ਡੇਰਾ ਸ਼ਰਧਾਲੂ ਪਰਦੀਪ ਸਿੰਘ ਦੀ ਮੌਤ ਤੇ ਪ੍ਰਗਟਾਇਆ ਦੁੱਖ, ਪੁਲੀਸ ਦੀ ਮੌਜੂਦਗੀ ਵਿੱਚ ਹੋ ਰਹੇ ਕਤਲਾਂ ਤੇ ਪ੍ਰਗਟਾਈ ਚਿੰਤਾ
(ਖੁਸਵੀਰ ਸਿੰਘ ਤੂਰ) ਪਟਿਆਲਾ । ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋਈ ਪਈ ਹੈ ਅਤੇ ਜੰਗਲ ਰਾਜ ਚੱਲ ਰਿਹਾ ਹੈ। ਦਿਨ ਦਿਹਾੜੇ ਲੋਕਾਂ ਨੂੰ ਪੁਲੀਸ ਦੀ ਮੌਜੂਦਗੀ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਕੋਈ ਡਰ ਭੈਅ ਨਹੀਂ ਰਿਹਾ । ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਪਹਿਲਾਂ ਅੰਮਿ੍ਰਤਸਰ ਵਿਚ ਹਿੰਦੂ ਆਗੂ ਸੁਧੀਰ ਸੂਰੀ ਅਤੇ ਹੁਣ ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪਰਦੀਪ ਸਿੰਘ ਦਾ ਕਤਲ ਇਹ ਬਿਆਨ ਕਰ ਰਿਹਾ ਹੈ ਕਿ ਸੂਬੇ ਅੰਦਰ ਅਤਿਵਾਦ ਭਾਰੂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਰਮ ਦਾ ਨਹੀਂ ਸਗੋਂ ਔਰੰਗਜ਼ੇਬ ਵਾਲਾ ਰਸਤਾ ਹੈ। ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਅਜਿਹੇ ਲੋਕ ਸ੍ਰੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਕੋਹਾਂ ਦੂਰ ਹਨ ਅਤੇ ਸਮਾਜ ਵਿੱਚ ਅਸ਼ਾਂਤੀ ਫੈਲਾ ਰਹੇ ਹਨ । ਸ੍ਰੀ ਗੁਪਤਾ ਨੇ ਕਿਹਾ ਕਿ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਸਭ ਤੋਂ ਅੱਗੇ ਹਨ ਪਰ ਸਮਾਜ ’ਚ ਨਫ਼ਰਤ ਫਲਾਉਣ ਵਾਲੇ ਲੋਕਾਂ ਨੂੰ ਮਾਨਵਤਾ ਲੋਕ ਭਲਾਈ ਦੇ ਕਾਰਜ ਚੰਗੇ ਨਹੀਂ ਲੱਗਦੇ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਹਿੰਦੂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ ਅਤੇ ਹਿੰਸਾ ਖਿਲਾਫ਼ ਸੜਕਾਂ ’ਤੇ ਉੱਤਰ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