ਮਨਪ੍ਰੀਤ ਸਿੰਘ ਮੰਨਾ
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਚੱਲ ਰਹੀ ਹੈ। ਜਿੱਥੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਬੈਠ ਕੇ ਲੋਕ-ਭਲਾਈ ਦੀਆਂ ਸਕੀਮਾਂ ਤੇ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾਂਦੇ ਹਨ ਪਰ ਇਸ ਮੌਕੇ ‘ਤੇ ਜਿਸ ਤਰ੍ਹਾਂ ਕਾਰਵਾਈ ਦੌਰਾਨ ਬਿਆਨਬਾਜੀ ਤੇ ਇੱਕ-ਦੂਜੇ ‘ਤੇ ਚਿੱਕੜ ਸੁੱਟਿਆ ਜਾ ਰਿਹਾ ਹੈ, ਉਹ ਦੇਸ਼ ਦੇ ਵਿਕਾਸ ਵਿਚ ਅੜਚਨ ਪੈਦਾ ਕਰ ਰਿਹਾ ਹੈ ਜੋ ਕਿ ਦੇਸ਼ ਦੇ ਹਿੱਤ ਵਿਚ ਨਹੀਂ ਹੈ।
ਬਿਆਨਾਂ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਵੱਲ ਦਿੱਤਾ ਜਾਵੇ ਧਿਆਨ:
ਇਸ ਸਮੇਂ ਦੇਸ਼ ਦੇ ਹਾਲਾਤਾਂ ਅਤੇ ਕੀ ਘਟਨਾਵਾਂ ਘੱਟ ਰਹੀਆਂ ਹਨ, ਉਸ ਬਾਰੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਕਿਸੇ ਹਿੱਸੇ ਵਿਚ ਇਸ ਸਮੇਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕਿਸੇ ਪਾਸੇ ਮੀਂਹ ਪੈਣ ਕਾਰਨ ਦਰਿਆਵਾਂ ਦੇ ਪਾੜ ਨਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ। ਕਿਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਹੈ, ਕਿਤੇ ਕੁਝ ਤੇ ਕਿਤੇ ਕੁਝ।
ਇਸ ਮੌਕੇ ਦੇਸ਼ ਨੂੰ ਵਿਕਾਸ ਦੀ ਲੀਹ ‘ਤੇ ਤੋਰਨ ਲਈ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਰਾਜਾਂ ਵਿਚ ਕਿਸ ਦੀ ਸਰਕਾਰ ਹੈ ਇਸ ਤੋਂ ਉੱਪਰ ਉੱਠ ਕੇ ਸਮੱਸਿਆਵਾਂ ਨੂੰ ਹੱਲ ਕਰਨਾ ਸਮੇਂ ਦੀ ਮੰਗ ਹੈ, ਜਿਸ ਵੱਲ ਧਿਆਨ ਦੇਣਾ ਬਹੁਤ ਹੀ ਜਰੂਰੀ ਹੈ ਕਿਉਂਕਿ ਜਿਸ ਸੰਸਦ ਵਿਚ ਬੈਠੇ ਹੋ ਉਹ ਲੋਕਾਂ ਦੀ ਬਦੌਲਤ ਹੀ ਬੈਠੇ ਹੋ ਜੇਕਰ ਲੋਕ ਮਰਦੇ ਰਹਿਣਗੇ, ਸਮੱਸਿਆਵਾਂ ਹੋਰ ਭਿਆਨਕ ਰੂਪ ਧਾਰਨ ਕਰਦੀਆਂ ਰਹਿਣਗੀਆਂ ਤਾਂ ਤੁਸੀਂ ਸੰਸਦ ਵਿਚ ਬੈਠ ਕੇ ਕੀ ਕਰੋਗੇ? ਜੇਕਰ ਸੱਤਾ ਮਿਲੀ ਹੈ ਤਾਂ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਈਏ ਨਾ ਕਿ ਹਾਲਾਤਾਂ ਨੂੰ ਖਰਾਬ ਕਰਨ ਵਿਚ।
ਸਰਕਾਰ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਹੀਂ ਭੁੱਲਣੀ ਚਾਹੀਦੀ ਮਰਿਆਦਾ:
ਲੋਕ ਸਭਾ ਅਤੇ ਰਾਜ ਸਭਾ ਦੀਆਂ ਕੁਝ ਮਰਿਆਦਾਵਾਂ ਹਨ, ਜਿਸਦਾ ਪਾਲਣ ਹਰ ਪਾਰਟੀ ਦੇ ਆਗੂ, ਚਾਹੇ ਉਹ ਸੱਤਾ ਧਿਰ ਦਾ ਹੋਵੇ ਜਾਂ ਵਿਰੋਧੀ ਧਿਰ ਦਾ, ਨੂੰ ਕਰਨਾ ਪੈਂਦਾ ਹੈ। ਜੋ ਉਨ੍ਹਾਂ ਦਾ ਪਾਲਣ ਨਹੀਂ ਕਰਦਾ ਉਸਨੂੰ ਉਸਦਾ ਖਮਿਆਜਾ ਭੁਗਤਣਾ ਪੈਂਦਾ ਹੈ।
