ਕਾਂਗਰਸ, ਆਪ ਤੇ ਅਕਾਲੀ ਦਲ ਤੇ ਭਾਜਪਾ ਫਿਰ ਨਵੀਂ ਪਾਰੀ ਖੇਡਣ ਲਈ ਆਏ ਮੈਦਾਨ ’ਚ | Lok Sabha Sangrur
- ਘੱਗਰ ਦਾ ਨਹੀਂ ਨਿੱਕਲਿਆ ਹੱਲ, ਮੈਡੀਕਲ ਕਾਲਜ ਬਣਨ ਦਾ ਮਾਮਲਾ ਵੀ ਲਟਕਿਆ | Lok Sabha Sangrur
ਸੰਗਰੂਰ (ਗੁਰਪ੍ਰੀਤ ਸਿੰਘ)। ਇੱਕ ਪਾਸੇ ਗਰਮੀ ਦਾ ਮੌਸਮ ਸਿਖ਼ਰ ’ਤੇ ਪੁੱਜ ਚੁੱਕਿਆ ਹੈ, ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਮਾਹੌਲ ਟੀਸੀ ਤੇ ਲੱਗ ਚੁੱਕਿਆ ਹੈ। ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਾਢੇ ਪੰਦਰਾਂ ਲੱਖ ਵੋਟਰ ਹਨ ਜਿਹੜੇ ਜ਼ਿਲ੍ਹਾ ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਨਾਲ ਸਬੰਧਿਤ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡੇ ਹੋਏ ਹਨ। (Lok Sabha Sangrur)
ਲੋਕ ਸਭਾ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ, ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਆਜ਼ਾਦ ਉਮੀਦਵਾਰ ਡੀਐੱਸਪੀ ਰਿਟਾ. ਬਲਵਿੰਦਰ ਸਿੰਘ ਸੇਖੋਂ ਚੋਣ ਮੈਦਾਨ ’ਚ ਹਨ। ਇਹ ਉਮੀਦਵਾਰ ਸਵੇਰ ਤੋਂ ਸ਼ਾਮ ਪਿੰਡਾਂ ਸ਼ਹਿਰਾਂ ਵਿੱਚ ਆਪੋ ਆਪਣੇ ਤਰੀਕੇ ਵੋਟਰਾਂ ਨੂੰ ਅਪੀਲਾਂ ਕਰ ਰਹੇ ਹਨ। (Lok Sabha Sangrur)
ਹੜ੍ਹਾਂ ਦਾ ਵੱਡਾ ਮਸਲਾ
ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਮੁੱਖ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਮੇ ਸਮੇਂ ਤੋਂ ਵੋਟਰ ਇਨ੍ਹਾਂ ਦੇ ਹੱਲ ਲਈ ਮੰਗ ਲਈ ਜੂਝ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਹੱਲ ਨਹੀਂ ਹੋ ਸਕਿਆ, ਜਿਸ ਕਾਰਨ ਪਰਨਾਲਾ ਉਥੇ ਦਾ ਉਥੇ ਹੀ ਹੈ। ਜ਼ਿਲ੍ਹਾ ਸੰਗਰੂਰ ਦੀ ਸਭ ਤੋਂ ਵੱਡੀ ਸਮੱਸਿਆ ਘੱਗਰ ਦਰਿਆ ਹੈ ਜਿਹੜਾ ਦਹਾਕਿਆਂ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ।
ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਦਰਜ਼ਨਾਂ ਪਿੰਡ ਇਸ ਘੱਗਰ ਦੀ ਲਪੇਟ ’ਚ ਆਉਂਦੇ ਹਨ, ਪਹਾੜਾਂ ਤੇ ਮੀਂਹ ਪੈਣ ਕਾਰਨ ਇਸ ਦਰਿਆ ਦਾ ਪਾਣੀ ਚੜ੍ਹ ਜਾਂਦਾ ਹੈ ਤੇ ਕਮਜ਼ੋਰ ਬੰਨ੍ਹ ਟੁੱਟ ਕੇ ਦਰਜ਼ਨਾਂ ਪਿੰਡਾਂ ਵਿੱਚ 8-8 ਫੁੱਟ ਪਾਣੀ ਭਰ ਜਾਂਦਾ ਹੈ, ਫਸਲਾਂ ਬਰਬਾਦ ਹੁੰਦੀਆਂ ਹਨ। ਸਮੇਂ ਸਮੇਂ ’ਤੇ ਇਸ ਮੁੱਦੇ ’ਤੇ ਰਾਜਨੀਤੀ ਹੁੰਦੀ ਹੈ, ਵਿਰੋਧੀ ਸੱਤਾਧਾਰੀਆਂ ਨੂੰ ਭੰਡਦੇ ਹਨ ਪਰ ਅਸਲ ’ਚ ਇਹ ਸਮੱਸਿਆ ਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ। ਇਨ੍ਹਾਂ ਚੋਣਾਂ ਵਿੱਚ ਇਹ ਵੀ ਭਖ਼ਦਾ ਮੁੱਦਾ ਹੈ ਜਿਹੜਾ ਇਸ ਸਰਕਾਰ ਵਿੱਚ ਵੀ ਹੱਲ ਨਹੀਂ ਹੋ ਸਕਿਆ।
