ਯੂਥ ਦੀ ਅਗਵਾਈ ’ਚ ਅਕਾਲੀਆਂ ਨੇ ਕਾਂਗਰਸ ਦੇ ਹਰੀਸ਼ ਰਾਵਤ ਦਾ ਫੂਕਿਆ ਪੁਤਲਾ
(ਜਸਵੀਰ ਸਿੰਘ ਗਹਿਲ) ,ਬਰਨਾਲਾ। ਇੱਥੇ ਕੁਲਵੰਤ ਸਿੰਘ ਕੰਤਾ ਦੀ ਰਿਹਾਇਸ਼ ਅੱਗੇ ਯੂਥ ਦੀ ਅਗਵਾਈ ਹੇਠ ਅਕਾਲੀਆਂ ਨੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ ਰਾਵਤ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਹਾਜਰੀਨਾਂ ਨੂੰ ਸੰਬੋਧਨ ਕਰਦਿਆਂ ਤਰਨਜੀਤ ਸਿੰਘ ਦੁੱਗਲ, ਪ੍ਰਗਟ ਸਿੰਘ ਲਾਡੀ ਝਲੂਰ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ, ਬਸਪਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰੀਸ ਰਾਵਤ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਚਾਰੇ ਕਾਰਜ਼ਕਾਰਨੀ ਪ੍ਰਧਾਨਾ ਨੂੰ ਸਤਿਕਾਰਤ ਪੰਜ ਪਿਆਰਿਆਂ ਨਾਲ ਤੁਲਨਾ ਕਰਕੇ ਬੱਜ਼ਰ ਗੁਨਾਹ ਕੀਤਾ ਹੈ, ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ।
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਇਤਿਹਾਸ ਰਿਹਾ ਹੈ ਕਿ ਇਸ ਨੇ ਸਮੇਂ ਸਮੇਂ ’ਤੇ ਸਿੱਖ ਪੰਥ ਵਿਰੁੱਧ ਗਲਤ ਟਿੱਪਣੀਆਂ ਤੇ ਕਾਰਵਾਈਆਂ ਕਰਕੇ ਅਨੇਕਾਂ ਮਨਾਂ ਨੂੰ ਠੇਸ ਪਹੁੰਚਾਈ ਹੈ। ਪਰ ਹੁਣ ਅਜਿਹੀਆਂ ਕਾਰਵਾਈਆਂ ਸਹਿਣ ਨਹੀ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਹਲਕੇ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਕੰਤਾਂ ਅੱਜ ਕਿਸੇ ਕਾਰਨ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਨਹੀ ਹੋ ਸਕੇ। ਜਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ ਰਾਵਤ ਨੇ ਲੰਘੇ ਕੱਲ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਸਿਆਸੀ ਸਲਾਹਕਾਰਾਂ ਨੂੰ ਪੰਜ ਪਿਆਰੇ ਆਖ ਕੇ ਸੰਬੋਧਨ ਕੀਤਾ ਸੀ। ਇਸ ਮੌਕੇ ਉਕਤ ਤੋਂ ਇਲਾਵਾ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਵਪਾਰ ਵਿੰਗ ਦੇ ਆਗੂ ਜਤਿੰਦਰ ਜਿੰਮੀ, ਸਰਕਲ ਪ੍ਰਧਾਨ ਨਿਹਾਲ ਸਿੰਘ ਉੱਪਲੀ, ਰਜਿੰਦਰ ਦਰਾਕਾ, ਐਡਵੋਕੇਟ ਕੁਲਵੰਤ ਰਾਏ, ਹਵਾ ਸਿੰਘ ਹਨੇਰੀ, ਤੇਜਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