ਲੰਮੀ ਉਡੀਕ ਤੋਂ ਬਾਅਦ ਮਿਲਿਆ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ

Maharaja Ranjit Singh, Award After, Long Wait

ਅਮਰਿੰਦਰ ਸਿੰਘ ਕਰਨਗੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼

ਪੁਰਸਕਾਰ ਲੈਣ ਵਾਲਿਆ ‘ਚ ਮਿਲਖਾ ਸਿੰਘ ਤੇ ਅਜੀਤ ਸਿੰਘ ਵਰਗੇ ਉੱਘੇ ਪੁਰਾਣੇ ਖਿਡਾਰੀ ਵੀ ਸ਼ਾਮਲ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪਿਛਲੇ ਕਾਫ਼ੀ ਲੰਮੇ ਇੰਤਜਾਰ ਤੋਂ ਬਾਅਦ ਮੰਗਲਵਾਰ ਨੂੰ 100 ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਮਿਲ ਹੀ ਗਿਆ ਹੈ। ਚੰਡੀਗੜ੍ਹ ਵਿਖੇ ਇਸ ਸਨਮਾਨ ਸਮਾਹੋਰ ਦਾ ਇੰਤਜਾਮ ਕੀਤਾ ਗਿਆ ਸੀ ਹਾਲਾਂਕਿ ਇਸ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਹੀ ਬੈਠਣ ਲਈ ਥਾਂ ਨਹੀਂ ਮਿਲੀ ਪਰ ਇਨ੍ਹਾਂ ਖਿਡਾਰੀਆਂ ਦੇ ਚਿਹਰਿਆਂ ‘ਤੇ ਪੁਰਸਕਾਰ ਮਿਲਣ ਦੀ ਖ਼ੁਸ਼ੀ ਜਿਆਦਾ ਨਜ਼ਰ ਆ ਰਹੀ ਸੀ। ਜਿਆਦਾਤਰ ਖਿਡਾਰੀਆਂ ਨੇ ਸਾਰਾ ਪ੍ਰੋਗਰਾਮ ਖੜ੍ਹੇ ਹੋ ਕੇ ਹੀ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਲਈ ਕੇਂਦਰ ਨੂੰ ਸਿਫ਼ਾਰਸ਼ ਕਰਨਗੇ।

ਮੁੱਖ ਮੰਤਰੀ ਅੱਜ ਪੀਜੀਆਈ ‘ਚ ਜ਼ੇਰੇ ਇਲਾਜ ਸਾਬਕਾ ਹਾਕੀ ਖਿਡਾਰੀ ਨੂੰ ਮਿਲੇ ਤੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ ਇਸ ਤੋਂ ਬਾਅਦ ਮੁੱਖ ਮੰਤਰੀ ਨੇ 100 ਹੋਰ ਉੱਘੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਇੱਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਐਵਾਰਡ ਨੂੰ ਦੇਣ ਦਾ ਕਾਰਜ ਤਕਰੀਬਨ ਇੱਕ ਦਹਾਕੇ ਦੇ ਵਕਫੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ ਤੇ ਇਸ ਨੂੰ ਸਾਲਾਨਾ ਸਮਾਰੋਹ  ਵਜੋਂ ਮਨਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਵਰਗੇ ਮਹਾਨ ਹਾਕੀ ਓਲੰਪੀਅਨਾਂ ਵਰਗੇ ਖਿਡਾਰੀਆਂ ਨੇ ਖੇਡਾਂ ‘ਚ ਆਪਣਾ ਮਹਾਨ ਯੋਗਦਾਨ ਦਿੱਤਾ ਹੈ ਜਿਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।

ਹਾਜ਼ਰੀਨਾਂ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਮਿਲਖਾ ਸਿੰਘ, ਕ੍ਰਿਕਟ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, ਵਿਸ਼ਵ ਕੱਪ ਹਾਕੀ ਦੇ ਸਾਬਕਾ ਕਪਤਾਨ ਅਜੀਤ ਪਾਲ ਸਿੰਘ ਵਰਗੇ ਉੱਘੇ ਖਿਡਾਰੀਆਂ ਨੂੰ ਮਿਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਉੱਘੇ ਖਿਡਾਰੀਆਂ ਨੂੰ ਦਿੱਤਾ ਗਿਆ ਐਵਾਰਡ ਨਵੇਂ ਖਿਡਾਰੀਆਂ ਨੂੰ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰੇਗਾ। ਇਹ ਐਵਾਰਡ 1978 ਵਿੱਚ ਸ਼ੁਰੂ ਕੀਤਾ ਗਿਆ, ਜਿਸ ਵਿੱਚ 2 ਲੱਖ ਰੁਪਏ ਨਗਦ, ਇੱਕ ਬਲੇਜਰ, ਇਕ ਸਕਰੋਲ ਅਤੇ ਮਹਾਰਾਜਾ ਰਣਜੀਤ ਸਿੰਘ ਟਰਾਫੀ ਦਿੱਤੀ ਜਾਂਦੀ ਹੈ, ਜਿਸ ਵਿੱਚ ਉਹ ਘੋੜੇ ‘ਤੇ ਬੈਠੇ ਦਿਖਾਈ ਦੇ ਰਹੇ ਹਨ।

ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਵਾਗਤੀ ਭਾਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਡਾਂ ਪ੍ਰਤੀ ਜਨੂੰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਪਹੁੰਚ ਸਦਕਾ ਸੂਬਾ ਸਰਕਾਰ ਵਿਆਪਕ ਖੇਡ ਨੀਤੀ ਅਮਲ ਵਿੱਚ ਲਿਆਈ ਹੈ। ਸੂਬੇ ਦੇ ਖੇਡ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਸੂਬੇ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਭਲਾਈ ਲਈ ਸਮੇਤ ਸਾਰੇ ਪੱਖਾਂ ਨੂੰ ਇਸ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ। ਖੇਡ ਮੰਤਰੀ ਨੇ ਸਾਰੇ ਸੀਨੀਅਰ ਖਿਡਾਰੀਆਂ ਅਤੇ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਨੌਜਵਾਨਾਂ ਦੇ ਖੇਡ ਹੁਨਰ ਨੂੰ ਤਰਾਸ਼ਣ ਲਈ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਵੱਧ-ਚੜ੍ਹਕੇ ਸਹਿਯੋਗ ਦਿੱਤਾ ਜਾਵੇ। ਸੋਢੀ ਨੇ ਐਲਾਨ ਕੀਤਾ ਕਿ ਉੱਘੇ ਖਿਡਾਰੀਆਂ ਤੇ ਕੌਮਾਂਤਰੀ ਪੱਧਰ ‘ਤੇ ਤਮਗਾ ਜੇਤੂ ਖਿਡਾਰੀਆਂ ਨੂੰ ਮਿਲਦੀ ਖੇਡ ਪੈਨਸ਼ਨ ਪਹਿਲਾਂ ਵਾਂਗ ਜਾਰੀ ਰਹੇਗੀ ਜੋ ਉਨ੍ਹ੍ਹਾਂ ਦੇ ਸਬੰਧਿਤ ਵਿਭਾਗਾਂ ਪਾਸੋਂ ਮਿਲਦੀ ਪੈਨਸ਼ਨ ਤੋਂ ਵੱਖਰੇ ਤੌਰ ‘ਤੇ ਮਿਲਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।