ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ ਐ, ਰਹਿਣ ਨੂੰ ਥਾਂ ਨਹੀਂ, ਹੁਣ ਡੰਡੇ ਪੈਣ ਜਾਂ ਵੱਜੇ ਗੋਲੀ, ਮੁਰਾਦਾਬਾਦ ਹੀ ਜਾਵਾਂਗੇ

ਮੁਹਾਲੀ ਤੋਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋਏ ਇੱਕ ਪਰਿਵਾਰ ਨੇ ਸੁਣਾਈ ਦੁਖ ਭਰੀ ਕਹਾਣੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਮਕਾਨ ਮਾਲਕ ਨੇ ਘਰੋਂ ਬਾਹਰ ਕੱਢ ਦਿੱਤਾ ਹੈ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਦਿਹਾੜੀ ਨਾ ਲੱਗਣ ਕਰਕੇ ਕਿਰਾਇਆ ਨਹੀਂ ਦੇ ਸਕੇ ਸਨ।

ਹੁਣ ਆਸਮਾਨ ਹੇਠ ਰਹਿਣਾ ਮੁਸ਼ਕਲ ਹੈ, ਇਸ ਲਈ ਰੇਹੜੀ ‘ਤੇ ਹੀ ਆਪਣਾ ਸਾਮਾਨ ਰੱਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਲਈ ਰਵਾਨਗੀ ਪਾ ਲਈ ਗਈ ਹੈ। ਹਰਿਆਣਾ ਬਾਰਡਰ ‘ਤੇ ਡੰਡੇ ਮਾਰਨ ਦੀ ਜਾਣਕਾਰੀ ਤਾਂ ਮਿਲ ਰਹੀ ਹੈ ਪਰ ਹੁਣ ਡੰਡੇ ਪੈਣ ਜਾਂ ਫਿਰ ਗੋਲੀ ਚੱਲੇ, ਉਹ ਆਪਣੇ ਘਰ ਮੁਰਾਦਾਬਾਦ ਹਰ ਹਾਲਤ ਵਿੱਚ ਹੀ ਜਾਣਗੇ, ਪੰਜਾਬ ਵਿੱਚ ਵਾਪਸ ਨਹੀਂ ਆਉਣਗੇ, ਕਿਉਂਕਿ ਇਥੇ ਇਨਸਾਨੀਅਤ ਹੀ ਨਹੀਂ ਦਿਖਾਈ ਜਾ ਰਹੀ ਹੈ।

ਰੇਹੜੀ ਅਤੇ ਸਾਈਕਲ ਰਾਹੀਂ ਆਪਣੇ ਪਰਿਵਾਰ ਨੂੰ ਲੈ ਕੇ ਮੁਰਾਦਾਬਾਦ ਨੂੰ ਜਾ ਰਹੇ ਹਰੀ ਓਮ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੇ ਕੁਝ ਇਸ ਤਰੀਕੇ ਨਾਲ ਆਪਣਾ ਦੁਖੜਾ ਰੋਇਆ ਅਤੇ ਆਪਣੇ ਨਾਲ ਹੋ ਰਹੇ ਵਿਵਹਾਰ ਦੀ ਕਹਾਣੀ ਵੀ ਦੱਸੀ। ਪੰਜਾਬ ਹਰਿਆਣਾ ਬਾਰਡਰ ਲਾਲੜੂ ਮੰਡੀ ਦੇ ਨੇੜਿਉਂ ਗੁਜ਼ਰ ਰਹੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਵਿੱਚ ਇੱਕ ਪਰਿਵਾਰ ਵੀ ਸ਼ਾਮਲ ਸੀ,

ਜਿਸ ਨੂੰ ਪੰਜਾਬ ਨੂੰ ਛੱਡ ਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਰੋਂਦੇ ਹੋਏ ਦੱਸਿਆ ਕਿ ਉਹ ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਰਹਿ ਰਹੇ ਹਨ ਪਰ ਪੰਜਾਬ ਨੂੰ ਇਸ ਤਰੀਕੇ ਨਾਲ ਛੱਡ ਕੇ ਜਾਣਾ ਪਵੇਗਾ, ਉਨ੍ਹਾਂ ਕਦੇ ਨਹੀਂ ਸੋਚਿਆ ਸੀ।

ਹਰੀ ਓਮ ਨੇ ਦੱਸਿਆ ਕਿ ਉਹ ਮੁਰਾਦਾਬਾਦ ਜ਼ਿਲ੍ਹੇ ਤੋਂ ਕੰਮ ਦੀ ਭਾਲ ਵਿੱਚ ਮੁਹਾਲੀ ਆਇਆ ਸੀ ਅਤੇ ਇਥੇ ਰੋਜ਼ੀ ਰੋਟੀ ਮਿਲਣ ਤੋਂ ਬਾਅਦ ਆਪਣਾ ਪਰਿਵਾਰ ਵੀ ਇਥੇ ਲੈ ਆਇਆ। ਉਹ ਖ਼ੁਦ ਦਿਹਾੜੀ ਕਰਦਾ ਹੈ ਤਾਂ ਉਸ ਦਾ ਮੁੰਡਾ ਸੇਵਾ ਰਾਮ ਰੇਹੜੀ ਚਲਾਉਂਦੇ ਹੋਏ ਘਰ ਦਾ ਗੁਜ਼ਾਰਾ ਕਰਦੇ ਹਨ।

