ਹਾਸਾ ਕੁਦਰਤ ਦਾ ਅਨਮੋਲ ਤੋਹਫਾ

articu

ਹਾਸਾ ਕੁਦਰਤ ਦਾ ਅਨਮੋਲ ਤੋਹਫਾ (Laughter Precious Gift )

ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਜ਼ਿੰਦਗੀ ਹਮੇਸ਼ਾ ਹਰ ਪਲ ਹੱਸ ਕੇ, ਖੁਸ਼ ਰਹਿ ਕੇ ਗੁਜ਼ਾਰਨੀ ਚਾਹੀਦੀ ਹੈ। ਜ਼ਿੰਦਗੀ ਸਾਨੂੰ ਜਿਉਣ ਲਈ ਮਿਲੀ ਹੈ। ਜ਼ਿੰਦਗੀ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖੁਸ਼ ਰਹਿ ਕੇ ਕੱਟੋ। ਭਾਵ ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁੱਖ ਵਿੱਚ ਦੁਖੀ ਨਾ ਹੋਵੋ। ਸੁਖ-ਦੁੱਖ ਤਾਂ ਆਉਂਦੇ-ਜਾਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ। ਚੰਗੇ ਸਮੇਂ ਵਿੱਚ ਜ਼ਿਆਦਾ ਖੁਸ਼ੀ ਵੀ ਨਾ ਮਨਾਓ। ਕਦੇ ਵੀ ਆਪਣੀ ਕਿਸਮਤ ਨੂੰ ਨਾ ਦੋਸ਼ੀ ਠਹਿਰਾਈਏ। ਕਈ ਵਾਰ ਅਸੀਂ ਕਿਸੇ ਹੋਰ ਦੀ ਗੱਲ ਕਰਕੇ ਆਪਣੇ ਘਰ ਵਿਚ ਬਹੁਤ ਜ਼ਿਆਦਾ ਨਕਾਰਾਤਮਕ ਭਾਵ ਪੈਦਾ ਕਰ ਲੈਂਦੇ ਹਾਂ। (Laughter Precious Gift )

ਅਕਸਰ ਪਰਿਵਾਰਾਂ ਵਿੱਚ ਕਈ ਵਾਰ ਤਕਰਾਰ ਹੋ ਜਾਂਦੇ ਹਨ। ਪਰਿਵਾਰ ਵਿਚ ਕਈ ਅਜਿਹੇ ਮੈਂਬਰ ਵੀ ਹੁੰਦੇ ਹਨ, ਜੋ ਅਜਿਹੇ ਤਕਰਾਰਾਂ ਨੂੰ ਕੁਝ ਸਮਝਦੇ ਹੀ ਨਹੀਂ, ਭਾਵ ਜਿੰਦਗੀ ਨੂੰ ਹੱਸ-ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਕਈ ਇਨਸਾਨ ਛੋਟੇ-ਛੋਟੇ ਤਕਰਾਰ, ਛੋਟੀਆਂ-ਛੋਟੀਆਂ ਗੱਲਾਂ ਨੂੰ ਹੀ ਦਿਲ ’ਤੇ ਲਾ ਕੇ ਬੈਠ ਜਾਂਦੇ ਹਨ। ਆਪ ਵੀ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੇ ਹਨ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਮਿਲਦਾ ਹੈ ਕਿ ਅਜਿਹੇ ਇਨਸਾਨ ਡਿਪਰੈਸ਼ਨ ਦੀ ਬਿਮਾਰੀ ਵਿੱਚ ਚਲੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਹੁੰਦੀ, ਪਰ ਗੱਲ ਨੂੰ ਦਿਲ ’ਤੇ ਲਾ ਕੇ ਆਪਣੀ ਜਿੰਦਗੀ ਨੂੰ ਨਰਕ ਬਣਾ ਲੈਂਦੇ ਹਨ।

