲੇ ਤੇ ਜੋਸ਼ ਨਾਲ ਮਹਾਨ ਮਾਤਾ ਰਾਜ ਕੌਰ ਦੀ ਰਹਿਨੁਮਾਈ ਤੇ ਦੀਵਾਨ ਲਖਪਤ ਰਾਏ ਦੇ ਸਾਥ ਨਾਲ, ਸ਼ੁਕਰਚੱਕੀਆ ਮਿਸਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਸਾਲ ਕੁ ਬਾਅਦ ਈ ਕਿਸੇ ਨੇ ਧੋਖੇ ਨਾਲ ਹਮਲਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਲੇਰ ਰਣਜੀਤ ਸਿੰਘ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਹਮਲਾਵਰ ਦਾ ਈ ਖਾਤਮਾ ਕਰ ਦਿੱਤਾ। ਕੁਝ ਕੁ ਸਾਲਾਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੀਵਾਨ ਲਖਪਤ ਰਾਏ ਦਾ ਵੀ ਕਤਲ ਹੋ ਗਿਆ ਪਰ ਸਿੱਖ ਧਰਮ ’ਚ ਡੂੰਘੀ ਆਸਥਾ ਰੱਖਣ ਵਾਲਾ ਇਹ ਸੂਰਮਾ ਉਦੋਂ ਤੀਕ ਪੂਰੇ ਖਾਲਸਾ ਰਾਜ ਨੂੰ ਇਕੱਠੇ ਕਰਨ ਦਾ ਪੂਰੀ ਸਿਰੜ ਤੇ ਬੁਲੰਦ ਹੌਂਸਲੇ ਨਾਲ ਪੱਕਾ ਸੰਕਲਪ ਲੈ ਚੁੱਕਾ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਕਈ ਹੋਰ ਇਲਾਕੇ ਬਹਾਦਰੀ ਨਾਲ ਜਿੱਤੇ ਤੇ 1799 ਈ. ਵਿੱਚ ਲਾਹੌਰ ਜਿੱਤ ਕੇ, ਮਹਾਨ ਖਾਲਸਾ ਰਾਜ ਦੀ ਸਥਾਪਨਾ ਕੀਤੀ। ਮਹਾਰਾਜਾ ਨੇ ਆਪਣੇ ਰਾਜ ਦਾ ਬਹੁਤ ਵਿਸਥਾਰ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਜਿਸ ਸ਼ੌਂਕ ਤੇ ਤੇਜੀ ਨਾਲ ਕਿਸੇ ਇਲਾਕੇ ਨੂੰ ਫਤਿਹ ਕਰਦੇ, ਉਨੀ ਹੀ ਤੀਬਰਤਾ ਨਾਲ ਜਿੱਤੇ ਹੋਏ ਇਲਾਕਿਆਂ ਲਈ ਸੁਚੱਜੇ ਰਾਜ ਪ੍ਰਬੰਧ ਕਰਨਾ ਵੀ ਉਹਨਾਂ ਦੀ ਬਾਕਮਾਲ ਖਾਸੀਅਤ ਸੀ ।

ਉਹਨਾਂ ਅੰਮਿ੍ਰਤਸਰ ਸਾਹਿਬ ਵਿਖੇ ਸਥਿਤ ਪਵਿੱਤਰ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਜੜਵਾ ਦਿੱਤਾ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਆਪ ਸਿੱਖ ਧਰਮ ਨਾਲ ਸਬੰਧਤ ਸਨ ਤੇ ਸਿੱਖ ਧਰਮ ਨੂੰ ਸਮਰਪਿਤ ਸਨ, ਪਰ ਇਤਿਹਾਸ ’ਚ ਕੋਈ ਵੀ ਅਜਿਹਾ ਸ਼ਾਸਕ ਜਾਂ ਸਰਕਾਰ ਨਹੀਂ ਹੋਈ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਤੇ ਨਿਆਂਪੂਰਨ ਰਾਜ ਪ੍ਰਬੰਧ ਕੀਤਾ ਹੋਵੇ। ਮਹਾਰਾਜਾ ਆਪ ਅਕਸਰ ਕਹਿੰਦੇ ਸਨ ਕਿ, ਰੱਬ ਨੇ ਉਨ੍ਹਾਂ ਨੂੰ ਇੱਕ ਈ ਅੱਖ ਦਿੱਤੀ ਏ ਤਾਂ ਜੋ ਉਹ ਹਰੇਕ ਧਰਮ, ਖੇਤਰ ਤੇ ਜਾਤੀ ਦੇ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ, ਹਮੇਸ਼ਾ ਇੱਕ ਅੱਖ ਨਾਲ ਈ ਦੇਖਣ।

ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਖਾਲਸਾ ਰਾਜ ਨੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਮਾਲਾ ਵਿੱਚ ਪਰੋਣ ਦਾ ਅਸੰਭਵ ਜਾਪਦਾ ਮਹੱਤਵਪੂਰਨ ਕੰਮ ਸਹਿਜੇ-ਸਹਿਜੇ ਈ ਕਰ ਦਿੱਤਾ ਸੀ, ਕਿਉਂਕਿ ਮਹਾਰਾਜਾ ਬਹੁਤ ਹੀ ਨਿਮਰ ਸੁਭਾਅ ਦੇ ਧਰਮ ਨਿਰਪੱਖ ਇਨਸਾਨ ਸਨ। ਉਹਨਾਂ ਦੇ ਰਾਜ ਵਿੱਚ ਅਹੁਦੇ ਕਾਬਲੀਅਤ ਅਨੁਸਾਰ ਹੀ ਮਿਲਦੇ ਸਨ, ਇਸੇ ਲਈ ਮਹਾਰਾਜਾ ਦੇ ਰਾਜ ਵਿੱਚ ਵੱਡੇ ਅਹੁਦਿਆਂ ’ਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਵੀ ਨਿਯੁਕਤੀ ਸੀ ਮਹਾਰਾਜਾ ਆਪਣੇ-ਆਪ ਨੂੰ ਮਹਾਰਾਜਾ ਨਹੀਂ ਸਗੋਂ, ਸਿੰਘ ਸਾਹਿਬ ਅਖਵਾਉਣਾ, ਜ਼ਿਆਦਾ ਪਸੰਦ ਕਰਦੇ ਸਨ ਤੇ ਉਹਨਾਂ ਕਦੇ ਕਲਗੀ ਵੀ ਨਹੀਂ ਸਜਾਈ ਪਰ ਇਨਸਾਨ ਦੀ ਪਰਖ ਕਰਨ ’ਚ ਉਹ ਸੱਚਮੁੱਚ ਦੇ ਰਾਜਾ ਸਨ, ਇਸੇ ਲਈ ਉਹਨਾਂ ਦੀਵਾਨ ਮੋਹਕਮ ਚੰਦ, ਹਜੀ ਸਿੰਘ ਨਲਵਾ ਤੇ ਖਾਲਸਾ ਰਾਜ ਦੇ ਹੋਰ ਮਹਾਂਪੁਰਖਾਂ ਨੂੰ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜਿਆ।

