ਧੋਖਾਧੜੀ ਮਾਮਲਾ : ਮਾਲਿਆ ਨੇ ਤੋੜੀ ਚੁੱਪੀ, ਜਨਤਕ ਕੀਤੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
- ਸਰਕਾਰ ਨੇ ਕਿਹਾ ਕਿ ਬਹਾਨੇਬਾਜ਼ੀ ਕਰ ਰਹੇ ਹਨ ਮਾਲਿਆ
ਨਵੀਂ ਦਿੱਲੀ, (ਏਜੰਸੀ)। ਭਗੌੜੇ ਅਰਬਪਤੀ ਉਦਯੋਗਪਤੀ ਵਿਜੈ ਮਾਲਿਆ ਨੇ ਅਪਰੈਲ 2016 ‘ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ ਨੂੰ ਅੱਜ ਜਨਤਕ ਕਰਦਿਆਂ ਕਿਹਾ ਕਿ ਬੈਂਕ ਧੋਖਾਧੜੀ ਲਈ ਉਨ੍ਹਾਂ ਨੂੰ ਪੋਸਟਰ ਬੁਆਏ ਬਣਾ ਦਿੱਤਾ ਗਿਆ ਜਦੋਂਕਿ ਉਨ੍ਹਾਂ ਨੇ ਬੈਂਕਾਂ ਦੇ ਬਕਾਏ ਦੇ ਨਬੇੜੇ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਮਾਲਿਆ ਨੇ ਅੱਜ ਜਾਰੀ ਬਿਆਨ ‘ਚ ਕਿਹਾ ਕਿ ਉਹ ਬਹੁਤ ਦਿਨਾਂ ਤੋਂ ਚੁੱਪ ਬੈਠੇ ਸਨ, ਪਰ ਹੁਣ ਉਨ੍ਹਾਂ ਲਈ ਆਪਣਾ ਪੱਖ ਰੱਖਣ ਦਾ ਸਹੀ ਸਮਾਂ ਆ ਗਿਆ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ 15 ਅਪਰੈਲ 2016 ਨੂੰ ਲਿਖੀ ਚਿੱਠੀ ਨੂੰ ਜਨਤਕ ਕਰ ਰਹੇ ਹਨ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਵਿੱਤ ਮੰਤਰੀ ਨੇ ਉਨ੍ਹਾਂ ਦੀ ਚਿੱਠੀ ਦਾ ਜਵਾਬ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਸਿਆਸੀ ਆਗੂਆਂ ਵਾਂਗ ਮੀਡੀਆ ਨੇ ਵੀ ਉਨ੍ਹਾਂ ਚੋਰੀ ਕਰਨ ਅਤੇ 9,000 ਕਰੋੜ ਰੁਪਏ ਲੈ ਕੇ ਭੱਜਣ ਦਾ ਦੋਸ਼ੀ ਬਣਾ ਦਿੱਤਾ ਜਦੋਂਕਿ ਕਰਜ਼ ਕਿੰਗਫਿਸ਼ਰ ਏਅਰਲਾਈਨ ਨੂੰ ਦਿੱਤਾ ਗਿਆ ਸੀ। ਕੁਝ ਕਰਜ਼ਦਾਤਾ ਬੈਂਕਾਂ ਨੇ ਉਨ੍ਹਾਂ ਨੂੰ ਜਾਣ ਬੁੱਝ ਕੇ ਕਰਜ਼ ਨਾ ਚੁਕਾਉਣ ਵਾਲਿਆਂ ਦੀ ਸ੍ਰੇਣੀ ‘ਚ ਪਾ ਦਿੱਤਾ।
ਵਿਰੋਧੀ ਧਿਰ ਨੇ ਮੰਗਿਆ ਭਾਜਪਾ ਤੋਂ ਜਵਾਬ
ਏਆਈਐਮਆਈਐਮ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਅਸਦੁਦੀਨ ਓਵੈਸੀ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਹੈਰਾਨ ਕਰਨ ਵਾਲੀ ਗੱਲ ਕਿ ਇੱਕ ਫਰਾਰ ਵਿਅਕਤੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਹੈ। ਓਵੈਸੀ ਨੇ ਕਿਹਾ ਕਿ ਭਾਜਪਾ ਨੂੰ ਇਸ ‘ਤੇ ਜਵਾਬ ਦੇਣਾ ਚਾਹੀਦਾ ਹੈ।
2016 ‘ਚ ਭਾਰਤ ਤੋਂ ਭੱਜਿਆ ਸੀ ਵਿਜੈ ਮਾਲਿਆ
31 ਜਨਵਰੀ 2014 ਤੱਕ ਕਿੰਗਫਿਸ਼ਰ ਏਅਰਲਾਈਨ ‘ਤੇ ਬੈਂਕਾਂ ਦਾ 6, 963 ਕਰੋੜ ਰੁਪਏ ਬਕਾਇਆ ਸੀ। ਇਸ ਕਰਜ਼ ‘ਤੇ ਵਿਆਜ ਤੋਂ ਬਾਅਦ ਮਾਲਿਆ ਦੀ ਕੁੱਲ ਦੇਣਦਾਰੀ 900 ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕੀ ਹੈ। ਮਾਲਿਆ 2016 ‘ਚ ਭਾਰਤ ਤੋਂ ਭੱਜ ਗਿਆ ਸੀ।