ਮੁੱਖ ਮਹਿਮਾਨ ਦੀ ਥਾਂ ਵਿਸ਼ੇਸ਼ ਮਹਿਮਾਨਾਂ ਤੋਂ ਹੀ ਸਰਵੋਤਮ ਸਾਹਿਤਕਾਰਾਂ ਨੂੰ ਦਿਵਾਏ ਗਏ ਪੁਰਸਕਾਰ | Literary Event Punjab
- ਸਮਾਗਮ ਸਮੇਟੇ ਜਾਣ ਤੋਂ ਬਾਅਦ ਹੀ ਪੁੱਜੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਸ਼ਾ ਵਿਭਾਗ ਪੰਜਾਬ ਦੇ ਵੇਹੜੇ ’ਚ ਪੰਜਾਬੀ ਮਾਂਹ ਦੇ ਵਿਦਾਇਗੀ ਸਮਰੋਹ ’ਚ ਮੁੱਖ ਮਹਿਮਾਨ ਭਾਸ਼ਾ ਮੰਤਰੀ ਨੇ ਸਾਹਿਤਕਾਰਾਂ ਤੇ ਵਿਭਾਗ ਨੂੰ ਸੁਕਣੇ ਪਾ ਦਿੱਤਾ। ਆਲਮ ਇਹ ਰਿਹਾ ਕਿ ਸਰਵੋਤਮ ਸਾਹਿਤਕਾਰਾਂ ਨੂੰ ਪੁਰਸਕਾਰ ਮੰਤਰੀ ਦੀ ਥਾਂ ਵਿਸ਼ੇਸ਼ ਮਹਿਮਾਨਾਂ ਦੇ ਹੱਥੋਂ ਹੀ ਦਿਵਾਉਣ ਨੂੰ ਮਜ਼ਬੂਰ ਹੋਣਾ ਪਿਆ। ਭਾਸ਼ਾ ਮੰਤਰੀ ਸਮਾਗਮ ਵਿੱਚ ਉਸ ਸਮੇਂ ਪਹੁੰਚੇ ਜਦੋਂ ਟੈਂਟ ਤੇ ਕੁਰਸੀਆਂ ਨੂੰ ਸਮੇਟਿਆ ਜਾ ਰਿਹਾ ਸੀ। Literary Event Punjab
ਜਾਣਕਾਰੀ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂਹ 2024 ਦਾ ਵਿਦਾਇਗੀ ਸਮਰੋਹ ਅੱਜ ਆਪਣੇ ਵੇਹੜੇ ਵਿੱਚ ਰੱਖਿਆ ਗਿਆ ਸੀ ਅਤੇ ਇਸ ਵਿੱਚ ਮੁੱਖ ਮਹਿਮਾਨ ਵਜੋਂ ਭਾਸ਼ਾ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੁੱਜਣਾ ਸੀ । ਸਮਾਗਮ ਸਵੇਰੇ 10 ਵਜੇ ਸ਼ੁਰੂ ਹੋ ਗਿਆ ਅਤੇ ਸਮਾਗਮ ਵਿੱਚ ਲੇਖਕ, ਸਹਿਤਕਾਰ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਮੁਰੀਦ ਸਮੇਂ ਸਿਰ ਪੁੱਜ ਗਏ। ਇਸੇ ਦੌਰਾਨ ਮੁੱਖ ਮਹਿਮਾਨ ਦੀ ਉਡੀਕ ਦੁਪਹਿਰ ਤੱਕ ਹੁੰਦੀ ਰਹੀ ਅਤੇ ਪ੍ਰੋਗਰਾਮ ਲੰਬਾ ਖਿੱਚਦਾ ਗਿਆ। ਦੋ ਵਜੇ ਤੱਕ ਮੁੱਖ ਮਹਿਮਾਨ ਨਾ ਪੁੱਜੇ ਤਾਂ ਵਿਸ਼ੇਸ਼ ਮਹਿਮਾਨਾਂ ਤੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਵਾਇਆ ਗਿਆ। ਸਮਾਗਮ ਖਤਮ ਹੋਣ ’ਤੇ ਜਦੋਂ ਇਕ ਪਾਸੇ ਟੈਂਟ ਖੋਲ੍ਹੇ ਜਾ ਰਹੇ ਸਨ ਤੇ ਕੁਰਸੀਆਂ ਸਮੇਟਿਆ ਜਾ ਰਿਹਾ ਸੀ ਤਾਂ ਅਚਾਨਕ ਸਮਾਗਮ ਦੇ ਮੁੱਖ ਮਹਿਮਾਨ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਪੁੱਜ ਗਏ। ਉਦੋਂ ਤਕ ਸਨਮਾਨਿਤ ਸਾਹਿਤਕਾਰ ਤੇ ਹੋਰ ਲੇਖਕ ਜਾ ਚੁੱਕੇ ਸਨ ਅਤੇ ਕੁਝ ਦੁਪਹਿਰ ਦਾ ਖਾਣਾ ਖਾ ਰਹੇ ਸਨ ।
ਇਹ ਵੀ ਪੜ੍ਹੋ: Kejriwal Attacked: ਪੈਦਲ ਯਾਤਰਾ ਦੌਰਾਨ ਕੇਜਰੀਵਾਲ ‘ਤੇ ਹਮਲਾ, ਨੌਜਵਾਨ ਮੌਕੇ ’ਤੇ ਕਾਬੂ
ਇਸ ਦੌਰਾਨ ਵੱਡੀ ਲੇਟ ਲਤੀਫੀ ਦਾ ਸ਼ਿਕਾਰ ਹੋਏ ਕੈਬਨਿਟ ਮੰਤਰੀ ਵਲੋਂ ਇਥੇ ਮੌਜੂਦ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਪੁਸਤਕ ਸੱਭਿਆਚਾਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਦੂਸਰੇ ਪਾਸੇ ਕੈਬਨਿਟ ਮੰਤਰੀ ਹੱਥੋਂ ਸਨਮਾਨ ਹਾਸਿਲ ਨਾ ਕਰ ਸਕਣ ਵਾਲੇ ਸਾਹਿਤਕਾਰਾਂ ‘ਚ ਨਿਰਾਸ਼ਾ ਪਾਈ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੁਝ ਨਿੱਜੀ ਕਾਰਨਾਂ ਕਰਕੇ ਪੁੱਜਣ ਵਿਚ ਦੇਰੀ ਹੋਈ ਹੈ ਇਕ ਸਵਾਲ ਦੇ ਜਵਾਬ ‘ਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹਿਤ ਸਦਨ ਵਿਭਾਗ ਨੂੰ ਵਾਪਸ ਦੇਣ ਲਈ ਪ੍ਰੀਕਿ੍ਰਆ ਲਗਭਗ ਪੂਰੀ ਹੋ ਚੁੱਕੀ ਹੈ, ਜਲਦ ਐਨਸੀਸੀ ਤੋਂ ਖਾਲੀ ਕਰਵਾ ਕੇ ਸਾਹਿਤਕਾਰਾਂ ਨੂੰ ਸਮਰਪਿਤ ਕੀਤਾ ਜਾਵੇਗਾ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰਜ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਸਵਾਲ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ‘‘ਜਫਰ ਸਾਹਿਬ ਖੁਦ ਸਮਰੱਥ ਹਨ।
ਅੱਜ ਦੇ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ਵਿਚ ਹਿੰਦੀ 2023 ਤੇ 2024), ਸੰਸਕਿ੍ਰਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਰਸਕਾਰ ਸਾਹਿਤਕਾਰਾਂ ਨੂੰ ਪ੍ਰਦਾਨ ਕਰਨੇ ਸਨ। ਭਾਸਾ ਮੰਤਰੀ ਦੇ ਸਮੇਂ ਸਿਰ ਨਾ ਪੁੱਜਣ ਕਾਰਨ ਸਾਹਿਤਕਾਰਾਂ ਨੂੰ ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਵੱਲੋਂ ਸਨਮਾਨਿਤ ਕੀਤਾ ਗਿਆ। ਜਦੋਂ ਮੰਤਰੀ ਸਾਹਿਬ ਪੁੱਜੇ ਤਾਂ ਉਦੋਂ ਕੁਝ ਸਾਹਿਤਕਾਰ ਖਾਣਾ ਖਾ ਰਹੇ ਸਨ ਅਤੇ ਉਨਾਂ ਨਾਲ ਹੀ ਭਾਸ਼ ਮੰਤਰੀ ਵੱਲੋਂ ਫੋਟੋਆਂ ਖਿੱਚਵਾਈਆਂ ਗਈਆਂ। ਜਿਕਰੇਖਾਸ ਹੈ ਕਿ ਭਾਸ਼ਾ ਵਿਭਾਗ ਵੱਲੋਂ 1 ਨਵੰਬਰ ਨੂੰ ਪੰਜਾਬੀ ਮਾਂਹ 2024 ਦੇ ਸ਼ੁਰੂਆਤੀ ਸਮਾਗਮ ਵਿੱਚ ਵੀ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨਹੀਂ ਪੁੱਜੇ ਸਨ ਤੇ ਉਨਾਂ ਦੀ ਥਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਆਪਣੀ ਹਾਜਰੀ ਲਵਾਈ ਗਈ ਸੀ।
ਵੱਡੇ ਤਿਉਹਾਰਾਂ ਮੌਕੇ ਤੋਹਫਿਆਂ ਦੇ ਰੂਪ ’ਚ ਪੁਸਤਕਾਂ ਦੇਣ ਦੀ ਮੁਹਿੰਮ ਚਲਾਵੇਗਾ ਭਾਸ਼ਾ ਵਿਭਾਗ
ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਪੁਸਤਕਾਂ ਨੂੰ ਆਪਣੇ ਜੀਵਨ ਤੇ ਸਹਿਚਾਰ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ’ਚ ਮੁੜ ਤੋਂ ਕਿਤਾਬਾਂ ਅਤੇ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਸ਼ਾ ਵਿਭਾਗ ਮਿਆਰੀ ਸਾਹਿਤ ਪਾਠਕਾਂ ਦੀ ਝੋਲੀ ਪਾਵੇ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਹੋਵੇ।ਉਨ੍ਹਾਂ ਕਿਹਾ ਅਗਲੇ ਵਰ੍ਹੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਮੌਕੇ ਤੋਹਫਿਆਂ ਦੇ ਰੂਪ ’ਚ ਪੁਸਤਕਾਂ ਦੇਣ ਲਈ ਭਾਸ਼ਾ ਵਿਭਾਗ ਇੱਕ ਮੁਹਿੰਮ ਚਲਾਏਗਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਵਿਦਾਇਗੀ ਭਾਸ਼ਨ ‘ਚ ਇੱਕ ਮਹੀਨੇ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਪੰਜਾਬੀ ਮਾਹ-2024 ਦੀ ਸ਼ੁਰੂਆਤ ਬੜੇ ਖੁਸ਼ਨੁਮਾ ਤੇ ਤਸੱਲੀਬਖਸ਼ ਅੰਦਾਜ਼ ‘ਚ ਹੋਈ ਤੇ ਵਿਭਾਗ ਨੇ ਕਈ ਮੱਲਾਂ ਮਾਰੀਆਂ। Literary Event Punjab