ਜਨਤਾ ਦੇ ਭਲੇ ਲਈ, ਜਿੱਥੇ ਉਹ ਆਪ ਅਕਸਰ ਭੇਸ ਬਦਲ ਕੇ, ਆਮ ਲੋਕਾਂ ਦੇ ਵਿੱਚ ਪਹੁੰਚ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਦੇ ਸਨ, ਨਿਆਂਪੂਰਨ ਰਾਜ ਪ੍ਰਬੰਧ ਚਲਾਉਂਦੇ, ਉੱਥੇ ਹੀ ਆਪਣੀ ਫੌਜ ਦਾ ਵੀ ਆਧੁਨਿਕੀਕਰਨ ਕਰਦੇ ਹੋਏ ਅੰਗਰੇਜ਼ੀ ਅਫਸਰਾਂ ਤੱਕ ਦਾ ਵੀ ਪ੍ਰਬੰਧ ਕੀਤਾ। ਜਿਵੇਂ-ਜਿਵੇਂ ਰਾਜ ਵਧਦਾ ਗਿਆ, ਮਹਾਰਾਜਾ ਨੇ ਆਪਣੀ ਸੈਨਾ ਦੀ ਗਿਣਤੀ ਵਧਾਉਣ ਦੇ ਨਾਲ-ਨਾਲ, ਹਥਿਆਰਾਂ ਤੇ ਹੋਰ ਯੁੱਧ ਕਰਨ ਦੇ ਸਾਮਾਨ ਦੇ ਨਿਰਮਾਣ ਲਈ ਕਾਰਖਾਨੇ ਵੀ ਲਵਾਏ। ਮਹਾਰਾਜਾ ਰਣਜੀਤ ਸਿੰਘ ਨੇ ਜਜੀਆ ਟੈਕਸ ਖਤਮ ਕਰਕੇ, ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਤੇ ਨਾਲ ਹੀ ਮੁਗਲ ਸ਼ਾਸਕਾਂ ਦੁਆਰਾ ਛੋਟੇ-ਮੋਟੇ ਅਪਰਾਧਾਂ ਲਈ, ਅੰਗ ਕੱਟਣ ਤੇ ਫਾਂਸੀ ਦੇਣ ਵਰਗੀਆਂ ਅਣਮਨੁੱਖੀ ਸਜਾਵਾਂ ’ਤੇ ਤੁਰੰਤ ਰੋਕ ਲਾ ਕੇ, ਅੰ੍ਹਨੇਵਾਹ ਸਰਕਾਰੀ ਤਸ਼ੱਦਦ ਤੋਂ ਲੋਕਾਂ ਨੂੰ ਆਜਾਦ ਕਰਵਾ ਕੇ, ਇੱਕ ਵਿਲੱਖਣ ਰਾਜ ਪ੍ਰਬੰਧ ਚਲਾਇਆ।


ਉਸ ਲਗਭਗ 45 ਕੁ ਸਾਲਾਂ ਦੇ ਲੰਬੇ ਖਾਲਸਾਈ ਰਾਜ ’ਚ ਮਹਾਰਾਜਾ ਰਣਜੀਤ ਸਿੰਘ ਦੀ ਮਕਬੂਲੀਅਤ ਇੰਨੀ ਸੀ ਕਿ ਸ਼ਾਇਦ ਈ ਕਿਸੇ ਨੂੰ ਮੌਤ ਦੀ ਸਜਾ ਦਿੱਤੀ ਗਈ ਹੋਵੇ। ਬਿਨਾਂ ਕਿਸੇ ਸਖ਼ਤ ਸਜਾ ਤੋਂ ਇੰਨੇ ਵੱਡੇ ਖੇਤਰ ਦਾ ਰਾਜ ਪ੍ਰਬੰਧ, ਇੰਨੀ ਚੰਗੀ ਤਰ੍ਹਾਂ ਚਲਾਉਣ ਦੀ ਅੱਜ ਤੱਕ ਕੋਈ ਹੋਰ ਉਦਹਾਰਨ ਮਿਲਣਾ, ਨਾਮੁਮਕਿਨ ਹੈ। ਉਹਨਾਂ ਜਿੱਥੇ ਪਿੰਡਾਂ-ਕਸਬਿਆਂ ’ਚ ਛੋਟੇ-ਮੋਟੇ ਵਿਵਾਦਾਂ ਲਈ, ਸਭ ਵਰਗਾਂ ਦੀਆਂ ਸਾਂਝੀਆਂ ਪੰਚਾਇਤਾਂ ਦਾ ਗਠਨ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ, ਉੱਥੇ ਈ ਨੌਜਵਾਨਾਂ ਦੀ ਸਿਹਤ ਤੇ ਤੰਦਰੁਸਤੀ ਲਈ ਵੀ ਵੱਡੇ ਉਪਰਾਲੇ ਕੀਤੇ।

