ਔਰੰਗਜ਼ੇਬ ਦੇ ਆਖਰੀ ਦਿਨ

Last, Day Aurangzeb, feature

ਔਰੰਗਜ਼ੇਬ ਦੇ ਆਖਰੀ ਦਿਨ

ਦੁਨੀਆਂ ਦੇ ਤਾਕਤਵਰ ਤੋਂ ਤਾਕਤਵਰ ਇਨਸਾਨ ਨੂੰ ਵੀ ਅਖੀਰ  ‘ਚ ਵਕਤ ਅੱਗੇ ਹਥਿਆਰ ਸੁੱਟਣੇ ਪੈਂਦੇ ਹਨ। ਪਾਪੀਆਂ ਨੂੰ ਬੁਢਾਪੇ ‘ਚ ਸਿਰ ‘ਤੇ ਨੱਚਦੀ ਮੌਤ ਵੇਖ ਕੇ ਕੀਤੇ ਹੋਏ ਕੁਕਰਮ ਤੇ ਰੱਬ ਦਾ ਖੌਫ ਡਰਾਉਣ ਲੱਗ ਜਾਂਦਾ ਹੈ। ਜਦੋਂ ਕਿਸੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ। ਵਕਤ ਗੁਜ਼ਰ ਜਾਣ ਪਿੱਛੋਂ ਚੰਗੀਆਂ ਗੱਲਾਂ ਕਰਨਾ ਤੇ ਪਛਤਾਉਣਾ ਨਿਰਾ ਢੋਂਗ ਹੀ ਹੁੰਦਾ ਹੈ।
6ਵੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਭਾਰਤ ਦਾ ਸਭ ਤੋਂ ਬੇਰਹਿਮ ਤੇ ਪੱਥਰ ਦਿਲ ਹੁਕਮਰਾਨ ਮੰਨਿਆ ਜਾਂਦਾ ਹੈ। ਆਪਣੇ ਭਰਾਵਾਂ ਤੇ ਸਕੇ ਸਬੰਧੀਆਂ ਨੂੰ ਬੇਰਹਿਮੀ ਨਾਲ ਖਤਮ ਕਰ ਕੇ ਤਖ਼ਤੇ ਤਾਊਸ ਹਥਿਆਉਣ ਵਾਲੇ ਇਸ ਸ਼ਖ਼ਸ ਦਾ ਆਖਰੀ ਵਕਤ ਬਹੁਤ ਹੀ ਦਰਦਨਾਕ ਸੀ। ਉਸ ਦਾ ਜਨਮ ਸ਼ਹਿਨਸ਼ਾਹ ਸ਼ਾਹ ਜਹਾਨ ਤੇ ਮੁਮਤਾਜ਼ ਮਹਿਲ ਦੇ ਘਰ 3 ਨਵੰਬਰ 1618 ਨੂੰ ਦਾਹੌਦ ਸ਼ਹਿਰ (ਗੁਜਰਾਤ) ‘ਚ ਹੋਇਆ।

