ਵਿਧਾਇਕ ਪਹਿਲੀ ਜਨਵਰੀ ਤੱਕ ਦੇਣਗੇ ਜਾਇਦਾਦ ਦੇ ਵੇਰਵੇ
ਖ਼ੁਦ ਅਤੇ ਪਰਿਵਾਰ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਬਾਰੇ ਜਾਣਕਾਰੀ ਦੇਣੀ ਪਵੇਗੀ ਵਿਧਾਇਕਾਂ ਨੂੰ
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੇ ਸਾਰੇ ਵਿਧਾਇਕਾਂ ਨੂੰ ਹੁਣ 1 ਜਨਵਰੀ 2019 ਤੋਂ ਪਹਿਲਾਂ-ਪਹਿਲਾਂ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਚੱਲ-ਅੱਚਲ ਜਾਇਦਾਦ ਦਾ ਵੇਰਵਾ ਹਰ ਹਾਲਤ ਵਿੱਚ ਦੇਣਾ ਪਵੇਗਾ। ਇਸ ਸਬੰਧੀ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸਾਰੇ 117 ਵਿਧਾਇਕਾਂ, ਜਿਨ੍ਹਾਂ ਵਿੱਚ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ, ਨੂੰ ਪੱਤਰ ਭੇਜਦੇ ਹੋਏ ਸੂਚਿਤ ਕਰ ਦਿੱਤਾ ਗਿਆ ਹੈ।ਹਰ ਵਿਧਾਇਕ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਵਿਧਾਨ ਸਭਾ ਦੀ ਵੈਬਸਾਈਟ ‘ਤੇ ਪਾ ਦਿੱਤਾ ਜਾਵੇਗਾ, ਜਿੱਥੋਂ ਕੋਈ ਵੀ ਆਪਣੇ ਵਿਧਾਇਕ ਦੀ ਚੱਲ-ਅਚੱਲ ਜਾਇਦਾਦ ਵੇਰਵਾ ਹਾਸਲ ਕਰ ਸਕੇਗਾ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਆਪਣੇ ਹਰ ਵਿਧਾਇਕ ਅਤੇ ਮੰਤਰੀ ਸਣੇ ਮੁੱਖ ਮੰਤਰੀ ਦੀ ਚੱਲ-ਅੱਚਲ ਸੰਪਤੀ ਦਾ ਵੇਰਵਾ ਹਰ ਸਾਲ ਜਨਤਾ ਦੇ ਅੱਗੇ ਰੱਖਣਗੇ ਤਾਂ ਕਿ ਜਨਤਾ ਨੂੰ ਵੀ ਜਾਣਕਾਰੀ ਮਿਲ ਸਕੇ ਇਸ ਦਾ ਮਕਸਦ ਰਾਜਨੀਤੀ ‘ਚੋਂ ਭ੍ਰਿਸ਼ਟ ਤਰੀਕੇ ਨਾਲ ਪੈਸਾ ਕਮਾਉਣ ‘ਤੇ ਰੋਕ ਲਾਉਣਾ ਹੈ
ਕਾਂਗਰਸ ਵੱਲੋਂ ਇਹ ਵਾਅਦਾ ਕਰਨ ਤੋਂ ਬਾਅਦ ਪਿਛਲੇ ਸਾਲ ਇਸ ਸਬੰਧੀ ਐਕਟ ਵਿੱਚ ਸੋਧ ਕਰਦੇ ਹੋਏ ਹਰ ਵਿਧਾਇਕ ਲਈ ਚੱਲ-ਅਚੱਲ ਜਾਇਦਾਦ ਦੀ ਰਿਟਰਨ ਭਰਨਾ ਜ਼ਰੂਰੀ ਕਰ ਦਿੱਤਾ ਗਿਆ ਸੀ, ਜਿਸ ਲਈ 1 ਜਨਵਰੀ ਹੀ ਤਰੀਕ ਮਿਥੀ ਗਈ ਸੀ ਪਰ ਕੁਝ ਵਿਧਾਇਕਾਂ ਵੱਲੋਂ ਸਿਰਫ਼ ਇਕ ਦਿਨ ਦਾ ਸਮਾਂ ਘੱਟ ਦੱਸਦੇ ਹੋਏ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਤਾਂ ਕਿ ਜੇਕਰ ਉਹ 1 ਜਨਵਰੀ ਨੂੰ ਆਪਣੀ ਸੰਪਤੀ ਦਾ ਵੇਰਵਾ ਨਾ ਦੇ ਸਕੇ ਤਾਂ ਅੱਗੇ ਪਿੱਛੇ ਦੇ ਸਕਣ। ਜਿਸ ਤੋਂ ਬਾਅਦ ਸੰਪਤੀ ਦੇ ਵੇਰਵਾ ਦੇਣ ਦਾ ਮੁੱਦਾ ਇਸ ਵਿਵਾਦ ਵਿੱਚ ਹੀ ਉਲਝ ਕੇ ਰਹਿ ਗਿਆ ਅਤੇ ਕਿਸੇ ਨੇ ਵੀ ਸਾਲ 2018 ਵਿੱਚ ਆਪਣੀ ਸੰਪਤੀ ਦੀ ਰਿਟਰਨ ਨਹੀਂ ਦਿੱਤੀ।
ਜਿਸ ਕਾਰਨ ਸਾਲ 2019 ਦੀ 1 ਜਨਵਰੀ ਨੂੰ ਸੰਪਤੀ ਰਿਟਰਨ ਲੈਣ ਲਈ ਵਿਧਾਨ ਸਭਾ ਸਕੱਤਰੇਤ ਵਲੋਂ ਹੁਣ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਵਿਧਾਇਕਾਂ ਨੂੰ ਪੱਤਰ ਭੇਜਦੇ ਹੋਏ ਇੱਕ 3 ਪੇਜ ਦਾ ਫਾਰਮ ਵੀ ਦਿੱਤਾ ਗਿਆ ਹੈ। ਜਿਸ ਵਿੱਚ ਉਨਾਂ ਨੇ ਸਾਰਾ ਵੇਰਵਾ ਭਰ ਕੇ ਦੇਣਾ ਹੈ।
ਇਹ ਸੰਪਤੀ ਦੀ ਰਿਟਰਨ ਵਿਧਾਇਕਾਂ ਤੋਂ ਇਲਾਵਾ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਦੇਣੀ ਪਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Legislators. give, property, details, till, Jan 1