ਆਪ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸਰਕਾਰੀ ਆਦੇਸ਼ ਲਿਖਤੀ ਰੂਪ ’ਚ ਜਾਰੀ ਕਰਨ ਦੀ ਸ਼ੁਰੂਆਤ ਵੀ, ਉਹਨਾਂ ਈ ਕੀਤੀ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਸਿੱਕੇ ਚਲਾਉਣਾ ਵੀ ਉਹਨਾਂ ਦੇ ਖਾਸ ਕਾਰਜਾਂ ’ਚੋਂ ਇੱਕ ਸੀ ਲੋਕ ਸਰਕਾਰੀ ਮਾਲੀਆ ਜਿੱਥੇ ਆਪ ਅਸਾਨੀ ਨਾਲ ਜਮ੍ਹਾ ਕਰਵਾਉਣ ਆਉਂਦੇ, ਉੱਥੇ ਹੀ ਹੜ੍ਹਾਂ ਜਾਂ ਸੋਕੇ ਵਰਗੀਆਂ ਅਫ਼ਤਾਂ ਵਿੱਚ ਮਹਾਰਾਜਾ ਆਪਣੇ ਭੰਡਾਰ, ਆਮ ਲੋਕਾਂ ਲਈ ਖੋਲ੍ਹ ਦਿੰਦੇ, ਹਾਲਾਂਕਿ ਕਿਹਾ ਤਾਂ ਇੱਥੋਂ ਤੀਕਰ ਜਾਂਦਾ ਏ ਕਿ ਮਹਾਰਾਜਾ ਆਪ ਭੇਸ ਬਦਲ ਕਮਜ਼ੋਰ ਲੋਕਾਂ ਦੇ ਘਰਾਂ ਤੀਕ ਬੋਰੀਆਂ ਆਪਣੇ ਪਿੰਡੇ ’ਤੇ ਰੱਖ ਪਹੁੰਚਾਉਂਦੇ ਰਹੇ ਨੇ।

ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਸਨ, ਪਰ ਸਾਨੂੰ ਇੱਕ ਗੱਲ ਚੇਤੇ ਰੱਖਣ ਦੀ ਖਾਸ ਲੋੜ ਏ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਗੁਰੂ ਜਾਂ ਸੰਤ ਨਹੀਂ ਸਨ, ਉਹ ਇੱਕ ਵੱਡੀ ਸਲਤਨਤ ਦੇ ਆਜ਼ਾਦ ਮਹਾਰਾਜਾ ਸਨ। ਇਸ ਮਹਾਂਨਾਇਕ ਦਾ ਇਤਿਹਾਸ ਲਿਖਦਿਆਂ-ਪੜ੍ਹਦਿਆਂ ਕੁਝ ਕੁ ਲੋਕਾਂ ਨੇ, ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਦੇ ਜਿਕਰ ਕਰਨ ਨੂੰ ਜਿੰਨੀ ਤਵੱਜੋ ਦਿੱਤੀ ਏ, ਉਨੀ ਖਾਲਸਾ ਰਾਜ ਪ੍ਰਬੰਧ ਨੂੰ ਨਹੀਂ ਦਿੱਤੀ, ਜਦਕਿ ਉਨ੍ਹਾਂ ਵੇਲਿਆਂ ਵਿੱਚ ਰਾਜੇ ਆਮ ਈ ਕਈ-ਕਈ ਵਿਆਹ ਕਰਵਾਉਦੇ ਸਨ। ਇਸ ਪਿੱਛੇ ਹਮੇਸ਼ਾ ਅਨੈਤਿਕਤਾ ਜਾਂ ਚਰਿੱਤਰਹੀਣਤਾ ਹੀ ਕਾਰਨ ਨਹੀਂ ਹੁੰਦੀ ਸੀ ਸਗੋਂ ਜਿੱਤੇ ਹੋਏ ਇਲਾਕਿਆਂ ਦੇ ਲੋਕਾਂ ’ਚ ਵਿਸ਼ਵਾਸ ਕਾਇਮ ਕਰਨ ਹਿੱਤ, ਰਾਜ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਵੀ ਰਾਜਿਆਂ ਵੱਲੋਂ, ਬਹੁ-ਵਿਆਹ ਕੀਤੇ ਜਾਂਦੇ ਸਨ ਤੇ ਇਹ ਵਰਤਾਰਾ ਉਸ ਸਮੇਂ ਦੇ ਰਾਜਸੀ ਸੱਭਿਆਚਾਰ ਦਾ ਪ੍ਰਮੁੱਖ ਹਿੱਸਾ ਵੀ ਸੀ।

