ਬਠਿੰਡਾ (ਸੁਖਜੀਤ ਮਾਨ)। ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਵੱਲੋਂ ਪਰਚਾ ਦਰਜ਼ ਕਰਨ ਮਗਰੋਂ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਟੀਮਾਂ ਵੱਲੋਂ ਮਨਪ੍ਰੀਤ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਲੁੱਕਆਊਟ ਨੋਟਿਸ ਜਾਰੀ ਹੁੰਦਿਆਂ ਹੀ ਸਾਰੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੂੰ ਡਰ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਵਿਦੇਸ਼ ਭੱਜ ਸਕਦਾ ਹੈ। (Manpreet Badal)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਮਨਪ੍ਰੀਤ ਬਾਦਲ ਵੱਲੋਂ ਅਗਾਊਂ ਜ਼ਮਾਨਤ ਲਈ ਪਰਚਾ ਦਰਜ਼ ਹੋਣ ਤੋਂ ਪਹਿਲਾਂ ਹੀ ਅਰਜੀ ਲਗਾਈ ਗਈ ਸੀ ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ ਪਰ ਪਰਚਾ ਦਰਜ਼ ਹੋਣ ਕਰਕੇ ਉਹਨਾਂ ਨੇ ਅਰਜੀ ਵਾਪਿਸ ਲੈ ਲਈ। ਅਰਜੀ ਵਾਪਿਸ ਲੈਣ ਦੀ ਪੁਸ਼ਟੀ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਅਰਜੀ ਪਰਚਾ ਦਰਜ਼ ਹੋਣ ਤੋਂ ਪਹਿਲਾਂ ਦਿੱਤੀ ਗਈ ਸੀ ਕਿ ਪਰਚਾ ਦਰਜ਼ ਕਰਨ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇ ਪਰ ਹੁਣ ਪਰਚਾ ਦਰਜ਼ ਹੋ ਗਿਆ ਹੈ ਇਸ ਕਰਕੇ ਅਰਜੀ ਵਾਪਿਸ ਲੈ ਲਈ।
ਵਿਜੀਲੈਂਸ ਟੀਮ ਵੱਲੋਂ ਲਗਾਤਾਰ ਮਨਪ੍ਰੀਤ ਬਾਦਲ ਦੀ ਭਾਲ ਕੀਤੀ ਜਾ ਰਹੀ ਹੈ। ਟੀਮ ਵੱਲੋਂ ਕੱਲ੍ਹ ਮਨਪ੍ਰੀਤ ਦੇ ਜੱਦੀ ਪਿੰਡ ਬਾਦਲ ਵਿਖ਼ੇ ਰਿਹਾਇਸ਼ ਤੇ ਵੀ ਛਾਪੇਮਾਰੀ ਕਰਕੇ ਭਾਲ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਾਰ ਹੋਰਾਂ ਖ਼ਿਲਾਫ਼ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (Manpreet Badal)
ਵਿਜੀਲੈਂਸ ਵੱਲੋਂ ਇਹ ਮਾਮਲਾ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਮਨਪ੍ਰੀਤ ਬਾਦਲ ਤੇ ਦੋਸ਼ ਹਨ ਕਿ ਉਸ ਨੇ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼-1 ਬਠਿੰਡਾ ਨੇੜੇ ਟੀ.ਵੀ. ਟਾਵਰ ਵਿਖੇ 1560 ਵਰਗ ਗਜ ਦੇ ਦੋ ਪਲਾਂਟ ਖਰੀਦੇ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।