ਲੋਕ ਸਭਾ ਚੋਣਾਂ, ਪੰਜਾਬ ‘ਚ ਇਸ ਤਰ੍ਹਾਂ ਹੋਵੇਗਾ ਤਿਕੋਣਾ ਮੁਕਾਬਲਾ, ਇੱਕ-ਇੱਕ ਵੋਟ ਹੋਵੇਗੀ ਅਹਿਮ

Lok Sabha Elections

ਜਿੱਤ-ਹਾਰ ਦਾ ਫ਼ਰਕ ਵੀ ਹੋਵੇਗਾ ਘੱਟ, ਉਮੀਦਵਾਰਾਂ ਨੂੰ ਕਰਨੀ ਪਵੇਗੀ ਪਹਿਲਾਂ ਨਾਲ ਜ਼ਿਆਦਾ ਮਿਹਨਤ | Lok Sabha Elections

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਨਾ ਹੋਣ ਕਰਕੇ ਪੰਜਾਬ ਵਿੱਚ ਇਸ ਵਾਰ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ ਅਤੇ ਹਰ ਪਾਰਟੀ ਨੂੰ ਜਿੱਤ ਹਾਸਲ ਕਰਨ ਲਈ ਇੱਕ-ਇੱਕ ਵੋਟ ਹਾਸਲ ਕਰਨੀ ਪਵੇਗੀ, ਕਿਉਂਕਿ ਇਸ ਤਿਕੋਣੀ ਟੱਕਰ ਵਿੱਚ ਜਿੱਤ-ਹਾਰ ਦਾ ਫਾਸਲਾ ਘੱਟ ਹੋਵੇਗਾ, ਇਸ ਲਈ ਥੋੜ੍ਹੀ ਜਿਹੀ ਢਿੱਲ ਦੇ ਨਾਲ ਹੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਹਾਰ ਤੱਕ ਹੋ ਸਕਦੀ ਹੈ। (Lok Sabha Elections)

ਇਸੇ ਕਰਕੇ ਹਰ ਉਮੀਦਵਾਰ ਨੂੰ ਪਹਿਲਾਂ ਨਾਲੋਂ ਨਾ ਸਿਰਫ਼ ਜ਼ਿਆਦਾ ਮਿਹਨਤ ਕਰਨੀ ਪਵੇਗੀ, ਸਗੋਂ ਇੱਕ ਇੱਕ ਵੋਟ ਅਹਿਮ ਹੋਵੇਗੀ ਜੇਕਰ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਮੁਕਾਬਲਾ ਹੋਰ ਵੀ ਜ਼ਿਆਦਾ ਸਖ਼ਤ ਹੋ ਜਾਵੇਗਾ ਅਤੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਵਿਰੋਧੀਆਂ ਨੂੰ ਟੱਕਰ ਦੇਣ ਦੇ ਕਾਬਲ ਮੰਨੀ ਜਾਣ ਲੱਗ ਜਾਵੇਗੀ, ਕਿਉਂਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਟੱਕਰ ’ਚ ਮੰਨਿਆ ਨਹੀਂ ਜਾ ਰਿਹਾ ਸੀ ਪਰ ਭਾਜਪਾ ਦੇ ਨਾਲ ਇਕੱਠੇ ਚੋਣ ਲੜਨ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੀ ਸਥਿਤੀ ਵਿੱਚ ਆ ਸਕਦੀ ਹੈ। (Lok Sabha Elections)

