ਰਿਟਾਇਰ ਏਐਸਆਈ ਦੇ ਘਰੋਂ ਵਾਰਦਾਤ ਨੂੰ ਅੰਜਾਮ ਦੇ ਕੇ ਚੁਰਾਏ ਸੋਨੇ ਦੇ ਗਹਿਣੇ, ਪਿਸਟਲ ਤੇ ਮੋਟਰਸਾਇਕਲ ਕੀਤਾ ਬਰਾਮਦ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਨੂਰਪੁਰ ਬੇਟ ’ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ’ਚ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਕਾਬੂ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਅਕਤੀ ਨੇ ਮੰਨਿਆ ਕਿ ਉਸਨੇ ਰਿਟਾਇਰ ਏਐਸਆਈ, ਉਸਦੀ ਪਤਨੀ ਤੇ ਪੁੱਤਰ ਨੂੰ ਕਤਲ ਕਰਨ ਉਪਰੰਤ ਚਾਹ ਪੀਤੀ ਤੇ ਘੰਟਾ ਠਹਿਰਣ ਪਿੱਛੋਂ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। (Triple Murder Case)
ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਭਾਰੀ ਜੱਦੋ- ਜਹਿਦ ਨਾਲ ਕਾਬੂ ਕੀਤੇ ਗਏ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਹੈ। ਜਿਸ ਨੇ ਮੰਨਿਆਂ ਕਿ ਉਹ ਨਸ਼ੇ ਦਾ ਆਦੀ ਹੈ। ਜਿਸ ਦੀ ਪੂਰਤੀ ਵਾਸਤੇ ਪੈਸਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਰਿਟਾਇਰ ਏਐਸਆਈ ਕੁਲਦੀਪ ਸਿੰਘ, ਉਸਦੀ ਪਤਨੀ ਪਰਮਜੀਤ ਕੋਰ ਤੇ ਪੁੱਤਰ ਗੁਰਵਿੰਦਰ ਸਿੰਘ ਨੂੰ ਲੋਹੇ ਦੀ ਸੱਬਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਘਰ ’ਚੋਂ ਮਿਲੇ ਸੋਨੇ ਦੇ ਗਹਿਣੇ ਤੇ ਤਕਰੀਬਨ 10 ਕੁ ਹਜਾਰ ਰੁਪਏ ਦੀ ਨਗਦੀ ਚੋਰੀ ਕੀਤੀ। ਲੋਹੇ ਦੀ ਸੱਬਲ ਜਿਸ ਨਾਲ ਦਿਨ ਵੇਲੇ ਕੁੱਝ ਮਜ਼ਦੂਰ ਘਰ ’ਚ ਕੰਮ ਕਰਨ ਆਏ ਸਨ, ਨੂੰ ਕਾਤਲ ਨੇ ਆਪਣਾ ਹਥਿਆਰ ਬਣਾ ਲਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਵੱਲੋਂ ਇੱਕ ਹੋਰ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਕੀਤਾ ਸਮਰਪਿਤ
ਉਨਾਂ ਦੱਸਿਆ ਕਿ ਕਾਤਲ ਮੁਤਾਬਕ ਤਿੰੰਨੋਂ ਜੀਆਂ ਦਾ ਕਤਲ ਕਰਨ ਉਪਰੰਤ ਉਨਾਂ ਦੀ ਛੱਡੀ ਚਾਹ ਨੂੰ ਹੋਰ ਵਧਾ ਕੇ ਗਰਮ ਕਰਕੇ ਪੀਣ ਪਿੱਛੋਂ ਇੱਕ ਘੰਟੇ ਤੱਕ ਘਰ ਅੰਦਰ ਹੀ ਰੁਕਿਆ ਰਿਹਾ ਤੇ ਘਰ ਦੇ ਮੁੱਖ ਗੇਟ ਦੀ ਕੁੰਡੀ ਲਗਾ ਕੇ ਖਿੜਕੀ ਵਿੱਚਦੀ ਪਿਛਲੇ ਦਰਵਾਜਿਓਂ ਮੋਟਰਸਾਇਕਲ ਲੈ ਕੇ ਫਰਾਰ ਹੋ ਗਿਆ। ਮੁਲਜ਼ਮ ਮੁਤਾਬਕ ਘਰ ’ਚ ਕੁੱਝ ਸਮਾਂ ਰੁਕਣ ਦਾ ਕਾਰਨ ਕਿ ਕਿਸੇ ਨੂੰ ਕਤਲ ਕਾਂਡ ਦਾ ਪਤਾ ਨਾ ਚੱਲੇ ਅਤੇ ਉਸਨੂੰ ਵਾਰਦਾਤ ਵਾਲੀ ਜਗਾ ਤੋਂ ਦੂਰ ਜਾਣ ਲਈ ਸਮਾਂ ਮਿਲ ਸਕੇ। ਕਮਿਸ਼ਨਰ ਸਿੱਧੂ ਮੁਤਾਬਿਕ ਕਾਤਲ ਏਐਸਆਈ ਦੇ ਘਰ ਅੰਦਰ ਖਾਲੀ ਕੋਠੀ ਸਮਝ ਕੇ ਦਾਖਲ ਹੋਇਆ ਸੀ। (Triple Murder Case)
