ਲਾਲ ਕਿਲਾ ਹਿੰਸਾ ਮਾਮਲੇ ‘ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਪਿਛਲੇ 26 ਜਨਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ’ਚ ਹੋਈ ਹਿੰਸਾ ਦੌਰਾਨ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਤੀਹ ਹਜ਼ਾਰੀ ਕੋਰਟ ਤੋਂ ਜਮਾਨਤ ਮਿਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ’ਤੇ ਹਿੰਸਾ ਹੋਈ ਸੀ, ਜਿਸ ’ਚ ਕਈ ਪੁਲਿਸ ਮੁਲਾਜ਼ਮ ਜਖਮੀ ਹੋਏ ਸਨ। ਦੀਪ ਸਿੱਧੂ ਲਾਲ ਕਿਲੇ ਹਿੰਸਾ ਦਾ ਮੁੱਖ ਮੁਲਜ਼ਮ ਸੀ ਜਿਸ ’ਤੇ ਦੇਸ਼ ਧ੍ਰੋਹ ਸਮੇਤ ਕਈ ਧਾਰਾਵਾਂ ’ਚ ਮਾਮਲਾ ਦਰਜ਼ ਸੀ।
A Delhi Court grants bail to Deep Sidhu, an accused in the 26th January violence case.
(File photo) pic.twitter.com/vzrEEYuL1d
— ANI (@ANI) April 17, 2021
ਹਿੰਸਾ ਮਾਮਲੇ ’ਚ 500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਹੋਏ ਸਨ ਜਖਮੀ
ਦੱਸ ਦੇਈਏ ਕਿ 26 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ’ਚ ਪ੍ਰਦਰਸ਼ਨਕਾਰੀ ਕਿਸਾਨ ਨਾਕਿਆਂ ਨੂੰ ਤੋੜ ਕੇ ਰਾਜਧਾਨੀ ’ਚ ਦਾਖਲ ਹੋ ਗਏ ਸਨ ਤੇ ਆਈਟੀਓ ਸਮੇਤ ਹੋਰ ਸਥਾਨਾਂ ’ਤੇ ਉਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋਈ ਸੀ। ਇਸ ਹਿੰਸਾ ’ਚ 500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਜਖਮੀ ਹੋ ਗਏ ਸਨ, ਜਦੋਂ ਕਿ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ।
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਜਨਵਰੀ ਨੂੰ ਰਾਜਧਾਨੀ ’ਚ ਹੋਈ ਹਿੰਸਕ ਘਟਨਾ ਤੇ ਲਾਲ ਕਿਲੇ ’ਤੇ ਸਿੱਖਾਂ ਦਾ ਪਵਿੱਤਰ ਝੰਡਾ ਨਿਸ਼ਾਨ ਸਾਹਿਬ ਲਹਿਰਾਉਣ ਦੇ ਪਿੱਛੇ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਨਾਂਅ ਸਾਹਮਣੇ ਆਇਆ ਸੀ।
ਕੌਣ ਹੈ ਦੀਪ ਸਿੱਧੂ
ਦੀਪ ਸਿੱਧੂ ਪੰਜਾਬੀ ਫਿਲਮਾਂ ਦੇ ਅਦਾਕਾਰ ਹਨ ਤੇ ਸਮਾਜਸੇਵੀ ਵੀ। ਦੀਪ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਰਮਤਾ ਜੋਗੀ ਤੋਂ ਕੀਤੀ ਸੀ, ਜਿਸ ਸਬੰਧੀ ਕਿਹਾ ਜਾਂਦਾ ਹੈ ਕਿ ਉਸ ਦੇ ਨਿਰਮਾਤਾ ਧਰਮਿੰਦਰ ਹਨ। ਦੀਪ ਸਿੱਧੂ ਦਾ ਜਨਮ ਸਾਲ 1984 ’ਚ ਪੰਜਾਬ ਦੇ ਮੁਕਤਸਰ ਜਿਲ੍ਹੇ ’ਚ ਹੋਇਆ ਸੀ। ਦੀਪ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਉਹ ਕਿੰਗਫੀਸ਼ਰ ਮਾਡਲ ਐਵਾਰਡ ਵੀ ਜਿੱਤ ਚੁੱਕੇ ਹਨ। 17 ਜਨਵਰੀ ਨੂੰ ਸਿੱਖ ਫਾਰ ਜਸਟਿਸ ਨਾਲ ਜੁੜੇ ਕੇਸ ਦੇ ਸਿਲਸਿਲੇ ’ਚ ਐੱਨਆਈਏ ਨੇ ਸਿੱਧੂ ਨੂੰ ਤਲਬ ਵੀ ਕੀਤਾ ਸੀ।
ਜਦੋਂ ਦਿੱਲੀ ਨੇ ਮੁਲਜ਼ਮ ਦੀਪ ਸਿੱਧੂ ’ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ’ਤੇ ਰਾਜਧਾਨੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਅਦਾਕਾਰ ਦੀਪ ਸਿੱਧੂ ਤੇ ਤਿੰਨ ਹੋਰ ਦੇ ਬਾਰੇ ’ਚ ਜਾਣਕਾਰੀ ਦੇਣ ’ਤੇ ਇੱਕ ਲੱਖ ਰੁਪਏ ਦਾ ਨਗਦ ਇਨਾਮ ਐਲਾਨਿਆ ਸੀ। ਲਾਲ ਕਿਲੇ ’ਚ ਝੰਡੇ ਲਗਾਉਣ ਜਾਂ ਇਸ ਐਕਟ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਸਿੱਧੂ, ਜੁਗਰਾਜ ਸਿੰਘ, ਗੁਰਤੇਜ ਸਿੰਘ ਤੇ ਗੁਰਜੰਟ ਸਿੰਘ ’ਤੇ ਇੱਕ ਲੱਖ ਰੁਪਏ ਦਾ ਨਗਦ ਇਨਾਮ ਵੀ ਐਲਾਨ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.