ਉਸ ਨੇ 49 ਸਾਲ ਭਾਰਤ ‘ਤੇ ਸ਼ਾਸਨ ਕੀਤਾ। ਉਸ ਦੀ ਮੌਤ 3 ਮਾਰਚ 1707 ਈ. ਨੂੰ ਦੱਖਣੀ ਭਾਰਤ ਦੇ ਸ਼ਹਿਰ ਅਹਿਮਦਨਗਰ ਦੇ ਕਸਬੇ ਔਰੰਗਾਬਾਦ ‘ਚ ਹੋਈ ਤੇ ਉਸ ਨੂੰ ਖੁਲਦਾਬਾਦ ਵਿਖੇ ਦਫ਼ਨਾਇਆ ਗਿਆ। ਉਸ ਦਾ ਪੂਰਾ ਨਾਂਅ ਅਬੁਲ ਮਜ਼ੱਫਰ ਮਹੱਈਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਸੀ। ਉਸ ਨੇ ਅਨੇਕਾਂ ਪ੍ਰਦੇਸ਼ ਜਿੱਤ ਕੇ ਮੁਗਲ ਰਾਜ ਨੂੰ ਬਹੁਤ ਵਿਸ਼ਾਲ ਕਰ ਦਿੱਤਾ। ਚੰਦਰ ਗੁਪਤ ਮੌਰੀਆ ਤੋਂ ਬਾਦ ਐਨੇ ਵੱਡੇ ਭੂ ਭਾਗ ‘ਤੇ ਹਕੂਮਤ ਕਰਨ ਵਾਲਾ ਉਹ ਪਹਿਲਾ ਤੇ ਆਖਰੀ ਭਾਰਤੀ ਰਾਜਾ ਸੀ। ਕਰੀਬ ਸਾਰੇ ਦੱਖਣੀ ਭਾਰਤ ‘ਤੇ ਕਬਜ਼ਾ ਜਮਾ ਕੇ ਉਸ ਨੇ ਮੁਗਲ ਰਾਜ ਦਾ ਵਿਸਥਾਰ 32 ਲੱਖ ਸੁਕੇਅਰ ਕਿ.ਮੀ ਤੱਕ ਕਰ ਦਿੱਤਾ। ਉਸ ਅਧੀਨ ਇਲਾਕੇ ਦੀ ਅਬਾਦੀ ਕਰੀਬ 15 ਕਰੋੜ ਸੀ।

ਉਸ ਨੇ ਆਪਣੀ ਜ਼ਿੰਦਗੀ ਨੂੰ ਕੱਟੜ ਧਾਰਮਿਕ ਅਸੂਲਾਂ ਅਨੁਸਾਰ ਢਾਲਿਆ ਹੋਇਆ ਸੀ। ਉਹ ਇੱਕੋ-ਇੱਕ ਮੁਗਲ ਬਾਦਸ਼ਾਹ ਸੀ ਜੋ ਸ਼ਰਾਬ ਤੇ ਅਫੀਮ ਦੀ ਵਰਤੋਂ ਨਹੀਂ ਸੀ ਕਰਦਾ। ਵਿਹਲੇ ਸਮੇਂ ਉਹ ਕੁਰਾਨ ਲਿਖਦਾ ਤੇ ਨਮਾਜ਼ੀ ਟੋਪੀਆਂ ਸਿਉਂਦਾ। ਪਰ ਉਸ ਦਾ ਸਭ ਤੋਂ ਵੱਡਾ ਔਗੁਣ ਧਾਰਮਿਕ ਅਸਹਿਣਸ਼ੀਲਤਾ ਸੀ। ਉਸ ਦੇ ਹੁਕਮਾਂ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਤੇ ਮੁਰਾਦ ਬਖਸ਼, ਸੂਫੀ ਸੰਤ ਸਰਮਦ, ਸ਼ਿਵਾ ਜੀ ਮਰਾਠਾ ਦੇ ਬੇਟੇ ਸੰਭਾ ਜੀ ਸਮੇਤ ਅਨੇਕਾਂ ਵਿਅਕਤੀਆਂ ਦਾ ਕਤਲ ਕਰਵਾਇਆ। ਉਸ ਨੇ ਹਿੰਦੂਆਂ ‘ਤੇ ਦੁਬਾਰਾ ਜਜ਼ੀਆ ਲਾ ਦਿੱਤਾ ਤੇ ਸ਼ਰਾਬ, ਜੂਆ, ਸੰਗੀਤ,   ਬੇਗਾਰ, ਮੁਜ਼ਰਾ, ਅਫੀਮ ਤੇ ਭੰਗ ਆਦਿ ‘ਤੇ ਪਾਬੰਦੀ ਲਾ ਦਿੱਤੀ। ਕਾਸ਼ੀ ਵਿਸ਼ਵਾਨਾਥ, ਕੇਸਵਾ ਦਿਉ ਮੰਦਰ ਤੇ ਸੋਮਨਾਥ ਮੰਦਰ ਸਮੇਤ ਸੈਂਕੜੇ ਹਿੰਦੂ, ਬੁੱਧ ਤੇ ਜੈਨ ਮੰਦਰ ਤੋੜ ਦਿੱਤੇ ਗਏ। ਉਸ ਦੇ ਜ਼ੁਲਮਾਂ ਖਿਲਾਫ ਸਿੱਖਾ, ਰਾਜਪੂਤਾਂ, ਜਾਟਾਂ, ਸਤਨਾਮੀਆਂ ਤੇ ਮਰਾਠਿਆਂ ਨੇ ਭਿਆਨਕ ਬਗਾਵਤਾਂ ਕੀਤੀਆਂ।

