ਲੁਧਿਆਣਾ ਬੰਬ ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਹੋਈ ਪਛਾਣ

 ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਸੀ ਗਗਨਦੀਪ ਸਿੰਘ 

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਵੀਰਵਾਰ ਸਵੇਰੇ ਹੋਏ ਧਮਾਕਿਆਂ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸਾਬਕਾ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ (30) ਵਜੋਂ ਹੋਈ ਹੈ। ਧਮਾਕੇ ਵਿੱਚ ਬਰਖਾਸਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਿਸ ਦੀ ਕਿ ਅੱਜ ਪੁਲੀਸ ਵੱਲੋਂ ਸ਼ਨਾਖਤ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਐੱਸ.ਟੀ.ਐੱਫ. ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿਚੋਂ ਹੈਰੋਇਨ ਵੀ ਬਰਾਮਦ ਕੀਤੀ ਸੀ ।

ਉਹ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸਦਰ ਥਾਣੇ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ। ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਦੋ ਸਾਲ ਜੇਲ੍ਹ ਵੀ ਕੱਟੀ। ਉਹ ਸਤੰਬਰ ਵਿੱਚ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ।

ਸੂਤਰਾਂ ਅਨੁਸਾਰ ਗਗਨਦੀਪ ਸਿੰਘ ਜੀਟੀਬੀ ਨਗਰ ਖੰਨਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਾ ਨਾਂਂਅ ਅਮਰਜੀਤ ਸਿੰਘ ਹੈ। ਗਗਨਦੀਪ ਸਿੰਘ ਨੂੰ ਐਸਟੀਐਫ ਨੇ ਅਗਸਤ 2019 ਵਿੱਚ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਹ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਇਸ ਦੀ ਪਛਾਣ ਮੋਬਾਈਲ ਸਿਮ ਅਤੇ ਡੋਂਗਲ ਦੇ ਨੰਬਰ ਤੋਂ ਕੀਤੀ ਗਈ ਹੈ।

ਹੱਥ ‘ਤੇ ਖੰਡੇ ਦਾ ਟੈਟੂ ਸੀ

ਗਗਨਦੀਪ ਛੋਟੇ ਕੱਦ ਦਾ ਪਹਿਲਵਾਨ ਕਿਸਮ ਦਾ ਸੀ। ਉਸ ਨੇ ਆਪਣੇ ਹੱਥ ‘ਤੇ ਟੈਟੂ ਬਣਵਾਇਆ ਹੋਇਆ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਸਿੱਮ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ ਜਿਸ ਆਧਾਰ ’ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ । ਮ੍ਰਿਤਕ ਦੀ ਬਾਂਹ ’ਤੇ ਬਣੇ ਟੈਟੂ ਨੇ ਪੁਲਿਸ ਨੂੰ ਉਸ ਦੀ ਸ਼ਨਾਖ਼ਤ ਕਰਨ ਵਿਚ ਮੱਦਦ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