ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਸਾਹਿਤ ਕਹਾਣੀਆਂ ਮੈਂ ਤਾਂ ਬਾਹਰ ...

    ਮੈਂ ਤਾਂ ਬਾਹਰ ਈ ਜਾਣੈ..!

    ਮੈਂ ਤਾਂ ਬਾਹਰ ਈ ਜਾਣੈ..!

    ਪਿੰਡ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਵਾ ਰਹੇ ਜਗਤਾਰ ਸਿੰਘ ਨੂੰ ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ, ‘‘ਕੀ ਹਾਲ ਐ ਤਾਰੀ? ਫਸਲ ਬਾੜੀ ਵਧੀਐ? ਉਹ ਸੱਚ! ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?’’ ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ। ਜਗਤਾਰ ਨੇ ਉੱਤਰ ਦਿੰਦਿਆਂ ਕਿਹਾ, ‘‘ਵਧੀਐ ਬਾਈ! ਮੁੰਡੇ ਨੇ ਬਾਰ੍ਹਵੀਂ ਕਰ ਲਈ ਸੀ। ਹੁਣ ਇੱਕ ਗੱਲ ’ਤੇ ਹੀ ਅੜਿਐ, ਕਹਿੰਦਾ, ਮੈਂ ਤਾਂ ਬਾਹਰ ਹੀ ਜਾਣੈ। ਮੈਂ ਕਿਹਾ ਚੱਲ ਕੋਈ ਨਾ, ਕਰਾਂਗੇ ਕੋਈ ਖੱਬਾ-ਸੱਜਾ। ਹੁਣ ਉਹ ਬਾਹਰ ਜਾਣ ਦਾ ਕੋਰਸ ਕਰਨ ਲੱਗ ਪਿਐ ਸ਼ਹਿਰ।’’ ਗੁਰਜੰਟ ਨੇ ਹੁੰਗਾਰਾ ਭਰਦਿਆਂ ਕਿਹਾ, ‘‘ਚੱਲ ਕੋਈ ਨਾ ਜੇ ਕਰਦੈ ਤਾਂ ਕਰਵਾ ਦੇ। ਨਾਲੇ ਚਾਰ-ਪੰਜ ਕਿੱਲਿਆਂ ਦੀ ਖੇਤੀ ਦੀ ਕਿੰਨੀ ਕੁ ਆਮਦਨ ਐ। ਬਾਕੀ ਇੱਥੇ ਕਿਹੜਾ ਨੌਕਰੀਆਂ ਮਿਲਦੀਆਂ।’’

    ਬਰਾਂਡੇ ’ਚ ਮੋਟਰਸਾਈਕਲ ਖੜ੍ਹਾਉਂਦਿਆਂ ਜਗਤਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਪੁੱਛਿਆ, ‘‘ਆ ਗਏ ਤੁਸੀਂ? ਲੈ ਆਏ ਆੜ੍ਹਤੀਏ ਤੋਂ ਵੀਹ ਹਜਾਰ ਫੜਕੇ? ਗਗਨ ਕਹਿੰਦਾ ਸੀ, ਕੱਲ੍ਹ ਨੂੰ ਪੇਪਰ ਭਰਨ ਦੀ ਲਾਸਟ ਤਰੀਕ ਐ!’’ ਜਗਤਾਰ ਨੇ ਪੈਸਿਆਂ ਵਾਲਾ ਝੋਲਾ ਬਲਜੀਤ ਕੌਰ ਨੂੰ ਫੜਾਉਂਦਿਆਂ ਕਿਹਾ, ‘‘ਪਹਿਲਾਂ ਪਾਣੀ-ਪੁਣੀ ਤਾਂ ਪੁੱਛ ਲਿਆ ਕਰ! ਲੈ ਸਾਂਭ ਦੇ ਇਨ੍ਹਾਂ ਨੂੰ।’’ ਬਲਜੀਤ ਕੌਰ ਨੇ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ, ‘‘ਐਵੇਂ ਨਾ ਔਖੇ-ਭਾਰੇ ਜੇ ਹੋਇਆ ਕਰੋ! ਤੁਸੀਂ ਪਹਿਲਾਂ ਤਾਂ ਕਦੇ ਨਹੀਂ ਸੁਣੀ ਮੇਰੀ, ਹੁਣ ਮਸਾਂ ਅੱਡ-ਵਿੱਢ ਹੋਏ ਆਂ। ਮੇਰੀ ਮੰਨੋ ਜਿਵੇਂ-ਕਿਵੇਂ ਕਰਕੇ ਗਗਨ ਨੂੰ ਤੋਰਦੋ ਬਾਹਰ, ਜੂਨ ਸੁਧਰਜੂ ਆਪਣੀ। ਮੇਰੀ ਭੂਆ ਦੇ ਪੋਤੇ ਨੂੰ ਦੇਖਲੋ, ਹਾਲੇ ਮਸਾਂ ਦੋ-ਢਾਈ ਸਾਲ ਹੋਏ ਆ ਪੱਕਾ ਹੋ ਗਿਆ, ਨੋਟਾਂ ’ਚ ਖੇਡਦੇ ਆ ਅਗਲੇ।’’