ਹਾਸਾ ਕੁਦਰਤ ਦਾ ਅਨਮੋਲ ਤੋਹਫਾ

ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਉਸਦੀ ਕਿਸਮਤ ਬਹੁਤ ਚੰਗੀ ਹੈ। ਜਾਂ ਫਲਾਣਾ ਬੰਦਾ ਬਹੁਤ ਘੱਟ ਮਿਹਨਤ ਕਰਕੇ ਬਹੁਤ ਕੁਝ ਕਮਾ ਲੈਂਦਾ ਹੈ। ਉਸਨੂੰ ਬਹੁਤ ਘੱਟ ਮਿਹਨਤ ਕਰਨੀ ਪਈ। ਉਸ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਮਿਲ ਗਿਆ। ਉਸਨੂੰ ਉਸਦੇ ਮਾਤਾ-ਪਿਤਾ ਨੇ ਬਹੁਤ ਕੁਝ ਦਿੱਤਾ ਹੈ। ਜਿੰਨਾ ਕਿ ਉਹ ਇਨਸਾਨ ਉਸ ਦੇ ਲਾਇਕ ਵੀ ਨਹੀਂ ਸੀ, ਫਿਰ ਵੀ ਪਤਾ ਨਹੀਂ ਉਸ ਨੂੰ ਕਿਹੜਾ ਖਜ਼ਾਨਾ ਮਿਲ ਚੁੱਕਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਉਸ ਇਨਸਾਨ ਪ੍ਰਤੀ ਜਲਣ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।

ਅਜਿਹਾ ਕੋਈ ਇਨਸਾਨ ਨਹੀਂ ਹੈ ਜਿਸ ਦੀ ਜਿੰਦਗੀ ਵਿਚ ਕਦੇ ਵੀ ਉਤਾਰ-ਚੜ੍ਹਾਅ ਨਾ ਆਏ ਹੋਣ। ਜਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਜੇ ਗਰਮੀ ਹੈ, ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਜੇ ਬਰਸਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਮੌਸਮ ਸਾਫ ਵੀ ਹੋ ਜਾਂਦਾ ਹੈ। ਜੇ ਦਿਨ ਚੜ੍ਹਦਾ ਹੈ ਤਾਂ ਰਾਤ ਵੀ ਆਉਂਦੀ ਹੈ। ਕਹਿਣ ਦਾ ਭਾਵ ਹੈ ਕਿ ਹਮੇਸ਼ਾ ਇੱਕ ਹੀ ਤਰ੍ਹਾਂ ਦੀ ਜਿੰਦਗੀ ਨਹੀਂ ਰਹਿੰਦੀ।

ਹਾਸਾ ਕੁਦਰਤ ਦਾ ਅਨਮੋਲ ਤੋਹਫਾ

ਹਮੇਸ਼ਾ ਇੱਕ ਹੀ ਤਰ੍ਹਾਂ ਦਾ ਸਮਾਂ ਨਹੀਂ ਰਹਿੰਦਾ। ਸਮਾਂ ਸਾਰਿਆਂ ਦਾ ਹੀ ਬਦਲਦਾ ਹੈ। ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ। ਹਮੇਸ਼ਾ ਪੰਜੇ ਉਂਗਲਾਂ ਇੱਕ ਸਮਾਨ ਨਹੀਂ ਰਹਿੰਦੀਆਂ। ਕੁਦਰਤ ਹਰ ਇੱਕ ਇਨਸਾਨ ਨੂੰ ਮੌਕਾ ਦਿੰਦੀ ਹੈ। ਭਾਵ ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਕਦੇ ਵੀ ਇੰਝ ਨਾ ਸੋਚੋ ਕਿ ਮੇਰੀ ਕਿਸਮਤ ਜਾਂ ਜਿੰਦਗੀ ਵਿਚ ਹਨ੍ਹੇਰਾ ਹੀ ਆ ਗਿਆ ਹੈ।