1839 ਈ. ਵਿੱਚ ਲੰਬੇ ਸਮੇਂ ਰਾਜ ਕਰਨ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਪਰ ਮਾੜੀ ਕਿਸਮਤ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ’ਚੋਂ ਖਾਲਸਾ ਰਾਜ ਸੰਭਾਲਣ ਦੀ ਯੋਗਤਾ ਕਿਸੇ ’ਚ ਵੀ ਨਹੀਂ ਸੀ। ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਕਾਬਲੀਅਤ ਦੀ ਘਾਟ ਕਾਰਨ ਖਾਲਸਾ ਰਾਜ ਖਿੰਡਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜਾਂ ਨੇ ਮਹਾਰਾਜਾ ਦਾ ਰਾਜ, ਸਾਡਾ ਆਪਣਾ ਰਾਜ, ਨੈਤਿਕਤਾ ਤੇ ਸੱਚ ਦਾ ਖਾਲਸਾ ਰਾਜ, ਸ਼ਾਤਿਰ ਤੇ ਕੋਝੀਆਂ ਚਾਲਾਂ ਖੇਡ, ਆਪਣੇ ਕਬਜੇ ਹੇਠ ਕਰ ਲਿਆ। ਭਾਰਤ ਦੀ ਸੰਸਦ ਵਿੱਚ, 20 ਅਗਸਤ 2003 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਵਜੋਂ, 22 ਫੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ, ਪਾਕਿਸਤਾਨ ਦੇ ਲਾਹੌਰ ਵਿੱਚ ਵੀ ਇਨ੍ਹਾਂ ਦਾ ਸ਼ਾਨਦਾਰ ਬੁੱਤ ਸਥਾਪਿਤ ਏ।

ਅੱਜ ਵੀ ਪੰਜਾਬ ਦੇ ਹੁਕਮਰਾਨਾਂ ਦੇ ਪਿੱਛੇ, ਵੱਡੇ ਸਰਕਾਰੀ ਦਫਤਰਾਂ ’ਚ, ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਏ, ਜੋ ਸਰਕਾਰਾਂ ਦੇ ਰਾਜਸੀ ਹੁਕਮਰਾਨਾਂ ਨੂੰ ਸਭ ਨੂੰ ਇੱਕ ਅੱਖ ਨਾਲ ਦੇਖਣ ਤੇ ਬਿਨਾਂ ਧਰਮ, ਜਾਤੀ ਤੇ ਖੇਤਰ ਦੀ ਭਾਵਨਾ ਦੇ, ਭਿ੍ਰਸ਼ਟਾਚਾਰ ਰਹਿਤ ਸ਼ਾਸਨ ਕਰਦਿਆਂ, ਹਰੇਕ ਦੇ ਸਰਵਪੱਖੀ ਵਿਕਾਸ ਦਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਏ। ਮੈਂ ਆਸ ਕਰਦਾ ਹਾਂ ਕਿ ਸਾਰੇ ਹੁਕਮਰਾਨ ਇਸ ਮਹਾਂਨਾਇਕ ਦੇ ਆਦਰਸ਼ ਰਾਮ ਰਾਜ ਤੋਂ ਸੇਧ ਲੈਂਦਿਆਂ, ਆਮ ਲੋਕਾਂ ਦੀ ਬਿਹਤਰੀ ਲਈ ਗੰਭੀਰ ਯਤਨ ਕਰਨਗੇ ਤਾਂ ਜੋ ਵਧ ਰਹੇ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਪਾੜੇ ਨੂੰ ਘੱਟ ਕੀਤਾ ਜਾ ਸਕੇ।
ਅਸ਼ੋਕ ਸੋਨੀ ,ਕਾਲਮ ਨਵੀਸ,
ਖੂਈ ਖੇੜਾ, ਫਾਜ਼ਿਲਕਾ
ਮੋ. 98727-05078

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