ਦੀਵਾ ਰੁਦਨ ਕਰੇ!
ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾਂ ‘ਚ ਨਜ਼ਰੀਂ ਪੈ ਰਹੀਆਂ ਹਨ। ਕੋਈ ਸਮਾਂ ਸੀ ਜਦੋਂ ਦੀਵਾਲੀ ਦੇ ਤਿਉਹਾਰ ਨਾਲ ਮੇਰਾ ਅਟੁੱਟ ਰਿਸ਼ਤਾ ਸੀ। ਮੇਰੇ ਤੋਂ ਬਿਨਾਂ ਦੀਵਾਲੀ ਦੇ ਤਿਉਹਾਰ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜਾਂ ਕਹਿ ਲਓ ਦੀਵਾਲੀ ਮੌਕੇ ਮੇਰੀ ਟੌਹਰ ਨਵਾਬੀ ਹੁੰਦੀ ਸੀ। ਹਰ ਕਿਸੇ ਦੀ ਜ਼ੁਬਾਨ ‘ਤੇ ਮੇਰਾ ਨਾਂਅ ਹੁੰਦਾ ਸੀ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਕਾਰੀਗਰਾਂ ਵੱਲੋਂ ਪੂਰੀ ਰੀਝ ਨਾਲ ਮੇਰਾ ਵਜ਼ੂਦ ਤਿਆਰ ਕੀਤਾ ਜਾਂਦਾ ਸੀ। ਕਾਰੀਗਰ ਮੈਨੂੰ ਕਈ-ਕਈ ਸ਼ਕਲਾਂ ਤੇ ਰੂਪਾਂ ਵਿੱਚ ਤਿਆਰ ਕਰਦੇ ਸਨ। ਦੀਵਾਲੀ ਤੋਂ ਪਹਿਲਾਂ ਹੀ ਮੇਰੇ ਜਰੂਰਤਮੰਦ ਮੇਰੇ ਦੁਆਲੇ ਆ ਜੁੜਦੇ ਸਨ।
ਦੀਵਾਲੀ ਵਾਲੇ ਦਿਨ ਪਹਿਲਾਂ ਮੈਨੂੰ ਪਾਣੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਸੀ ਅਤੇ ਫਿਰ ਸ਼ਾਮ ਢਲ਼ਦੇ ਹੀ ਸੁਆਣੀਆਂ ਮੇਰਾ ਢਿੱਡ ਸਰ੍ਹੋਂ ਦੇ ਤੇਲ ਨਾਲ ਭਰ ਕੇ ਵਿੱਚ ਰੂੰ ਤੋਂ ਤਿਆਰ ਕੀਤੀ ਬੱਤੀ ਰੱਖ ਕੇ ਰੌਸ਼ਨੀ ਕਰਦੀਆਂ ਸਨ। ਸੁਆਣੀਆਂ ਖੁਦ ਮੈਨੂੰ ਘਰਾਂ ਦੇ ਬਨੇਰਿਆਂ ‘ਤੇ ਸੁਸ਼ੋਭਿਤ ਕਰਕੇ ਆਉਂਦੀਆਂ ਸਨ। ਮੈਂ ਵੀ ਉਨ੍ਹਾਂ ਦੀਆਂ ਖੁਸ਼ੀਆਂ ਦਾ ਖੈਰਖਵਾਹ ਬਣਦਿਆਂ ਉਨ੍ਹਾਂ ਦੇ ਘਰਾਂ ਦਾ ਚੌਗਿਰਦਾ ਰੁਸ਼ਨਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਸੀ। ਦੀਵਾਲੀ ਤੋਂ ਦੂਸਰੇ ਦਿਨ ਆਹ ਸ਼ਰਾਰਤੀ ਬੱਚੇ ਮੇਰੀ ਭੰਨ੍ਹ-ਤੋੜ ਕਰਕੇ ਆਨੰਦ ਲੈਂਦੇ ਸਨ। ਪਰ ਮੈਨੂੰ ਇਨ੍ਹਾਂ ਸ਼ਰਾਰਤੀਆਂ ‘ਤੇ ਕਦੇ ਵੀ ਗੁੱਸਾ ਨਹੀਂ ਸੀ ਆਉਂਦਾ।