ਉਹ ਯੁੱਧ ਪ੍ਰੇਮੀ ਸੀ। ਉਸ ਦੀਆਂ ਗਲਤ ਨੀਤੀਆਂ ਤੇ ਜੰਗਾਂ ਕਾਰਨ ਮੁਗਲ ਰਾਜ ਦੀਵਾਲੀਆਪਨ ਦੀ ਹਾਲਤ ‘ਚ ਪਹੁੰਚ ਗਿਆ। ਫੌਜ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਸੀ ਮਿਲਦੀ। ਨਿਰੰਤਰ ਯੁੱਧਾਂ ਤੇ ਵਡੇਰੀ ਉਮਰ ਨੇ ਉਸ ਦੀ ਸਿਹਤ ‘ਤੇ ਮਾਰੂ ਅਸਰ ਪਾਇਆ। ਉਹ 1678 ਈ. ਤੋਂ ਲਗਾਤਾਰ 27 ਸਾਲ ਮਰਾਠਿਆਂ ਨਾਲ ਮੂਰਖਾਂ ਵਾਲੀ ਜੰਗ ਲੜਦਾ ਰਿਹਾ। ਅਖੀਰ 1705 ‘ਚ 86 ਸਾਲ ਦੀ ਉਮਰ ‘ਚ ਰੱਬ ਨੇ ਉਸ ਨੂੰ ਅਕਲ ਬਖਸ਼ੀ ਤੇ ਉਹ ਲੜਾਈ ਬੰਦ ਕਰ ਕੇ ਦਿੱਲੀ ਵੱਲ ਚੱਲ ਪਿਆ। ਪਰ ਉਸ ਦੇ ਨਸੀਬਾਂ ‘ਚ ਦਿੱਲੀ ਪਹੁੰਚਣਾ ਨਹੀਂ ਸੀ ਲਿਖਿਆ। ਉਹ ਬੀਜਾਪੁਰ ਨੇੜੇ ਦੇਵਪੁਰ ਪਹੁੰਚਿਆ ਤਾਂ ਸਖ਼ਤ ਬਿਮਾਰ ਹੋ ਗਿਆ ਤੇ 6 ਮਹੀਨੇ ਮੰਜੇ ‘ਤੇ ਪਿਆ ਰਿਹਾ। 20 ਜਨਵਰੀ 1706 ਨੂੰ ਉਸ ਨੂੰ ਪਾਲਕੀ ‘ਚ ਲੱਦ ਕੇ ਅਹਿਮਦਨਗਰ ਲਿਆਂਦਾ ਗਿਆ। ਇੱਥੇ ਹੀ ਉਸ ਨੇ ਸਮਾਂ ਬਿਤਾਇਆ।

ਮਰਨ ਸਮੇਂ ਔਰੰਗਜ਼ੇਬ ਬਿਲਕੁਲ ਇਕੱਲਾ ਸੀ। ਉਸ ਦੇ ਬਾਗੀ ਪੁੱਤਰ ਅਕਬਰ ਦੀ ਇਰਾਨ ‘ਚ (1706 ਈ.) ਮੌਤ ਹੋ ਗਈ ਸੀ ਤੇ ਪਿਆਰੀ ਬੇਟੀ ਜ਼ੇਬੁਨਿਸਾ  ਤੇ ਭੈਣ ਰੌਸ਼ਨ ਆਰਾ ਵੀ ਮਰ ਚੁੱਕੀਆਂ ਸਨ। ਬਾਕੀ ਦੇ ਪੁੱਤਰਾਂ ਨੂੰ ਉਸ ਨੇ ਦੂਰ ਦੁਰਾਡੇ ਦੀਆਂ ਫੌਜੀ ਮੁਹਿੰਮਾਂ ‘ਤੇ ਤੋਰਿਆ ਹੋਇਆ ਸੀ। ਉਸ ਦੀ ਬਿਮਾਰੀ ਦੀ ਖਬਰ ਫੈਲਣ ਕਾਰਨ ਸਾਰੇ ਸ਼ਹਿਜ਼ਾਦੇ ਤਖ਼ਤ ਹੜੱਪਣ ਲਈ ਫੌਜੀ ਤਿਆਰੀਆਂ ‘ਚ ਰੁੱਝੇ ਹੋਏ ਸਨ। ਉਸ ਕੋਲ ਸਿਰਫ ਉਸ ਦੀ ਜਾਰਜੀਅਨ ਪਤਨੀ ਉਦੀਪੁਰੀ ਮਹਲ ਸੀ ਜਿਸ ਨੂੰ ਉਸ ਨੇ ਦਾਰਾ ਸ਼ਿਕੋਹ ਕੋਲੋਂ ਖੋਹਿਆ ਸੀ।