ਪਿਛਲੇ ਦਿਨਾਂ ਵਿਚ ਵਿਰੋਧੀ ਧਿਰ ਤੇ ਸਰਕਾਰ ਦੇ ਆਗੂਆਂ ਵੱਲੋਂ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ। ਜੇਕਰ ਲੋਕਸਭਾ ਤੇ ਰਾਜ ਸਭਾ ਦੇ ਵਿਚ ਹੀ ਇਹ ਕੁਝ ਹੋਵੇਗਾ ਤਾਂ ਲੋਕ ਕਿਸ ਤਰ੍ਹਾਂ ਆਗੂਆਂ ਦਾ ਸਨਮਾਨ ਕਰਨਗੇ! ਵੋਟਾਂ ਪੈ ਗਈਆਂ, ਸਰਕਾਰ ਬਣ ਗਈ ਹੁਣ ਤਾਂ ਸਿਰਫ ਕੰਮ ਕਰਨ ਦਾ ਵੇਲਾ ਹੈ, ਜੇਕਰ ਕੰਮ ਨਹੀਂ ਹੋਵੇਗਾ ਤਾਂ ਬਣਦਾ ਸਨਮਾਨ ਮਿਲਣ ਦੀ ਸੰਭਵਾਨਾ ਘਟ ਜਾਂਦੀ ਹੈ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਦੇਸ਼ ਦੇ ਭਲੇ ਲਈ ਸੋਚ-ਵਿਚਾਰ ਕੀਤਾ ਜਾਵੇ ਅਤੇ ਸਕੀਮਾਂ ਨੂੰ ਲਾਗੂ ਕਰਵਾਇਆ ਜਾਵੇ।
ਗਲੀਆਂ, ਨਾਲੀਆਂ, ਸੜਕਾਂ, ਪੀਣ ਵਾਲੇ ਪਾਣੀ ਤੇ ਹੋਰ ਸਮੱਸਿਆਵਾਂ ਹਾਲੇ ਤੱਕ ਕਾਇਮ:
ਵਿਕਾਸਸ਼ੀਲ ਦੇਸ਼ ਸ਼ਬਦ ਅਸੀਂ ਅਕਸਰ ਹੀ ਸੁਣਦੇ ਹਾਂ, ਵਿਕਾਸਸ਼ੀਲ ਦੇਸ਼ ਉਸਨੂੰ ਕਿਹਾ ਜਾਂਦਾ ਹੈ ਜਿਸ ਦੇਸ਼ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਗਲੀਆਂ, ਨਾਲੀਆਂ, ਸੜਕਾਂ, ਪੀਣ ਵਾਲਾ ਪਾਣੀ, ਲੋਕਾਂ ਨੂੰ ਰੁਜ਼ਗਾਰ ਆਦਿ ਸਮੇਤ ਹੋਰ ਜਿੰਨੀਆਂ ਵੀ ਸਮੱਸਿਆਵਾਂ ਹਨ ਉਨ੍ਹਾਂ ਦਾ ਹੱਲ ਹੋ ਚੁੱਕਾ ਹੋਵੇ ਤੇ ਉਹ ਵਿਕਾਸ ਦੇ ਰਾਹ ‘ਤੇ ਚੱਲ ਰਿਹਾ ਹੋਵੇ ਪਰ ਸਾਡੇ ਭਾਰਤ ਦੇਸ਼ ਵਿਚ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੀ ਪੂਰੀ ਤਰ੍ਹਾਂ ਨਹੀਂ ਹੋ ਸਕਿਆ। ਇਹ ਸਮੱਸਿਆਵਾਂ ਇਸ ਸਮੇਂ ਬਹੁਤ ਗੰਭੀਰ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਸਮੇਂ ਦੀ ਮੰਗ ਹੈ। ਲੋਕ ਸਭਾ ਤੇ ਰਾਜ ਸਭਾ ਵਿਚ ਜੇਕਰ ਸਹੀ ਤਰੀਕੇ ਨਾਲ ਮੁੱਦਿਆਂ ਨੂੰ ਚੁੱਕਿਆ ਜਾਵੇ, ਉਨ੍ਹਾਂ ਨੂੰ ਹੱਲ ਕਰਵਾਉਣ ਲਈ ਉਚਿਤ ਕਦਮ ਚੁੱਕੇ ਜਾਣ ਤਾਂ ਸਾਡੇ ਦੇਸ਼ ਦਾ ਨਾਂਅ ਵੀ ਸੱਚੇ ਅਰਥਾਂ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ ਲੇਕਿਨ ਸਭ ਤੋਂ ਪਹਿਲਾਂ ਇਨ੍ਹਾਂ ਮੁੱਢਲੀਆਂ ਸਮੱਸਿਆਵਾਂ ਨੂੰ ਆਪਸੀ ਰੰਜਿਸ਼ਾਂ ਨੂੰ ਛੱਡ ਕੇ ਲੋਕਾਂ ਦੀਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ ਹੋਵੇਗਾ।
ਗੜਦੀਵਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।