ਉਸ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਅਚਾਨਕ ਸਾਰਾ ਕੁਝ ਬੰਦ ਹੋਣ ਕਾਰਨ ਉਨ੍ਹਾਂ ਪਹਿਲੇ ਮਹੀਨੇ ਤਾਂ ਜਿਹੜਾ ਪੈਸਾ ਜੋੜ ਕੇ ਰੱਖਿਆ ਸੀ, ਉਸ ਨਾਲ ਰੋਟੀ ਖਾ ਲਈ ਪਰ 20 ਅਪਰੈਲ ਤੋਂ ਬਾਅਦ ਰੋਟੀ ਪਾਣੀ ਦੇ ਲਾਲੇ ਪੈ ਗਏ ਅਤੇ ਉਨ੍ਹਾਂ ਨੂੰ ਰਾਸ਼ਨ ਮੰਗਣਾ ਤੱਕ ਪਿਆ। ਇਸ ਦੌਰਾਨ ਮਕਾਨ ਮਾਲਕ ਨੇ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ

ਦੋ ਮਹੀਨਿਆਂ ਦਾ ਕਿਰਾਇਆ ਨਹੀਂ ਦੇਣ ਦੇ ਕਰਕੇ ਬੀਤੇ ਦਿਨੀਂ ਮਕਾਨ ਮਾਲਕ ਨੇ ਸਮਾਨ ਬਾਹਰ ਸੁੱਟ ਦਿੱਤਾ, ਜਿਸ ਕਾਰਨ ਆਪਣੇ ਨੇੜੇ ਲਗਦੀ ਏਅਰਪੋਰਟ ਸੜਕ ‘ਤੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਵਾਪਸ ਮੁਰਾਦਾਬਾਦ ਆਪਣੇ ਘਰ ਜਾਣ ਦਾ ਫੈਸਲਾ ਕਰ ਲਿਆ ਅਤੇ ਮੰਗਲਵਾਰ ਸਵੇਰੇ ਹੀ ਉਨ੍ਹਾਂ ਨੇ ਏਅਰਪੋਰਟ ਰੋਡ ਮੁਹਾਲੀ ਤੋਂ ਸਾਮਾਨ ਰੇਹੜੀ ਵਿੱਚ ਰੱਖਦੇ ਹੋਏ ਮੁਰਾਦਾਬਾਦ ਲਈ ਰਵਾਨਗੀ ਪਾਈ ।

ਹਰੀ ਓਮ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ 2 ਪੁੱਤਰ ਨਾਲ ਉਹ ਮੁਰਾਦਾਬਾਦ ਜਾ ਰਹੇ ਹਨ ਅਤੇ ਇੱਕ ਹੋਰ ਰਿਸ਼ਤੇਦਾਰ ਵੀ ਨਾਲ ਹੀ ਜਾ ਰਿਹਾ ਹੈ। ਹਰੀ ਓਮ ਨੇ ਦੱਸਿਆ ਕਿ 400 ਕਿਲੋਮੀਟਰ ਉਹ ਸਾਈਕਲ ਅਤੇ ਹੱਥ ਰੇਹੜੀ ਦੇ ਸਹਾਰੇ ਹੀ ਗੁਜ਼ਾਰਦੇ ਹੋਏ ਕੁਝ ਦਿਨਾਂ ਤੱਕ ਮੁਰਾਦਾਬਾਦ ਪਹੁੰਚ ਜਾਣਗੇ ਪਰ ਹੁਣ ਵਾਪਸ ਮੁੜ ਕੇ ਨਹੀਂ ਆਉਣਗੇ ਕਿਉਂਕਿ ਇਥੇ ਇਨਸਾਨੀਅਤ ਦਿਖਾਉਂਦੇ ਹੋਏ

ਕੁਝ ਮਹੀਨੇ ਤੱਕ ਕਿਰਾਏ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕੁਝ ਲੋਕਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਕੁਝ ਖਾਣ-ਪੀਣ ਦਾ ਸਾਮਾਨ ਦਿੱਤਾ ਹੈ, ਜਿਸ ਨਾਲ ਅਗਲੇ ਕੁਝ ਦਿਨ ਗੁਜ਼ਰ ਜਾਣਗੇ ਅਤੇ ਉਹ ਆਪਣੇ ਘਰ ਮੁਰਾਦਾਬਾਦ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਜਾਂ ਫਿਰ ਮੁਰਾਦਾਬਾਦ ਜਾਣ ਲਈ ਜਿਥੇ ਵੀ ਬਾਰਡਰ ‘ਤੇ ਡੰਡੇ ਪੈਣਗੇ ਤਾਂ ਉਹ ਹੱਸ ਕੇ ਖਾ ਲੈਣਗੇ ਪਰ ਹਰ ਹਾਲਤ ਵਿੱਚ ਹੀ ਮੁਰਾਦਾਬਾਦ ਜਾਣਗੇ, ਕਿਉਂਕਿ ਹੁਣ ਪੰਜਾਬ ਵਿੱਚ ਉਨ੍ਹਾਂ ਦਾ ਕੁਝ ਵੀ ਨਹੀਂ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।