ਅਧਵਾਟੇ ਮੈਡੀਕਲ ਕਾਲਜ
ਦੂਜਾ ਲੋਕ ਸਭਾ ਹਲਕੇ ਦੀ ਵੱਡੀ ਮੰਗ ਮੈਡੀਕਲ ਕਾਲਜ ਦੀ ਰਹੀ ਹੈ ਜਿਸ ਤੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਰਾਜਨੀਤੀ ਹੁੰਦੀ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਸੰਗਰੂਰ ਦੇ ਪਿੰਡ ਘਾਬਦਾਂ ਨੇੜੇ ਗਊਸ਼ਾਲਾ ਦੀ ਜ਼ਮੀਨ ’ਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖ ਕੇ ਆਪਣੀ ਵਾਹ ਵਾਹ ਖੱਟੀ ਪਰ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਕਾਰਨ ਇਹ ਪ੍ਰਾਜੈਕਟ ਵਿਚਕਾਰ ਹੀ ਲਟਕ ਗਿਆ।
ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੈਡੀਕਲ ਕਾਲਜ ਦਾ ਇਹ ਪ੍ਰਾਜੈਕਟ ਮਸਤੂਆਣਾ ਸਾਹਿਬ ਨੇੜੇ ਪਿੰਡ ਚੰਗਾਲ ਵਿਖੇ ਸ਼ਿਫਟ ਕਰਕੇ ਉੱਥੇ ਨੀਂਹ ਪੱਥਰ ਰੱਖ ਕੇ ਐਲਾਨ ਕਰ ਦਿੱਤਾ ਸੀ ਕਿ ਬਹੁਤ ਛੇਤੀ ਇਸ ਮੈਡੀਕਲ ਕਾਲਜ ਦੀ ਉਸਾਰੀ ਦਾ ਆਰੰਭ ਹੋ ਜਾਵੇਗੀ। ਇਨ੍ਹਾਂ ਗੱਲਾਂ ਨੂੰ ਵੀ ਲਗਭਗ ਸਾਲ ਬੀਤਣ ਤੋਂ ਬਾਅਦ ਵੀ ਮੈਡੀਕਲ ਕਾਲਜ ਦਾ ਸੁਫਨਾ ਹਾਲੇ ਸੁਫਨਾ ਹੀ ਬਣ ਕੇ ਰਹਿ ਗਿਆ।
ਇਸ ਤੋਂ ਇਲਾਵਾ ਸੰਗਰੂਰ ਦੀ ਮੰਗ ਟਰੌਮਾ ਸੈਂਟਰ ਦੀ ਵੀ ਰਹੀ ਹੈ ਕਿਉਂਕਿ ਹਾਈਵੇਅ ਹੋਣ ਦੇ ਬਾਵਜੂਦ ਹਲਕੇ ਦੇ ਲੋਕ ਟਰੌਮਾ ਸੈਂਟਰ ਤੋਂ ਸੱਖਣੇ ਹਨ ਜਿਸ ਕਾਰਨ ਹਾਦਸਾ ਪੀੜਤ ਜਾਂ ਗੰਭੀਰ ਬਿਮਾਰ ਮਰੀਜ਼ਾਂ ਨੂੰ ਇਲਾਜ ਲਈ ਦੂਜੇ ਵੱਡੇ ਸ਼ਹਿਰਾਂ ’ਚ ਰੈਫਰ ਕੀਤਾ ਜਾਂਦਾ ਹੈ। ਲੋਕਾਂ ਦੀ ਪਿਛਲੇ ਸਮੇਂ ਤੋਂ ਇਸ ਦੀ ਵੱਡੀ ਮੰਗ ਰਹੀ ਹੈ। ਇਸ ਪ੍ਰਤੀ ਵੀ ਫਿਲਹਾਲ ਕੋਈ ਵੀ ਰਾਜਸੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਸੰਜੀਦਾ ਨਹੀਂ ਹੈ।
ਨੀਂਹ ਪੱਥਰ ਹਕੀਕਤ ਨਾ ਬਣੇ
