Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… 5 ਵਜੇ ਤੱਕ 55.20% ਵੋਟਿੰਗ

Lok Sabha Elections 2024

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Lok Sabha Elections 2024 ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ, ਇਹ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। 5 ਵਜੇ ਤੱਕ 13 ਸੀਟਾਂ ‘ਤੇ 55.20% ਫੀਸਦੀ ਵੋਟਿੰਗ ਦਰਜ ਕੀਤੀ ਗਈ,। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ, ਜਿਨ੍ਹਾਂ ਵਿੱਚ 1.12 ਕਰੋੜ ਮਰਦ ਅਤੇ 1.1 ਕਰੋੜ ਮਹਿਲਾ ਵੋਟਰ ਹਨ। ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ ਹੈ।

ਕਿੱਥੇ-ਕਿੱਥੇ ਕਿੰਨੀ ਫੀਸਦੀ ਪਈ ਵੋਟ

ਗੁਰਦਾਸਪੁਰ                      58.34

ਅੰਮ੍ਰਿਤਸਰ                        48.55

ਖਡੂਰ ਸਾਹਿਬ                    55.90

ਜਲੰਧਰ                          53.66

ਹੁਸ਼ਿਆਰਪੁਰ                    52.39

ਸ੍ਰੀ ਆਨੰਦਪੁਰ ਸਾਹਿਬ          55.02

ਲੁਧਿਆਣਾ                      52.22

ਸ੍ਰੀ ਫਤਿਹਗੜ੍ਹ ਸਾਹਿਬ         54.55

ਫਰੀਦਕੋਟ                       54.38

ਫਿਰੋਜ਼ਪੁਰ                       57.68

ਬਠਿੰਡਾ                         59.25

ਸੰਗਰੂਰ                        57.21

ਪਟਿਆਲਾ                     58.18

ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ

  • ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ ਆਪਣੇ ਪਹਿਲੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਸੰਨ 1952 ਵਿੱਚ ਕੀਤਾ ਸੀ। Vote

Vote
ਨਾਭਾ ਦੇ ਪਿੰਡ ਸਹੋਲੀ ਦੇ ਪੋਲਿੰਗ ਸਟੇਸ਼ਨ ‘ਤੇ ਵੋਟ ਪਾ ਕੇ ਵਾਪਸ ਪਰਤਦੀ 103 ਸਾਲਾਂ ਬਜ਼ੁਰਗ ਮਾਤਾ ਬਚਨ ਕੌਰ। ਤਸਵੀਰ : ਸ਼ਰਮਾ

ਦਿਲਚਸਪ ਹੈ ਕਿ ਮਾਤਾ ਬਚਨ ਕੌਰ ਨੇ ਪਿੰਡ ਵਿੱਚ ਬੂਥ ਨੰਬਰ 57 ‘ਤੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਸਮੇਂ ਉਹਨਾਂ ਨਾਲ ਉਨਾਂ ਦੇ ਰਿਸ਼ਤੇਦਾਰ ਮੌਜੂਦ ਸਨ ਜਿਨਾਂ ਦੇ ਦਿੱਤੇ ਆਸਰੇ ਵਿੱਚ ਮਾਤਾ ਬਚਨ ਕੌਰ ਨੇ ਹੱਥ ਵਿੱਚ ਖੂੰਡੀ ਫੜ ਕੇ ਪੋਲਿੰਗ ਸਟੇਸ਼ਨ ‘ਤੇ ਅੱਪੜੀ। ਹਲਕੇ ਦੀ ਸਭ ਤੋਂ ਬਜ਼ੁਰਗ ਔਰਤ ਦੇ ਪੋਲਿੰਗ ਸਟੇਸ਼ਨ ਉੱਤੇ ਵੋਟ ਕਰਨ ਪੁੱਜਣ ‘ਤੇ ਪ੍ਰਸ਼ਾਸ਼ਨ ਭਾਵੇਂ ਠੰਢਾ ਰਿਹਾ ਪਰੰਤੂ ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵਮਾਨ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਮਾਤਾ ਬਚਨ ਕੌਰ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। Vote

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਪਾਈ ਵੋਟ

ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਲਕਾ ਆਪ ਵਿਧਾਇਕ ਦੇਵ ਮਾਨ ਨੇ ਮਾਤਾ ਬਚਨ ਕੌਰ ਤੋਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਦੋਂ ਇੰਨੀ ਉਮਰ ਦੇ ਬਜ਼ੁਰਗ ਪੋਲਿੰਗ ਸਟੇਸ਼ਨ ‘ਤੇ ਆਪਣੇ ਲੋਕਤੰਤਰੀ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਤੰਤਰੀ ਵੋਟਿੰਗ ਦਾ ਅਧਿਕਾਰ ਇਸਤੇਮਾਲ ਕਰਨ ਲਈ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਰੂਰ ਪੁੱਜਣਾ ਚਾਹੀਦਾ ਹੈ। ਇਸ ਮੌਕੇ ਮਾਤਾ ਬਚਨ ਕੌਰ ਦੀ ਰਿਸ਼ਤੇਦਾਰਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਚੰਗਾ ਲੱਗਿਆ ਕਿ ਪ੍ਰਸ਼ਾਸ਼ਨ ਨਾ ਸਹੀ ਪਰੰਤੂ ਵਿਧਾਇਕ ਨੇ ਆ ਕੇ ਹਲਕੇ ਦੀ ਸਭ ਤੋਂ ਬਜ਼ੁਰਗ ਵੋਟਰ ਦਾ ਸਨਮਾਨ ਕੀਤਾ।

ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ |

ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ ਹਨ, ਜਿਨ੍ਹਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 727 ਪੁਰਸ਼, 1 ਕਰੋੜ 01 ਲੱਖ 74 ਹਜ਼ਾਰ 241 ਔਰਤਾਂ, 773 ਟਰਾਂਸਜੈਂਡਰ, 1 ਲੱਖ 58 ਹਜ਼ਾਰ 718 ਪੀਡਬਲਿਊਡੀ (ਦਿਵਿਆਂਗ) ਅਤੇ 1614 ਐੱਨਆਰਆਈ (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1 ਲੱਖ 89 ਹਜ਼ਾਰ 855 ਹੈ।

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ

ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ। ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਔਰਤਾਂ ਵੱਲੋਂ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ , 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਪ੍ਰਬੰਧਿਤ 101 ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਆਬਜ਼ਰਵਰਾਂ ਵੱਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ’ਤੇ ਬਣਾਏ ਗਏ 117 ਗਿਣਤੀ ਕੇਂਦਰਾਂ ’ਤੇ ਹੋਵੇਗੀ।

ਡਾਈ ਲੱਖ ਤੋਂ ਜ਼ਿਆਦਾ ਮੁਲਾਜ਼ਮ ਸੰਭਾਲ ਰਹੇ ਚੋਣਾਂ ਦੀ ਕਮਾਨ

ਸੂਬੇ ਦੇ ਕੁੱਲ 2 ਲੱਖ 60 ਹਜ਼ਾਰ ਮੁਲਾਜ਼ਮ ਚੋਣ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਵਿੱਚ 1 ਲੱਖ 20 ਹਜ਼ਾਰ 114 ਪੋਲਿੰਗ ਸਟਾਫ਼, 70 ਹਜ਼ਾਰ 724 ਸੁਰੱਖਿਆ ਮੁਲਾਜ਼ਮ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ, ਨੀਮ ਫੌਜੀ ਬਲ), 50 ਹਜ਼ਾਰ ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਮੁਲਾਜ਼ਮ ਸ਼ਾਮਲ ਹਨ।