ਭਵਿੱਖ ਵਿੱਚ ਸ਼ਰਾਬ ਦੀ ਵਰਤੋਂ ਖਿਲਾਫ਼ ਛਾਪੇਮਾਰੀ ਨੂੰ ਹੋਰ ਕੀਤਾ ਜਾਵੇਗਾ ਤੇਜ: ਨਵਜੀਤ ਸਿੰਘ
(ਰਾਜਨ ਮਾਨ) ਜਲੰਧਰ। ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਪੱਛਮੀ ਰੇਂਜ ਨਵਜੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਦੀ ਰੋਕਥਾਮ ਲਈ ਅੱਜ ਦਰਿਆ ਸਤਲੁਜ ਦੇ ਨੇੜਲੇ ਪਿੰਡਾਂ ਮਿਊਂਵਾਲ, ਭੋਲੇਵਾਲ, ਮੌ ਸਾਹਿਬ, ਢਗਾਰਾ, ਸੰਗੋਵਾਲ, ਬੁਰਜ ਟਗਾਰਾ ਵਿਖੇ ਆਬਕਾਰੀ ਇੰਸਪੈਕਟਰ ਨੂਰਮਹਿਲ ਜਲੰਧਰ ਪੱਛਮੀ ਸਰਵਣ ਸਿੰਘ ਸਮੇਤ ਆਬਕਾਰੀ ਪੁਲਿਸ ਟੀਮ ਨੇ ਜਾਂਚ ਕੀਤੀ। Lok Sabha Elections
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ 2 ਡਰੱਮ ਹਰੇਕ ਵਿੱਚ 200 ਕਿਲੋਗ੍ਰਾਮ, 5 ਪਲਾਸਟਿਕ ਦੀਆਂ ਤਰਪਾਲਾਂ ਹਰੇਕ ਵਿੱਚ 400 ਕਿਲੋਗ੍ਰਾਮ ਕੁੱਲ 2500 ਕਿਲੋਗਰਾਮ ਲਾਹਨ ਅਤੇ ਇਕ ਰੱਬੜ ਦੀ ਟਿਊਬ ਜਿਸ ਵਿੱਚ 150 ਬੋਤਲਾਂ ਦੇ ਬਰਾਬਰ ਸ਼ਰਾਬ ਫੜੀ ਗਈ ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦਰਿਆ ਸਤਲੁਜ ਦੇ ਕੰਢੇ ਨੇੜਲੇ ਇਕ ਹੋਰ ਪਿੰਡ ਮੁੰਡੀ ਸ਼ਹਿਰੀਆਂ ਵਿਖੇ ਆਬਕਾਰੀ ਇੰਸਪੈਕਟਰ ਸਾਹਿਲ ਰੰਗਾ ਵੱਲੋਂ ਸਮੇਤ ਆਬਕਾਰੀ ਪੁਲਿਸ ਅਤੇ ਪੁਲਿਸ ਸਟੇਸ਼ਨ ਲੋਹੀਆਂ ਸਮੇਤ ਛਾਪਾ ਮਾਰਿਆ ਗਿਆ ਜਿਸ ਦੌਰਾਨ 5 ਪਲਾਸਟਿਕ ਦੀਆਂ ਤਰਪਾਲਾਂ ਹਰੇਕ ਵਿੱਚ ਲਗਭਗ 500 ਲੀਟਰ ਲਾਹਣ , ਇਕ ਪਲਾਸਟਿਕ ਡਰੱਮ ਜਿਸ ਵਿੱਚ ਲਗਭਗ 200 ਲੀਟਰ ਲਾਹਣ ਅਤੇ ਇਕ ਡਰੱਮ 100 ਲੀਟਰ ਕੁੱਲ 3250 ਕਿਲੋਗਰਾਮ ਲਾਹਣ ਅਤੇ ਇਸ ਤੋਂ ਇਲਾਵਾ 2 ਲੋਹੇ ਦੇ ਡਰੱਮ, ਇਕ ਪਲਾਸਟਿਕ ਡਰੱਮ, ਇਕ ਪਲਾਸਟਿਕ ਕੇਨ ਅਤੇ ਦੋ ਪਲਾਸਟਿਕ ਦੀਆਂ ਬਾਲਟੀਆਂ ਵੀ ਬਰਾਮਦ ਕੀਤੀਆਂ ਗਈਆਂ ਜਿਨਾਂ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।
ਨਵਜੀਤ ਸਿੰਘ ਨੇ ਅੱਗੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ’ਤੇ ਸਖ਼ਤੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੀਆਂ ਟੀਮਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਅਤੇ ਹੋਰਨਾਂ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਛਾਪੇ ਮਾਰੇ ਜਾਣਗੇ ਤੇ ਦੋਸ਼ੀਆਂ ਖਿਲਾਫ਼ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Lok Sabha Elections