ਪਰ ਹੁਣ ਸਮਾਂ ਉਹ ਨਹੀਂ ਰਿਹਾ। ਲੋਕ ਮੇਰੇ ਤੋਂ ਲਗਾਤਾਰ ਮੂੰਹ ਮੋੜ ਰਹੇ ਹਨ। ਮੇਰੀ ਪੁੱਛ-ਪ੍ਰਤੀਤ ਘਟੀ ਹੀ ਨਹੀਂ ਸਗੋਂ ਖਤਮ ਹੋਣ ਵਰਗੀ ਹੋ ਗਈ ਹੈ। ਰੌਸ਼ਨੀਆਂ ਦੇ ਹੋਰ ਸਾਧਨ ਆ ਜਾਣ ਨਾਲ ਲੋਕਾਂ ਨੇ ਮੈਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ ਦੀਵਾਲੀ ਮੌਕੇ ਚੀਨੀ ਬਿਜਲਈ ਲੜੀਆਂ ਦੀ ਆਮਦ ਤਾਂ ਮੇਰੇ ਲਈ ਸਰਾਪ ਹੀ ਬਣ ਕੇ ਰਹਿ ਗਈ ਹੈ। ਚੀਨੀ ਲੜੀਆਂ ਦੀ ਚਕਾਚੌਂਧ ਭਰਪੂਰ ਰੌਸ਼ਨੀ ਅੱਗੇ ਮੇਰੀ ਰੌਸ਼ਨੀ ਦੇ ਪੈਰ ਨਹੀਂ ਲੱਗ ਰਹੇ।
ਪਹਿਲਾਂ-ਪਹਿਲ ਮੋਮਬੱਤੀਆਂ ਨੇ ਮੇਰੇ ‘ਤੇ ਵਾਰ ਕੀਤਾ। ਮੈਂ ਹਾਲੇ ਮੋਮਬੱਤੀ ਦੇ ਵਾਰ ਤੋਂ ਚੰਗੀ ਤਰ੍ਹਾਂ ਉੱਭਰਿਆ ਨਹੀਂ ਸੀ ਕਿ ਚੀਨੀ ਲੜੀਆਂ ਨੇ ਮੇਰਾ ਵਰਤਮਾਨ ਅਤੇ ਭਵਿੱਖ ਦੋਵੇਂ ਹਨ੍ਹੇਰੇ ਵਿੱਚ ਪਾ ਦਿੱਤੇ ਹਨ। ਚੀਨੀ ਲੜੀਆਂ ਦੀ ਵਧਦੀ ਖਰੀਦਦਾਰੀ ਬਦੌਲਤ ਮੇਰੀ ਖਰੀਦਦਾਰੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਮੇਰਾ ਇਸਤੇਮਾਲ ਤਾਂ ਹੁਣ ਸਿਰਫ ਰਸਮਾਂ ਨਿਭਾਉਣ ਲਈ ਹੀ ਕੀਤਾ ਜਾਂਦਾ ਹੈ ਜਦਕਿ ਰੌਸ਼ਨੀਆਂ ਲਈ ਤਾਂ ਚੀਨੀ ਲੜੀਆਂ ਦਾ ਹੀ ਇਸਤੇਮਾਲ ਹੋ ਰਿਹਾ ਹੈ। ਮੇਰੇ ਤੋਂ ਖਰੀਦਦਾਰਾਂ ਦਾ ਭੰਗ ਹੋ ਰਿਹਾ ਮੋਹ ਕਈ ਘਰਾਂ ਦੇ ਦੀਵੇ ਗੁੱਲ ਕਰਨ ਦਾ ਸਬੱਬ ਬਣ ਕੇ ਰਹਿ ਗਿਆ ਹੈ। ਬਹੁਤੇ ਘਰਾਂ ਦੇ ਬਨੇਰਿਆਂ ‘ਤੇ ਅੱਜ-ਕੱਲ੍ਹ ਮੈਨੂੰ ਜਗ੍ਹਾ ਨਸੀਬ ਨਹੀਂ ਹੁੰਦੀ। ਮੇਰੇ ਕਾਰੀਗਰਾਂ ਦੇ ਚਿਹਰੇ ਹੁਣ ਦੀਵਾਲੀ ਮੌਕੇ ਵੀ ਨਹੀਂ ਖਿੜਦੇ।
ਮੈਂ ਸਾਰਾ-ਸਾਰਾ ਦਿਨ ਬਾਜ਼ਾਰਾਂ ‘ਚ ਪਿਆ ਗਾਹਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ। ਪਰ ਕਿਸੇ ਸਮੇਂ ਮੈਨੂੰ ਮਣਾਂ-ਮੂੰਹੀਂ ਮੋਹ ਦੇਣ ਵਾਲੇ ਮੇਰੇ ਆਪਣੇ ਮੇਰੇ ਕੋਲ ਮੂੰਹ ਫੇਰ ਕਿਸੇ ਬਿਜਲੀ ਦੀ ਦੁਕਾਨ ਵਿੱਚ ਅਜਿਹਾ ਵੜਦੇ ਹਨ ਕਿ ਉਨ੍ਹਾਂ ਨੂੰ ਮੇਰਾ ਚੇਤਾ ਹੀ ਭੁੱਲ ਜਾਂਦਾ ਹੈ। ਜਦੋਂ ਉਹ ਮੇਰੇ ਸਾਹਮਣੇ ਚੀਨ ਦੀਆਂ ਬਣੀਆਂ ਲੜੀਆਂ ਖਰੀਦ ਕੇ ਲਿਜਾਂਦੇ ਹਨ ਤਾਂ ਮੇਰੇ ਦਿਲ ‘ਤੇ ਕੀ ਬੀਤਦੀ ਹੈ ਉਹ ਮੈਂ ਹੀ ਜਾਣਦਾ ਹਾਂ। ਮੇਰੇ ਵਿਕ੍ਰੇਤਾ ਸਾਰਾ-ਸਾਰਾ ਦਿਨ ਗਾਹਕਾਂ ਦੀ ਉਡੀਕ ਵਿੱਚ ਲੰਘਾ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ।
ਮੈਨੂੰ ਸਮਝ ਨਹੀਂ ਆ ਰਹੀ ਕਿ ਆਖਿਰ ਮੇਰੇ ਤੋਂ ਅਜਿਹਾ ਕਿਹੜਾ ਗੁਨਾਹ ਹੋ ਗਿਆ ਹੈ ਕਿ ਮੇਰੇ ਆਪਣੇ ਹੀ ਮੇਰੇ ਤੋਂ ਮੁਨਕਰ ਹੋ ਗਏ ਹਨ? ਕਿਉਂ ਮੇਰੇ ਆਪਣਿਆਂ ਨੂੰ ਹੀ ਹੁਣ ਮੇਰੀ ਰੌਸ਼ਨੀ ਚੰਗੀ ਨਹੀਂ ਲੱਗਦੀ? ਚੀਨ ਦੀ ਲੜੀ ਵੱਲੋਂ ਕੀਤੀ ਜਾਂਦੀ ਰੌਸ਼ਨੀ ਵਿੱਚ ਅਜਿਹਾ ਕੀ ਹੈ ਕਿ ਮੇਰੀ ਰੌਸ਼ਨੀ ਦੀ ਚਿਣਗ ਮੱਧਮ ਪੈ ਗਈ ਹੈ? ਕਦੇ-ਕਦੇ ਤਾਂ ਮੈਨੂੰ ਆਪਣੇ ਨਾਂਅ ਤੋਂ ਹੀ ਘ੍ਰਿਣਾ ਆਉਣ ਲੱਗਦੀ ਹੈ ਕਿ ਕਹਿਣ ਨੂੰ ਤਾਂ ਮੈਂ ਰੌਸ਼ਨੀਆਂ ਦਾ ਗਵਾਹ ਹਾਂ ਪਰ ਭਵਿੱਖ ਮੇਰਾ ਖੁਦ ਦਾ ਹੀ ਹਨ੍ਹੇਰਾ ਹੋਇਆ ਪਿਆ ਹੈ। ਮੇਰੇ ਕਾਰੀਗਰਾਂ ਦਾ ਭਵਿੱਖ ਹਨ੍ਹੇਰਾ ਹੋਇਆ ਪਿਆ ਹੈ। ਤੁਹਾਡਾ ਇਹ ਰੁੱਖਾਪਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਜੇਕਰ ਤੁਸੀਂ ਇਸੇ ਤਰ੍ਹਾਂ ਮੇਰੇ ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਇੱਕ ਦਿਨ ਅਲੋਪ ਹੀ ਹੋ ਜਾਵਾਂਗਾ ਅਤੇ ਫਿਰ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮੇਰੇ ਬਾਰੇ ਮੇਰੀਆਂ ਤਸਵੀਰਾਂ ਵਿਖਾ-ਵਿਖਾ ਕੇ ਦੱਸਿਆ ਕਰੋਗੇ। ਪਰ ਮੈਂ ਨਹੀਂ ਮਿਲਣਾ ਤੁਹਾਨੂੰ ਦੁਬਾਰਾ।