ਕਾਂਗਰਸ ਅਤੇ ਆਪ ਸਣੇ ਅਕਾਲੀ-ਭਾਜਪਾ ਵਿਚਕਾਰ ਰਹੇਗਾ ਵੱਡਾ ਮੁਕਾਬਲਾ | Lok Sabha Elections

ਜਾਣਕਾਰੀ ਅਨੁਸਾਰ ਦੇਸ਼ ਵਿੱਚ ਅਗਲੇ ਇੱਕ ਦੋ ਹਫ਼ਤੇ ਦੌਰਾਨ ਲੋਕ ਸਭਾ ਚੋਣਾਂ ਦਾ ਨਗਾਰਾ ਵੱਜ ਸਕਦਾ ਹੈ ਤਾਂ ਇਸ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦੇਸ਼ ਭਰ ਵਿੱਚ ਸਾਰੀ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਤੈਅ ਕਰਨ ਵਿੱਚ ਲੱਗੀਆਂ ਹੋਈਆਂ ਹਨ ਤਾਂ ਕੁਝ ਕੌਮੀ ਸਿਆਸੀ ਪਾਰਟੀਆਂ ਵੱਲੋਂ ਸੂਬਾ ਪੱਧਰੀ ਪਾਰਟੀਆਂ ਨਾਲ ਗੱਠਜੋੜ ਵੀ ਆਖਰੀ ਦੌਰ ਵਿੱਚ ਕੀਤਾ ਜਾ ਰਿਹਾ ਹੈ। ਇੰਡੀਆ ਗੱਠਜੋੜ ਵਿੱਚ ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼ਾਮਲ ਹਨ ਪਰ ਪੰਜਾਬ ਵਿੱਚ ਇਨ੍ਹਾਂ ਦੋਵਾਂ ਪਾਰਟੀਆਂ ਦਾ ਗੱਠਜੋੜ ਦਿਖਾਈ ਨਹੀਂ ਦੇਵੇਗਾ ਅਤੇ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਖ਼ਿਲਾਫ਼ ਲੜਦੀ ਨਜ਼ਰ ਆਉਣਗੀਆਂ।

Also Read : Earthquake : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ!

ਪੰਜਾਬ ਵਿੱਚ ਬਾਕੀ ਸਿਆਸੀ ਪਾਰਟੀਆਂ ਦੀ ਇਸ ਗੱਠਜੋੜ ’ਤੇ ਹੀ ਨਜ਼ਰ ਲੱਗੀ ਹੋਈ ਸੀ, ਕਿਉਂਕਿ ਹੁਣ ਤੱਕ ਮੰਨਿਆ ਜਾ ਰਿਹਾ ਸੀ ਜੇਕਰ ਇਹ ਗੱਠਜੋੜ ਪੰਜਾਬ ਵਿੱਚ ਵੀ ਹੋ ਜਾਂਦਾ ਹੈ ਤਾਂ ਇਨ੍ਹਾਂ ਦੇ ਉਮੀਦਵਾਰਾਂ ਨੂੰ ਮੁਕਾਬਲਾ ਦੇਣਾ ਹੀ ਮੁਸ਼ਕਲ ਹੋ ਜਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਇਸ ਸਮੇਂ ਸੱਤਾ ਵਿੱਚ ਹੈ ਅਤੇ ਕਾਂਗਰਸ ਦਾ ਪੰਜਾਬ ਵਿੱਚ ਕਾਫ਼ੀ ਜ਼ਿਆਦਾ ਅਧਾਰ ਹੈ ਪਰ ਹੁਣ ਇਸ ਗੱਠਜੋੜ ਨਾ ਹੋਣ ਕਰਕੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਆਪਸੀ ਟੱਕਰ ਵੀ ਫਸਵੀਂ ਹੋਣ ਦੇ ਆਸਾਰ ਬਣ ਗਏ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਤੇ ਇਹੋ ਜਿਹੇ ਸਮੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਅਕਾਲੀ-ਭਾਜਪਾ ਦੇ ਉਮੀਦਵਾਰ ਵੀ ਵੱਡੇ ਪੱਧਰ ’ਤੇ ਇੱਕ-ਦੂਜੇ ਨੂੰ ਟੱਕਰ ਦੇਣਗੇ। ਇਸ ਤਿਕੋਣੀ ਲੜਾਈ ਵਿੱਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਆਸਾਨੀ ਨਾਲ ਜਿੱਤ ਹਾਸਲ ਨਹੀਂ ਹੋਵੇਗੀ।