ਪਰਮਾਤਮਾ ਨੇ ਸਾਰੇ ਇਨਸਾਨਾਂ ਲਈ ਬਹੁਤ ਕੁਝ ਬਣਾਇਆ ਹੋਇਆ ਹੈ। ਜਿਸ ਨੇ ਸਾਨੂੰ ਧਰਤੀ ’ਤੇ ਭੇਜਿਆ ਹੈ, ਉਸ ਨੇ ਸਾਡਾ ਕੋਈ ਹੀਲਾ-ਵਸੀਲਾ ਵੀ ਕਰ ਦੇਣਾ ਹੈ। ਪਰ ਸਾਨੂੰ ਕਰਮ ਕਰਨਾ ਪਵੇਗਾ। ਦਿਲ ਲਾ ਕੇ ਮਿਹਨਤ ਕਰਨੀ ਪਵੇਗੀ। ਤਾਂ ਹੀ ਅਸੀਂ ਮੰਜਿਲ ਵੱਲ ਆਪਣੇ ਕਦਮ ਵਧਾਵਾਂਗੇ। ਇਹ ਨਹੀਂ ਹੈ ਕਿ ਸਾਨੂੰ ਪੱਕੀ-ਪਕਾਈ ਖਿਚੜੀ ਜਾਂ ਕੋਈ ਥਾਲੀ ਪਰੋਸ ਕੇ ਸਾਡੇ ਸਾਹਮਣੇ ਰੱਖ ਦੇਵੇਗਾ। ਦੇਖੋ ਮਿਹਨਤ ਤਾਂ ਕਰਨੀ ਹੀ ਪਵੇਗੀ। ਬਿਨਾਂ ਕਰਮ ਕੀਤੇ ਕੁੱਝ ਵੀ ਨਹੀਂ ਮਿਲਦਾ। ਕਦੇ ਵੀ ਨਿਰਾਸ਼ ਨਾ ਹੋਵੋ। ਆਪਣਾ ਦਿਲ ਕਦੇ ਵੀ ਛੋਟਾ ਨਾ ਕਰੋ। ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਰੱਖਿਆ ਹੋਇਆ ਹੈ।

ਹਰ ਇੱਕ ਦਿਨ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਹਮੇਸ਼ਾ ਜਿੰਦਗੀ ਵਿੱਚ ਖੁਸ਼ ਰਹਿਣਾ ਸਿੱਖੀਏ। ਜਿੰਨਾ ਵੀ ਸਾਡੇ ਕੋਲ ਹੈ ਉਸ ਵਿੱਚ ਸਬਰ-ਸੰਤੋਖ ਰੱਖੀਏ। ਨਿਮਰਤਾ, ਪਿਆਰ, ਸਤਿਕਾਰ ਸਹਿਣਸ਼ੀਲ ਹੋਣਾ ਜਿੰਦਗੀ ਵਿੱਚ ਬਹੁਤ ਜਰੂਰੀ ਹੈ। ਕਦੇ ਵੀ ਗੁੱਸਾ ਨਾ ਹੋਵੋ। ਚੱਲੋ ਜੇ ਕਈ ਵਾਰ ਗੁੱਸਾ ਆ ਵੀ ਜਾਂਦਾ ਹੈ ਤਾਂ ਘਰ ਵਿੱਚ ਕਲੇਸ਼ ਖੜ੍ਹਾ ਨਾ ਕਰੋ। ਕੋਈ ਅਜਿਹਾ ਗਲਤ ਕਦਮ ਨਾ ਚੁੱਕੋ। ਜੇ ਕਦੇ ਘਰਦਿਆਂ ਨਾਲ ਮਨ-ਮੁਟਾਵ ਹੋ ਵੀ ਜਾਂਦਾ ਹੈ ਤਾਂ ਕਿਤੇ ਪਾਰਕ ਵਿਚ ਚਲੇ ਜਾਓ, ਕਿਸੇ ਮਾਲ ਵਿਚ ਜਾਓ, ਸੈਰ ’ਤੇ ਨਿੱਕਲ ਜਾਓ। ਕਹਿਣ ਦਾ ਮਤਲਬ ਕਿ ਇਹ ਜਿੰਦਗੀ ਸਾਨੂੰ ਦੁਬਾਰਾ ਨਹੀਂ ਮਿਲਣੀ। ਸਾਨੂੰ ਹੱਸ-ਖੇਡ ਕੇ ਹੀ ਜਿੰਦਗੀ ਗੁਜ਼ਾਰਨੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ
ਮੋਹਾਲੀ