Vijay Hazare Trophy: ਪਹਿਲੀ ਵਾਰ 50 ਓਵਰਾਂ ਵਿੱਚ ਬਣੀਆਂ ਰਿਕਾਰਡ 500 ਦੌੜਾਂ 

ਐਨ ਜਗਦੀਸ਼ਨ ਨੇ 277 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ

(ਸਪੋਰਟਸ ਡੈਸਕ) ਤਾਮਿਲਨਾਡੂ। ਲਿਸਟ-ਏ ਕ੍ਰਿਕਟ ‘ਚ ਪਹਿਲੀ ਵਾਰ 50 ਓਵਰਾਂ ’ਚ 500 ਦੌੜਾਂ ਬਣੀਆਂ ਹਨ। ਇਸ ਦੇ ਨਾਲ ਹੀ ਕ੍ਰਿਕਟ ’ਚ ਇੱਕ ਨਵਾਂ ਇਤਿਹਾਸ ਬਣ ਗਿਆ ਹੈ। ਇਸ ਵੱਡੇ ਸਕੋਰ ਦਾ ਸਿਹਰਾ ਜਾਂਦਾ ਹੈ ਤਾਮਿਲਨਾਡੂ ਦੇ 26 ਸਾਲਾ ਜਗਦੀਸ਼ਨ ਨੂੰ ਜਿਸ ਨੇ 277 ਦੌੜਾਂ ਦੀ ਰਿਕਾਰਡ ਪਾਰੀ ਖੇਡੀ। ਉਸ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ (Vijay Hazare Trophy) ਅਰੁਣਾਚਲ ਪ੍ਰਦੇਸ਼ ਖ਼ਿਲਾਫ਼ 277 ਦੌੜਾਂ ਬਣਾਈਆਂ ਹਨ। ਇਹ ਵਨਡੇ ਅਤੇ ਲਿਸਟ ਏ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਉਸ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ।  ਪਹਿਲੀ ਵਾਰ ਵਨਡੇ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਇੰਗਲੈਂਡ ਨੇ ਨੀਦਰਲੈਂਡ ਖਿਲਾਫ 498 ਦੌੜਾਂ ਬਣਾਈਆਂ ਸਨ। ਸਰੀ ਦੀ ਟੀਮ ਤੀਜੇ ਨੰਬਰ ‘ਤੇ ਹੈ। ਸਰੀ ਨੇ ਗਲੋਸਟਰਸ਼ਾਇਰ ਖਿਲਾਫ 4 ਵਿਕਟਾਂ ‘ਤੇ 496 ਦੌੜਾਂ ਬਣਾਈਆਂ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਾਮਿਲਨਾਡੂ ਨੇ 506 ਦੌੜਾਂ ਬਣਾ ਕੇ ਅਰੁਣਾਚਲ ਪ੍ਰਦੇਸ਼ ਨੂੰ 71 ਦੌੜਾਂ ‘ਤੇ ਆਊਟ ਕਰ ਦਿੱਤਾ। ਐਮ ਸਿਧਾਰਥ ਨੇ 12 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਐਮ ਮੁਹੰਮਦ ਅਤੇ ਸਿਲੰਬਰਾਸਨ ਨੇ 2-2 ਵਿਕਟਾਂ ਅਤੇ ਆਰ ਸਾਈ ਕਿਸ਼ੋਰ ਨੇ ਇਕ ਵਿਕਟ ਲਈ। ਇਸ ਤਰ੍ਹਾਂ ਤਾਮਿਲਨਾਡੂ ਨੇ 435 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਜਗਦੀਸ਼ਨ ਨੇ 141 ਗੇਂਦਾਂ ਵਿੱਚ 196.45 ਦੀ ਸਟ੍ਰਾਈਕ ਰੇਟ ਨਾਲ 277 ਦੌੜਾਂ ਬਣਾਈਆਂ। ਉਸ ਨੇ 141 ਗੇਂਦਾਂ ‘ਚ 25 ਚੌਕੇ ਅਤੇ 15 ਛੱਕੇ ਲਗਾਏ ਹਨ। ਉਸ ਨੇ ਸਾਈ ਸੁਦਰਸ਼ਨ ਨਾਲ ਪਹਿਲੀ ਵਿਕਟ ਲਈ 414 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।

ਜਗਦੀਸ਼ਨ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ

ਸੁਦਰਸ਼ਨ ਨੇ 102 ਗੇਂਦਾਂ ‘ਤੇ 154 ਦੌੜਾਂ ਦੀ ਪਾਰੀ ਖੇਡੀ। ਸੁਦਰਸ਼ਨ 39ਵੇਂ ਓਵਰ ਦੀ ਤੀਜੀ ਗੇਂਦ ‘ਤੇ ਆਊਟ ਹੋ ਗਏ। ਫਿਰ 42ਵੇਂ ਓਵਰ ਦੀ ਚੌਥੀ ਗੇਂਦ ‘ਤੇ ਜਗਦੀਸ਼ਨ ਆਊਟ ਹੋ ਗਏ। ਜੇਕਰ ਜਗਦੀਸ਼ਨ ਪੂਰੇ 50 ਓਵਰ ਖੇਡਦਾ ਤਾਂ ਉਹ ਇਕੱਲੇ ਹੀ 300 ਦੌੜਾਂ ਦਾ ਅੰਕੜਾ ਪਾਰ ਕਰ ਸਕਦਾ ਸੀ। ਜਗਦੀਸ਼ਨ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਸ਼ਰਮਾ ਨੇ ਵਨ ਡੇ ਇੰਟਰਨੈਸ਼ਨਲ ‘ਚ ਭਾਰਤ ਲਈ ਖੇਡਦੇ ਹੋਏ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਪਾਰੀ ਖੇਡੀ ਸੀ। ਲਿਸਟ-ਏ ਕ੍ਰਿਕਟ ‘ਚ ਉਸ ਤੋਂ ਪਹਿਲਾਂ ਸਰੀ ਦੇ ਬੱਲੇਬਾਜ਼ ਐਲਿਸਟਰ ਬ੍ਰਾਊਨ ਨੇ 2002 ‘ਚ 268 ਦੌੜਾਂ ਬਣਾਈਆਂ ਸਨ। ਜਗਦੀਸ਼ਨ ਨੇ ਇਨ੍ਹਾਂ ਦੋਵਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਵਿਜੇ ਹਜ਼ਾਰੇ ਟਰਾਫੀ ’ਚ ਖੂਬ ਬੋਲਿਆ ਜਗਦੀਸ਼ਨ ਦਾ ਬੱਲਾ

ਵਿਜੇ ਹਜ਼ਾਰੇ ਟਰਾਫੀ ਦੇ ਇਸ ਸੀਜ਼ਨ ‘ਚ ਜਗਦੀਸ਼ਨ ਬੱਲੇ ਨਾਲ ਕਾਫੀ ਦੌੜਾਂ ਬਣਾ ਰਹੇ ਹਨ। ਉਸ ਨੇ ਪਿਛਲੀਆਂ 5 ਪਾਰੀਆਂ ‘ਚ ਲਗਾਤਾਰ 5 ਸੈਂਕੜੇ ਲਗਾਏ ਹਨ। ਇਸ ਬੱਲੇਬਾਜ਼ ਨੇ ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਦਾ ਰਿਕਾਰਡ ਤੋੜ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here