1707 ‘ਚ ਉਹ ਦੁਬਾਰਾ ਬੁਰੀ ਤਰ੍ਹਾਂ ਬਿਮਾਰ ਪੈ ਗਿਆ। ਉਸ ਨੂੰ ਡਿਪਰੈਸ਼ਨ ਤੇ ਪਛਤਾਵੇ ਨੇ ਘੇਰ ਲਿਆ। ਆਪਣੇ ਕੀਤੇ ਹੋਏ ਪਾਪਾਂ ਤੇ ਨਰਕ ਦਾ ਖੌਫ ਉਸ ਨੂੰ ਸਤਾਉਣ ਲੱਗਾ। ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਸ਼ਹਿਜ਼ਾਦੇ ਆਜ਼ਮ ਨੂੰ ਲਿਖੀ ਚਿੱਠੀ ਤੋ ਹੋ ਜਾਂਦਾ ਹੈ, ਮੈਂ ਇਸ ਜਹਾਨ ‘ਤੇ ਇਕੱਲਾ ਆਇਆ ਸੀ ਤੇ ਇੱਕ ਅਜਨਬੀ ਵਜੋਂ ਇੱਥੋਂ ਜਾ ਰਿਹਾ ਹਾਂ। ਮੈਂ ਨਹੀਂ ਸਮਝ ਸਕਿਆ ਕਿ ਮੈਂ ਕੌਣ ਹਾਂ ਤੇ ਸਾਰੀ ਉਮਰ ਕੀ ਕਰਦਾ ਰਿਹਾ ਹਾਂ? ਜਿੰਨਾ ਸਮਾਂ ਮੈਂ ਤਾਕਤ ‘ਚ ਗੁਜ਼ਾਰਿਆ ਹੈ, ਸਿਰਫ ਦੁੱਖ ਤੇ ਤਬਾਹੀ ਹੀ ਪਿੱਛੇ ਛੱਡੀ ਹੈ।

ਮੈਂ ਮੁਗਲੀਆ ਰਾਜ ਦੀ ਸੁਰੱਖਿਆ ਤੇ ਤਰੱਕੀ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਿਹਾ ਹਾਂ। ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ। ਮੈਂ ਅੱਲ੍ਹਾ ਦੀ ਬਖਸ਼ੀ ਹੋਈ ਇਹ ਹੀਰੇ ਵਰਗੀ ਅਨਮੋਲ ਵਸਤੂ ਬੇਕਾਰ ਹੀ ਗਵਾ ਲਈ ਹੈ। ਰੱਬ ਮੇਰੇ ਦਿਲ ‘ਚ ਹੀ ਸੀ, ਪਰ ਮੈਂ ਪਾਪੀ ਉਸ ਨੂੰ ਖੋਜ ਨਹੀਂ ਸਕਿਆ। ਮੈਨੂੰ ਖੁਦਾ ਦੀ ਰਹਿਮ ਦਿਲੀ ‘ਚ ਪੂਰਾ ਭਰੋਸਾ ਹੈ, ਪਰ ਮੈਂ ਆਪਣੇ ਕੀਤੇ ਹੋਏ ਗੁਨਾਹਾਂ ਕਾਰਨ ਕੰਬ ਰਿਹਾ ਹਾਂ। ਅਜਿਹੀ ਹੀ ਮਨੋ ਭਾਵਨਾ ਦੂਸਰੇ ਸ਼ਹਿਜ਼ਾਦੇ ਕਾਮ ਬਖਸ਼ ਨੂੰ ਲਿਖੀ ਚਿੱਠੀ ‘ਚ ਮਿਲਦੀ ਹੈ, ਮੇਰੇ ਪਿਆਰੇ ਬਰਖੁਰਦਾਰ, ਮੈਂ ਆਪਣੇ ਸੱਚੇ ਘਰ ਜਾ ਰਿਹਾ ਹਾਂ। ਮੈਂ ਆਪਣੇ ਕੀਤੇ ਹਰ ਜ਼ੁਲਮ, ਪਾਪ ਤੇ ਗਲਤੀ ਦਾ ਭਾਰ ਆਪਣੇ ਨਾਲ ਲਿਜਾ ਰਿਹਾ ਹਾਂ।