ਇਸ ਤੋਂ ਇਲਾਵਾ ਕਾਫ਼ੀ ਸਮੇਂ ਤੋਂ ਸੰਗਰੂਰ ਦੇ ਨੇੜੇ ਕੋਈ ਵੱਡਾ ਉਦਯੋਗ ਨਹੀਂ ਸਥਾਪਿਤ ਹੋ ਸਕਿਆ, ਜਿਸ ਕਾਰਨ ਸੰਗਰੂਰ ਹਲਕੇ ਦੇ ਲੋਕਾਂ ਨੂੰ ਬੇਰੁਜ਼ਗਾਰੀ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਦੇ ਅੰਤਲੇ ਵਰ੍ਹੇ ਕੈਬਨਿਟ ਮੰਤਰੀ ਰਹੇ ਵਿਜੈਇੰਦਰ ਸਿੰਗਲਾ ਵੱਲੋਂ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੇੜਲੇ ਪਿੰਡ ਫਤਹਿਗੜ੍ਹ ਛੰਨਾ ਵਿਖੇ ਸੀਮਿੰਟ ਫੈਕਟਰੀ ਲਾਉਣ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਲੋਕਾਂ ਵਿੱਚ ਖੁਸ਼ੀ ਸੀ ਕਿ ਫੈਕਟਰੀ ਚਾਲੂ ਹੋਣ ਨਾਲ ਉਨ੍ਹਾਂ ਦੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਮਿਲ ਸਕਣੀਆਂ ਪਰ ਸਰਕਾਰ ਬਦਲਣ ਦੇ ਨਾਲ ਇਹ ਪ੍ਰਾਜੈਕਟ ਵੀ ਠੰਡੇ ਬਸਤੇ ਵਿੱਚ ਚਲਿਆ ਗਿਆ।
ਧਰਨਿਆਂ ਦਾ ਸ਼ਹਿਰ ਬਣਿਆ ਸੰਗਰੂਰ
ਨਸ਼ੇ ਤੇ ਬੇਰੁਜ਼ਗਾਰੀ ਦਾ ਮੁੱਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਮੂੰਹ ਫੈਲਾ ਕੇ ਖੜ੍ਹਾ ਹੈ। ਸੰਗਰੂਰ ਵਿਖੇ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਤੇ ਹੋਰ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਲਿਸ ਵਿੱਚ ਭਰਤੀ ਹੋਏ ਨੌਜਵਾਨ ਮੁੰਡੇ ਕੁੜੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਦੀ ਨੌਕਰੀ ਲਈ ਚੋਣ ਹੋ ਚੁੱਕੀ ਹੈ ਪਰ ਇਨ੍ਹਾਂ ਨੂੰ ਹਾਲੇ ਤਾਈਂ ਜੁਆਨਿੰਗ ਲੈਟਰ ਨਹੀਂ ਮਿਲੇ। ਇਸ ਤੋਂ ਇਲਾਵਾ ਬੇਰੁਜ਼ਗਾਰ ਅਧਿਆਪਕ ਹਨ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਜ਼ਿਲ੍ਹੇ ਜਿਹਾ ਜ਼ਿਲ੍ਹਾ ਨਾ ਬਣਿਆ ਮਲੇਰਕੋਟਲਾ
ਇਸ ਤੋਂ ਇਲਾਵਾ ਇਹ ਵੀ ਮੁੱਦਾ ਹੈ ਕਿ ਹਲਕਾ ਮਾਲੇਰਕੋਟਲਾ ਭਾਵੇਂ ਕੈਪਟਨ ਸਰਕਾਰ ਵੇਲੇ ਜ਼ਿਲ੍ਹੇ ਦਾ ਦਰਜ਼ਾ ਹਾਸਲ ਕਰ ਗਿਆ ਪਰ ਏਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਨੂੰ ਜ਼ਿਲ੍ਹੇ ਵਾਲੀਆਂ ਸੁਵਿਧਾਵਾਂ ਹਾਲੇ ਤੱਕ ਨਹੀਂ ਮਿਲਿਆ। ਮਾਲੇਰਕੋਟਲਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਹਾਲੇ ਕਿਰਾਏ ਦੀਆਂ ਬਿਲਡਿੰਗਾਂ ਵਿੱਚ ਹੀ ਚੱਲ ਰਹੇ ਹਨ।
‘ਪਰਜਾ ਦੇ ਬੋਲ’
ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ ਵੱਖ ਵੋਟਰਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਸੰਗਰੂਰ ਨਿਵਾਸੀ ਨੱਥੂ ਰਾਮ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਵੋਟਾਂ ਪੈਂਦੀਆਂ ਹਨ ਪਰ ਹਲਕਾ ਸੰਗਰੂਰ ਦੇ ਜਿਹੜੇ ਮੁੱਖ ਮੁੱਦੇ ਹਨ, ਉਨ੍ਹਾਂ ਬਾਰੇ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਸਬੰਧੀ ਕੋਈ ਲਿਖਤੀ ਤੌਰ ਤੇ ਲੀਡਰਾਂ ਤੋਂ ਲੈਣਾ ਚਾਹੀਦਾ ਹੈ। ਮਾਲੇਰਕੋਟਲਾ ਦੇ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਮੌਜ਼ੂਦਾ ਸਿਆਸਤ ਸਿਰਫ਼ ਵੋਟਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਵਿੱਚ ਲੋਕਾਂ ਦੇ ਮਸਲੇ ਮਧੋਲੇ ਜਾਂਦੇ ਹਨ, ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ।
ਬਰਨਾਲਾ ਨਿਵਾਸੀ ਹਰਦੀਪ ਸਿੰਘ ਨੇ ਕਿਹਾ ਕਿ ਦਲ ਬਦਲੀਆਂ ਦੇ ਇਸ ਦੌਰ ਵਿੱਚ ਲੀਡਰਾਂ ਨੂੰ ਲੋਕਾਂ ਦੇ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਵੋਟਰ ਵੀ ਉਸੇ ਲੀਡਰ ਨੂੰ ਵੋਟ ਦੇਣ ਜਿਹੜਾ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨ ਦਾ ਵਾਅਦਾ ਕਰਦਾ ਹੈ।
ਸੱਥਾਂ ਦੇ ਮਸਲੇ ਸੰਸਦ ਵਿੱਚ ਚੁੱਕਾਂਗਾ : ਗੁਰਮੀਤ ਸਿੰਘ ਮੀਤ ਹੇਅਰ
ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਸੰਗਰੂਰ ਪਾਰਲੀਮੈਂਟ ਹਲਕੇ ਤੇ ਇਸ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ’ਤੇ ਬਹੁਤ ਮਾਣ ਹੈ ਜਿਨ੍ਹਾਂ ਦੇਸ਼ ’ਚ ਬਦਲਵੀਂ ਰਾਜਨੀਤੀ ਦਾ ਰਾਹ ਖੋਲ੍ਹਿਆ ਤੇ ਹੁਣ ਭਾਰਤ ’ਚ ਆਉਣ ਵਾਲੀ ਕੇਂਦਰ ਸਰਕਾਰ ’ਚ ਆਮ ਆਦਮੀ ਪਾਰਟੀ ਬਹੁਤ ਵੱਡਾ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਦੋ ਸਾਲ ’ਚ ਸੂਬੇ ਦੀ ਨੁਹਾਰ ਬਦਲ ਦਿੱਤੀ। ਹੁਣ ਵਾਰੀ ਕੇਂਦਰ ਸਰਕਾਰ ’ਚ ਭਾਈਵਾਲ ਬਣ ਕੇ ਕੇਂਦਰ ਤੋਂ ਵੱਡੇ ਪ੍ਰੋਜੈਕਟ ਹਾਸਲ ਕਰਨ ਦੀ। ਮੀਤ ਹੇਅਰ ਨੇ ਕਿਹਾ ਕਿ ਪਿੰਡ ਦੀਆਂ ਸੱਥਾਂ ਦੇ ਮਸਲੇ ਸੰਸਦ ’ਚ ਚੁੱਕਾਂਗਾ।
ਪੰਜਾਬ ਦੇ ਮਸਲੇ ਸੰਸਦ ’ਚ ਚੁੱਕੇ ਜਾਣਗੇ : ਝੂੰਦਾਂ
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸੰਸਦ ’ਚ ਪੰਜਾਬ ਨਾਲ ਸਬੰਧਿਤ ਮਸਲੇ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਭਾਜਪਾ ਤੋਂ ਵੱਖ ਹੋਏ ਹਾਂ, ਉਨ੍ਹਾਂ ਨੂੰ ਸੰਸਦ ’ਚ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ। ਘੱਗਰ ਦਾ ਮਸਲਾ, ਮੈਡੀਕਲ ਕਾਲਜ ਸਬੰਧੀ ਤੇ ਨੌਕਰੀਆਂ ਬਾਰੇ ਮੁੱਦੇ ਉਨ੍ਹਾਂ ਦੀ ਪਹਿਲ ਹੋਣਗੇ।
Also Read : West Bengal SSC Scam: ਬੰਗਾਲ ’ਚ 25000 ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ’ਤੇ ਰੋਕ