ਭਗਵੰਤ ਮਾਨ ਲਈ ਹੋਵੇਗੀ ਅਗਨੀ ਪ੍ਰੀਖਿਆ, ਸੱਤਾਧਾਰੀ ਪਾਰਟੀ ਨੂੰ ਮਿਲੀ ਐ ਜਿੱਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਲੋਕ ਸਭਾ ਚੋਣਾਂ ਅਗਨੀ ਪ੍ਰੀਖਿਆ ਵਾਂਗ ਹੋਣਗੀਆਂ, ਕਿਉਂਕਿ ਹਮੇਸ਼ਾ ਹੀ ਸੱਤਾਧਾਰੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਮਿਲਦੀ ਆਈ ਹੈ। ਪਿਛਲੇ 4-5 ਲੋਕ ਸਭਾ ਚੋਣਾਂ ਨੂੰ ਦੇਖਿਆ ਜਾਵੇ ਤਾਂ ਜਿਹੜੀ ਵੀ ਪਾਰਟੀ ਸੱਤਾ ਵਿੱਚ ਰਹਿੰਦੀ ਆਈ ਹੈ, ਉਸ ਪਾਰਟੀ ਦੇ 13 ਉਮੀਦਵਾਰਾਂ ਵਿੱਚੋਂ 8 ਉਮੀਦਵਾਰਾਂ ਤੱਕ ਦੀ ਜਿੱਤ ਹੁੰਦੀ ਆਈ ਹੈ।

ਇਸ ਲਈ ਭਗਵੰਤ ਮਾਨ ਨੂੰ ਪਿਛਲੀ ਸਰਕਾਰਾਂ ਦੇ ਰਿਕਾਰਡ ਨੂੰ ਕਾਇਮ ਰੱਖਦੇ ਹੋਏ 8 ਤੋਂ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਲ ਕਰਨੀਆਂ ਪੈਣਗੀਆਂ ਹਾਲਾਂਕਿ ਆਮ ਆਦਮੀ ਪਾਰਟੀ ਨੇ 2014 ਦੀ ਲੋਕ ਸਭਾ ਚੋਣਾਂ ਮੌਕੇ ਪਹਿਲੀ ਵਾਰ ਪੰਜਾਬ ਵਿੱਚ ਚੋਣ ਲੜਦੇ ਹੋਏ 4 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਿਸ ਕਾਰਨ ਮੌਕੇ ਦੀ ਸੱਤਾਧਾਰੀ ਪਾਰਟੀ ਅਕਾਲੀ-ਭਾਜਪਾ ਨੂੰ ਸਿਰਫ਼ 6 ਸੀਟਾਂ ਦੀ ਜਿੱਤ ਨਾਲ ਹੀ ਕੰਮ ਚਲਾਉਣਾ ਪਿਆ ਸੀ ਪਰ 2019 ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਨੇ ਇੱਕ ਵਾਰ ਫਿਰ ਪੁਰਾਣਾ ਰਿਕਾਰਡ ਕਾਇਮ ਰੱਖਦੇ ਹੋਏ 8 ਸੀਟਾਂ ’ਤੇ ਜਿੱਤ ਹਾਸਲ ਕਰ ਲਈ ਸੀ।

ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿੱਚ ਇੰਜ ਹੀ ਚਲਦਾ ਆ ਰਿਹਾ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਹੁੰਦੇ ਹੋਏ ਇਸ ਵਾਰ ਉਨ੍ਹਾਂ ’ਤੇ ਇਹ ਰਿਕਾਰਡ ਨੂੰ ਕਾਇਮ ਰੱਖਣ ਦਾ ਕਾਫ਼ੀ ਜ਼ਿਆਦਾ ਦਬਾਅ ਹੋਵੇਗਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ 8 ਨਹੀਂ, ਸਗੋਂ 13 ਸੀਟਾਂ ’ਤੇ ਹੀ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੇ ਹਨ।