ਹਾਲੇ ਵੀ ਕੁੱਝ ਨਹੀਂ ਵਿਗੜਿਆ। ਤੁਸੀਂ ਮੇਰੇ ਵੱਲ ਰਤਾ ਕੁ ਤਾਂ ਪਿਆਰ ਨਾਲ ਵੇਖੋ। ਮੈਂ ਤਾਂ ਹੁਣ ਵੀ ਤਿਆਰ ਹਾਂ ਤੁਹਾਡੇ ਘਰਾਂ ਦੀਆਂ ਰੌਸ਼ਨੀਆਂ ਦਾ ਚਿਰਾਗ ਬਣਨ ਲਈ। ਮੈਂ ਤਾਂ ਹੁਣ ਵੀ ਤਿਆਰ ਹਾਂ ਤੁਹਾਡੀਆਂ ਖੁਸ਼ੀਆਂ ‘ਚ ਖੁਸ਼ ਹੋਣ ਲਈ। ਜੇਕਰ ਮੇਰੇ ਬਾਰੇ ਨਹੀਂ ਸੋਚਣਾ ਤਾਂ ਭਲਿਓ ਮਾਣਸੋ ਘੱਟੋ-ਘੱਟ ਮੈਨੂੰ ਜੀਵਨਦਾਨ ਦੇਣ ਵਾਲਿਆਂ ਬਾਰੇ ਹੀ ਸੋਚ ਲਵੋ। ਮੇਰੀ ਅਤੇ ਤੁਹਾਡੀ ਨੇੜਤਾ ਵਿੱਚੋਂ ਉਸ ਵਿਚਾਰੇ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ। ਜਦੋਂ ਤੁਹਾਡੇ ਵਿੱਚੋਂ ਕੋਈ ਮੇਰਾ ਗਾਹਕ ਬਣ ਕੇ ਆਉਂਦਾ ਹੈ ਤਾਂ ਮੇਰੇ ਕਾਰੀਗਰ ਦਾ ਅੰਗ-ਅੰਗ ਨੰਚ ਉੱਠਦਾ ਹੈ। ਉਏ ਭਲਿਓ ਮਾਣਸੋ ਉਨ੍ਹਾਂ ਵਿਚਾਰਿਆਂ ਨੇ ਵੀ ਪਰਿਵਾਰ ਪਾਲਣੇ ਹਨ। ਜੇਕਰ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਨਰਾਜ਼ ਰਹੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕਸ਼ਟ ਪਹੁੰਚੇਗਾ।
ਮੈਂ ਆਪਣਾ ਰੁਦਨ ਬਿਆਨ ਕਰ ਦਿੱਤਾ ਹੈ। ਹੁਣ ਸੋਚਣਾ ਤੁਸੀਂ ਹੈ ਕਿ ਆਖਿਰ ਕੀ ਫੈਸਲਾ ਲੈਣਾ ਹੈ? ਮੇਰੇ ਨਾਲ ਨਾਰਾਜ਼ ਰਹਿੰਦਿਆਂ ਉਸ ਵਿਦੇਸ਼ਣ ਮਗਰ ਲੱਗੇ ਰਹਿਣਾ ਹੈ ਜਾਂ ਫਿਰ ਪਰਤਣਾ ਹੈ ਮੇਰੇ ਵੱਲ। ਮੈਂ ਚਾਹਾਂਗਾ ਕਿ ਆਪਣੇ ਵਿਚਕਾਰ ਪਈਆਂ ਦੂਰੀਆਂ ਇਸ ਵਾਰ ਦੀ ਦੀਵਾਲੀ ਮੌਕੇ ਜਰੂਰ ਮਿਟ ਜਾਣ। ਮੈਂ ਇਸ ਵਾਰ ਤੁਹਾਨੂੰ ਜਰੂਰ ਉਡੀਕਾਂਗਾ! ਮੈਂ ਚਾਹਾਂਗਾ ਕਿ ਇਸ ਵਰ੍ਹੇ ਤੁਹਾਡੇ ਬਨੇਰਿਆਂ ਨੂੰ ਰੁਸ਼ਨਾਉਣ ਦਾ ਅਵਸਰ ਮੈਨੂੰ ਨਸੀਬ ਹੋਵੇ। ਬਾਕੀ ਤੁਹਾਡੀ ਮਰਜ਼ੀ ਦੋਸਤੋ! ਮੇਰਾ ਜੋਰ ਤਾਂ ਕੋਈ ਨਹੀਂ। ਪਰ ਇੱਕ ਵਾਅਦਾ ਮੈਂ ਉਮਰ ਭਰ ਨਿਭਾਵਾਂਗਾ ਕਿ ਜਿਸ ਘਰ ਵੀ ਜਾਵਾਂਗਾ ਕਰਾਂਗਾ ਰੌਸ਼ਨੀਆਂ ਹੀ।
ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.