    ਇੱਕ ਮਹੀਨੇ ਬਾਅਦ ਆਈਲੈਟਸ ਦਾ ਰਿਜ਼ਲਟ ਆ ਗਿਆ ਪਰ ਗਗਨ ਦਾ ਬੈਂਡ ਸਕੋਰ ਪੰਜ ਹੀ ਰਹਿ ਗਿਆ। ਬਲਜੀਤ ਕੌਰ ਦੇ ਵਾਰ-ਵਾਰ ਸਮਝਾਉਣ ’ਤੇ ਜਗਤਾਰ ਸਿੰਘ ਨੇ ਇੱਕ ਵਾਰ ਫੇਰ ਔਖੇ-ਸੌਖੇ ਟੈਸਟ ਦੇ ਪੈਸੇ ਭਰ ਦਿੱਤੇ। ਪਰ ਇਸ ਵਾਰ ਵੀ ਗਗਨ ਪੂਰੇ ਬੈਂਡ ਹਾਸਲ ਨਾ ਕਰ ਸਕਿਆ।

    ਨਿਰਾਸ ਹੋਏ ਗਗਨ ਨੂੰ ਸਮਝਾਉਂਦਿਆਂ ਉਸਦੀ ਮਾਂ ਨੇ ਕਿਹਾ, ‘‘ਚੱਲ ਕੋਈ ਨਾ ਪੁੱਤ ਇੱਕ ਵਾਰੀ ਹੋਰ ਪੇਪਰ ਦੇ ਲਈਂ! ਮੈਂ ਆਪੇ ਮਨਾ ਲਊਂ ਤੇਰੇ ਪਿਓ ਨੂੰ।’’ ਗਗਨ ਨੇ ਵਿਚੋਂ ਟੋਕਦਿਆਂ ਕਿਹਾ, ‘‘ਨਹੀਂ ਮਾਂ! ਹੁਣ ਨਹੀਂ ਨਿੱਕਲਦਾ ਮੇਰੇ ਤੋਂ ਟੈਸਟ- ਟੁਸਟ! ਪਰ ਮੈਂ ਜਾਣਾ ਬਾਹਰ ਹੀ ਐ। ਇੱਕ ਏਜੰਟ ਕਹਿੰਦਾ ਸੀ ਕਿ 6 ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਉਹਦੀਆਂ ਫੀਸਾਂ ਭਰ ਕੇ ਭੇਜ ਦਿਆਂਗੇ। ਫੇਰ ਉਹ ਉੁਥੇ ਜਾ ਕੇ ਮੈਨੂੰ ਸੱਦ ਲਊ।’’ ਬਲਜੀਤ ਕੌਰ ਨੇ ਹੈਰਾਨ ਹੋ ਕੇ ਪੁੱਛਿਆ, ‘‘ਐਵੇਂ ਕਿਵੇਂ? ਪਰ ਕਿਸੇ ’ਤੇ ਪੈਸੇ ਲਾਉਣ ਲਈ ਤੇਰੇ ਪਿਓ ਨੂੰ ਕੌਣ ਮਨਾਊ! ਮੈਂ ਤਾਂ ਪਹਿਲਾਂ ਮਸਾਂ ਰਾਜ਼ੀ ਕੀਤਾ ਸੀ।’’

    ਜਗਤਾਰ ਸਿੰਘ ਨੇ ਗੱਲ ਸੁਣਦਿਆਂ ਹੀ ਸਾਫ ਮਨ੍ਹਾ ਕਰ ਦਿੱਤਾ। ਗਗਨ ਨੇ ਗੁੱਸੇ ਹੋ ਕੇ ਕਿਹਾ, ‘‘ਬਾਹਰ ਜਾਣਾ ਹੁਣ ਮੇਰੀ ਇੱਜਤ ਦਾ ਸਵਾਲ ਐ! ਜੇਕਰ ਤੁਸੀਂ ਨਹੀਂ ਮੰਨਣਾ ਤਾਂ ਮੈਂ ਕੁਝ ਖਾ ਕੇ ਮਰ ਜਾਊਂ।’’ ਬਲਜੀਤ ਕੌਰ ਨੇ ਰੋਂਦੇ ਹੋਏ ਜਗਤਾਰ ਸਿੰਘ ਨੂੰ ਕਿਹਾ, ‘‘ਤੁਸੀਂ ਵੀ ਐਵੇਂ ਅੜੀ ਕਰ ਬੈਠਦੇ ਓ! ਜੇ ਜਵਾਕ ਨੇ ਕੁਝ ਕਰ ਲਿਆ ਫੇਰ ਅੱਖਾਂ ’ਚ ਘਸੁੰਨ ਦੇ ਕੇ ਰੋਵਾਂਗੇ। ਕੁਝ ਨਹੀਂ ਹੁੰਦਾ ਜਮੀਨ ਵੇਚ ਦਿਆਂਗੇ ਥੋੜ੍ਹੀ-ਘਣੀ, ਉਹ ਵੀ ਤਾਂ ਉਸੇ ਦੀ ਐ!’’ ਜਗਤਾਰ ਸਿੰਘ ਦੁਚਿੱਤੀ ਵਿੱਚ ਫਸਿਆ ਕਦੇ ਪੁਰਖਾਂ ਦੀ ਸਾਂਭੀ ਜਮੀਨ ਬਾਰੇ ਸੋਚਦਾ ਅਤੇ ਕਦੇ ਮੁੰਡੇ ਬਾਰੇ। ਗੁਰਜੰਟ ਸਿੰਘ ਦੇ ਕਹੇ ਬੋਲਾਂ ਨੇ ਵੀ ਉਸਨੂੰ ਅੰਦਰੋਂ ਹਾਂ ਕਰਨ ਲਈ ਮਜਬੂਰ ਕਰ ਹੀ ਦਿੱਤਾ।
    ਚਾਨਣ ਦੀਪ ਸਿੰਘ ਔਲਖ, ਗੁਰਨੇ ਖੁਰਦ (ਮਾਨਸਾ)
    ਮੋ. 98768-88177

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।