ਪੁਲਿਸ ਵੱਲੋਂ ਹਥਿਆਰ ਤੇ ਚੋਰੀ ਕੀਤਾ ਸਮਾਨ ਵੀ ਕੀਤਾ ਬਰਾਮਦ
ਜਿੱਥੇ ਬਾਥਰੂਮ ’ਚੋਂ ਪਾਣੀ ਡੁੱਲਣ ਦੀ ਅਵਾਜ ਆਉਣ ’ਤੇ ਉਹ ਪੌੜੀ ਹੇਠਾਂ ਲੁਕ ਗਿਆ ਅਤੇ ਮੌਕਾ ਮਿਲਦੇ ਹੀ ਰਿਟਾਇਰ ਏਐਸਆਈ ਤੇ ਬਾਅਦ ’ਚ ਉਸਦੀ ਪਤਨੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਪ੍ਰੇਮ ਚੰਦ ਉਰਫ਼ ਮਿਥੁਨ ਵਾਸੀ ਅਵਾਖਾ (ਜ਼ਿਲਾ ਗੁਰਦਾਸਪੁਰ) ਹਾਲ ਆਬਾਦ ਗੋਪਾਲ ਕਲੋਨੀ ਫਿਲੌਰ ਦੇ ਕਬਜੇ ’ਚੋਂ ਸੋਨੇ ਦਾ ਕੜਾ, ਸੋਨੇ ਦੀ ਲੇਡੀ ਅੰਗੂਠੀ, ਟਾਪਸ ਅਤੇ ਵਾਲੀਆਂ ਸਮੇਤ ਏਐਸਆਈ ਦਾ ਪਿਸਟਲ ਤੇ ਮੋਟਰਸਾਇਕਲ ਬਰਾਮਦ ਕਰ ਲਿਆ ਹੈ। ਜਦਕਿ ਚੋਰੀ ਕੀਤੀ 10 ਹਜ਼ਾਰ ਰੁਪਏ ਦੀ ਨਗਦੀ ਉਸ ਨੇ ਖਰਚ ਕਰ ਦਿੱਤੀ ਹੈ।
ਕਾਤਲ ਇਸ ਤੋਂ ਪਹਿਲਾਂ ਕਰ ਚੁੱਕਿਆ ਹੈ ਇੱਕ ਹੋਰ ਕਤਲ
ਉਨਾਂ ਦੱਸਿਆ ਕਿ ਤੀਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਨੇ ਬਿਹਾਰ ਸਟੇਟ ਦੇ ਨਾਲੰਦਾ ’ਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੇ ਬਹਾਨੇ 3 ਦਿਨ ਸਰਵੇ ਕੀਤਾ, ਕਿਉਂਕਿ ਤੀਹਰੇ ਕਤਲ ਕਾਂਡ ਤੋਂ ਬਾਅਦ ਤਲਵੰਡੀ ਵਿਖੇ ਗੋਲੀਕਾਂਡ ਦੀ ਘਟਨਾ ਪਿੱਛੋਂ ਮੌਕੇ ’ਤੋਂ ਪੁਲਿਸ ਨੂੰ ਇੱਕ ਬੈਗ ਮਿਲਿਆ ਸੀ, ਜਿਸ ਵਿੱਚੋਂ ਟਰੇਨ ਦੀ ਟਿਕਟ ’ਤੇ ਪੁਲਿਸ ਨਾਲੰਦਾ ਪਹੁੰਚੀ। ਜਿੱਥੇ ਉਨਾਂ ਨੇ ਟਿਕਟ ਖ੍ਰੀਦਕਰਤਾ ਦੀ ਪਹਿਚਾਣ ਕਰਕੇ ਉਨਾਂ ਤੋਂ ਪੁੱਛਗਿਛ ਕੀਤੀ ਜਿੰਨਾਂ ਦੱਸਿਆ ਕਿ ਉਨਾਂ ਦਾ ਬੈਗ ਅੰਬਾਲਾ ਰੇਲਵੇ ਸਟੇਸ਼ਨ ਤੋਂ ਚੋਰੀ ਹੋ ਗਿਆ ਸੀ।
ਜਿਸ ਪਿੱਛੋਂ ਉਨਾਂ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਇਸ ਦੌਰਾਨ ਹੀ ਪੁਲਿਸ ਨੂੰ ਪਤਾ ਲੱਗਾ ਥਾਣਾ ਫਿਲੌਰ ਦੀ ਪੁਲਿਸ ਨੇ ਇੱਕ ਨੂੰ ਕਾਬੂ ਕੀਤਾ ਹੈ। ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਨੂਰਪੁਰ ਬੇਟ ਕਤਲ ਕਾਂਡ ਉਸਨੇ ਕੀਤਾ ਹੈ। ਜਿਸ ਪਿੱਛੋਂ ਅੱਜ ਦੋਸ਼ੀ ਨੂੰ ਪੋ੍ਰਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਫਿਲੌਰ ਪੁਲਿਸ ਕੋਲ ਦੋਸ਼ੀ ਪਹਿਲਾਂ ਹੀ ਦੀਨਾ ਨਗਰ ’ਚ ਇੱਕ ਮਹਿਲਾ ਦੀ ਹੱਤਿਆ ਕਰਨਾ ਵੀ ਮੰਨ ਚੁੱਕਾ ਹੈ।