ਮੈਂ ਇਸ ਜਹਾਨ ‘ਚ ਖਾਲੀ ਹੱਥੀਂ ਆਇਆ ਸੀ ਪਰ ਗੁਨਾਹਾਂ ਦੀ ਭਾਰੀ ਪੰਡ ਲੈ ਕੇ ਜਾ ਰਿਹਾ ਹਾਂ।ਉਸ ਨੇ ਆਪਣੀ ਵਸੀਅਤ ਮੌਲਵੀ ਹਮੀਦੁਦੀਨ ਨੂੰ ਲਿਖਵਾਈ ਸੀ ਉਸਨੇ ਲਿਖਿਆ ”ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਸੀ। ਪਰ ਅਫਸੋਸ ਕਿ ਮੈਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਮੇਰੀ ਆਤਮਾ ਮੈਨੂੰ ਧਿਕਾਰ ਰਹੀ ਹੈ। ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ। ਮੇਰੀ ਇੱਛਾ ਹੈ ਕਿ ਮੇਰਾ ਪਿਆਰਾ ਪੁੱਤਰ ਆਜ਼ਮ ਮੇਰੀਆਂ ਆਖਰੀ ਰਸਮਾਂ ਨਿਭਾਵੇ।

ਹੋਰ ਕੋਈ ਮੇਰੇ ਸਰੀਰ ਨੂੰ ਹੱਥ ਨਾ ਲਾਵੇ। ਮੇਰੇ ਨੌਕਰ ਅਇਆ ਬੇਗ ਕੋਲ ਮੇਰੀ ਟੋਪੀਆਂ ਸਿਉਂ ਕੇ ਕੀਤੀ 4 ਰੁ 2 ਆਨੇ ਦੀ ਹੱਕ ਦੀ ਕਮਾਈ ਪਈ ਹੈ। ਮੇਰਾ ਖੱਫਣ ਇਸੇ ਪੈਸੇ ਨਾਲ ਖਰੀਦਿਆ ਜਾਵੇ। ਕੁਰਾਨ ਲਿਖ ਕੇ ਕਮਾਏ 305 ਰੁ. ਵੀ ਆਇਆ ਬੇਗ ਕੋਲ ਹਨ। ਉਹ ਖਰਚ ਕੇ ਗਰੀਬ ਮੁਸਲਮਾਨਾਂ ਨੂੰ ਮਿੱਠੇ ਚੌਲ ਖਵਾ ਦਿੱਤੇ ਜਾਣ। ਮੇਰੀ ਕਬਰ ਸੰਘਣੇ ਜੰਗਲ ‘ਚ ਪੁੱਟੀ ਜਾਵੇ। ਮੇਰਾ ਚਿਹਰਾ ਨੰਗਾ ਰੱਖਿਆ ਜਾਵੇ। ਮੇਰੇ ਪਾਪਾਂ ਬਾਰੇ ਕਿਸੇ ਸਭਾ ‘ਚ ਚਰਚਾ ਨਾ ਕੀਤੀ ਜਾਵੇ ਤੇ ਨਾ ਹੀ ਮੇਰੀ ਜ਼ਿੰਦਗੀ ਦੀ ਕਹਾਣੀ ਕਿਸੇ ਨੂੰ ਦੱਸੀ ਜਾਵੇ।”

ਮਰਨ ਸਮੇਂ ਵੀ ਉਸ ਦਾ ਦਿਲ ਨਫਰਤ ਨਾਲ ਭਰਿਆ ਹੋਇਆ ਸੀ। ਉਸ ਨੇ ਲਿਖਵਾਇਆ, ਆਪਣੇ ਪੁੱਤਰਾਂ ‘ਤੇ ਕਦੇ ਵੀ ਯਕੀਨ ਨਾ ਕਰੋ ਤੇ ਨਾ ਹੀ ਕਦੇ ਉਨ੍ਹਾਂ ਨੂੰ ਜਿਆਦਾ ਲਾਡ ਪਿਆਰ ਕਰਨਾ ਚਾਹੀਦਾ ਹੈ। 21 ਫਰਵਰੀ 1707 ਈ. ਨੂੰ ਸਵੇਰ ਦੀ ਨਮਾਜ਼ ਪੜ੍ਹਨ ਤੋਂ ਬਾਦ ਉਹ ਆਪਣੇ ਕਮਰੇ ‘ਚ ਆ ਗਿਆ ਤੇ ਕੁਝ ਦੇਰ ਬਾਦ ਹੀ ਉਸ ਦੀ ਮੌਤ ਹੋ ਗਈ। ਉਹ ਹਮੇਸ਼ਾ ਸ਼ੁੱਕਰਵਾਰ ਨੂੰ ਮਰਨਾ ਚਾਹੁੰਦਾ ਸੀ ਤੇ ਕੁਦਰਤੀ ਉਸੇ ਦਿਨ ਉਸ ਦੀ ਮੌਤ ਹੋਈ।

ਮਰਨ ਤੋਂ ਬਾਦ ਉਸ ਦਾ ਛੋਟਾ ਜਿਹਾ ਬਿਨਾਂ ਛੱਤ ਤੋਂ ਮਕਬਰਾ ਸੂਫੀ ਸੰਤ ਸ਼ੇਖ ਬੁਰਹਾਨੁਦੀਨ ਗਰੀਬ ਦੇ ਮਜ਼ਾਰ ਦੇ ਵਿਹੜੇ ‘ਚ ਬਣਾਇਆ ਗਿਆ। ਬਾਦ ‘ਚ ਨਿਜ਼ਾਮ ਹੈਦਰਾਬਾਦ ਤੇ ਲਾਰਡ ਕਰਜ਼ਨ ਨੇ ਇੱਥੇ ਸੰਗਮਰਮਰ ਤੇ ਵਲਗਣ ਦਾ ਕੰਮ ਕਰਵਾਇਆ। ਅੱਜ ਕੋਈ ਔਰੰਗਜ਼ੇਬ ਵਰਗੇ ਪਾਪੀ ਨੂੰ ਯਾਦ ਨਹੀਂ ਕਰਦਾ। ਇੱਥੋਂ ਤੱਕ ਕਿ ਦਿੱਲੀ ‘ਚ ਉਸ ਦੇ ਨਾਂਅ ‘ਤੇ ਬਣੀ ਸੜਕ ਦਾ ਵੀ ਦੁਬਾਰਾ ਨਾਮਕਰਨ ਕਰ ਦਿੱਤਾ ਗਿਆ ਹੈ। ਉਸ ਦੇ ਮਰਨ ਤੋਂ ਕੁਝ ਸਾਲਾਂ ਬਾਦ ਹੀ ਮੁਗਲ ਰਾਜ ਸਿਰਫ ਦਿੱਲੀ ਦੀਆਂ ਕੰਧਾਂ ਤੱਕ ਸੀਮਤ ਹੋ ਕੇ ਰਹਿ ਗਿਆ ਤੇ 1857 ਈ. ‘ਚ ਪੂਰਨ ਤੌਰ ‘ਤੇ ਸਮਾਪਤ ਹੋ ਗਿਆ।

ਬਲਰਾਜ ਸਿੰਘ ਸਿੱਧੂ, ਪੰਡੋਰੀ ਸਿੱਧਵਾਂ, ਮੋ.98151-24449,

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here