ਕਰਜ਼ਿਆਂ ਦੇ ਝੋਕੇ ਸਹਾਰੇ ਬਲਦੇ ਹਨ ਖੇਤ ਮਜ਼ਦੂਰਾਂ ਦੇ ਘਰਾਂ ‘ਚ ਚੁੱਲ੍ਹੇ

Laborers, Stools, Roam, Debts

ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ?ਲਈ ਦੋ ਡੰਗ ਦੀ ਰੋਟੀ ਹੋਈ ਦੁੱਭਰ

ਬਠਿੰਡਾ| ਪੰਜਾਬ ਦੇ ਖੇਤ ਮਜਦੂਰਾਂ ਦੇ ਚੁੱਲ੍ਹੇ ਕਰਜ਼ਿਆਂ ਨਾਲ ਬਲਦੇ ਹਨ ਕਰਜ਼ੇ ਨਾਲ ਹੀ ਦਵਾ ਦਾਰੂ ਹੁੰਦਾ ਹੈ ਤੇ ਕਈ ਵਾਰ ਤਾਂ ਅੰਤਮ ਰਸਮਾਂ ਵੀ ਕਰਜ਼ੇ ਸਹਾਰੇ ਹੁੰਦੀਆਂ ਹਨ ਅੱਤ ਦੀ ਗਰੀਬੀ ‘ਚ ਰਹਿ ਰਹੇ ਲੋਕਾਂ ਲਈ ਆਪਣੇ ਬੱਚਿਆਂ ਲਈ ਦੋ ਡੰਗ ਦੀ ਰੋਟੀ ਕਮਾ ਕੇ ਲਿਆਉਣੀ ਵੀ ਦੁੱਭਰ ਹੋਈ ਪਈ ਹੈ
ਅਜਿਹੇ ਹਾਲਾਤਾਂ ‘ਚ ਦੋ ਦਹਾਕੇ ਪਹਿਲਾਂ ਲਿਆ ਕਰਜ਼ਾ ਲਾਹ ਪਾਉਣ ਤੋਂ ਅਸਮਰੱਥ ਮਜ਼ਦੂਰ ਪਰਿਵਾਰਾਂ ਦੀ ਕਹਾਣੀ ਦੁੱਖਾਂ ਨਾਲ ਹੀ ਸ਼ੁਰੂ ਤੇ ਦੁੱਖਾਂ ਨਾਲ ਹੀ ਖਤਮ ਹੋ ਰਹੀ ਹੈ  ਖੇਤ ਮਜਦੂਰਾਂ ਸਿਰ ਚੜ੍ਹੇ ਕਰਜ਼ੇ ਦਾ ਇੱਕ ਅਹਿਮ ਪਹਿਲੂ ਸਾਹਮਣੇ ਆਇਆ ਹੈ ਕਿ ਕਰਜਾ ਹਾਸਲ ਕਰਨ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਹਨ ਸਾਲ 2011 ਦੀ ਜਨਗਣਨਾ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਗਿਣਤੀ 15,80,455 ਹੈ  ਇਨ੍ਹਾਂ ਚੋਂ 14,74,732 ਪੇਂਡੂ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਹਨ ਅਤੇ 1,13,723 ਅਜਿਹੇ ਮਜ਼ਦੂਰ ਹਨ, ਜੋ ਸ਼ਹਿਰ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਗੁਜ਼ਾਰਾ ਮੁੱਖ ਰੂਪ ਵਿੱਚ ਖੇਤੀ ਦੇ ਕੰਮ ਤੋਂ ਹੀ ਚਲਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਿਕ ਹਰ ਖੇਤ ਮਜ਼ਦੂਰ ਪਰਿਵਾਰ ਸਿਰ ਔਸਤਨ 70 ਹਜ਼ਾਰ ਰੁਪਏ ਕਰਜ਼ਾ ਹੈ ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਦੇ ਮਾਹਿਰ ਗਰੁੱਪ ਅਨੁਸਾਰ 82.06 ਫ਼ੀਸਦੀ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ  ਹਨ ਜਿਨ੍ਹਾਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 25,683.84 ਰੁਪਏ ਰੱਖੀ ਹੈ  ਅਧਿਐਨ ਰਿਪੋਰਟ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਔਸਤਨ ਪ੍ਰਤੀ ਵਿਅਕਤੀ ਸਾਲਾਨਾ ਆਮਦਨ 18,675.84 ਰੁਪਏ ਹੈ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਖੇਤ ਮਜ਼ਦੂਰ ਜੇਕਰ ਸੌ ਰੁਪਏ ਕਮਾਉਂਦਾ ਹੈ ਤਾਂ  ਉਸ ਦਾ ਖਰਚ 112 ਰੁਪਏ ਹੋ ਜਾਂਦਾ ਹੈ ਉਸ ਦਾ ਵੱਡਾ ਖਰਚਾ ਮੁੱਢਲੀਆਂ  ਲੋੜਾਂ  ਰੋਟੀ, ਕੱਪੜਾ, ਬਿਮਾਰੀ ਦੇ ਇਲਾਜ ਆਦਿ ਉੱਤੇ ਹੋ ਰਿਹਾ ਹੈ
ਰਿਪੋਰਟ ਮੁਤਾਬਕ ਕੋਈ ਵੀ ਚੀਜ਼ ਗਹਿਣੇ ਰੱਖਣ ਲਈ ਨਾ ਹੋਣ ਕਾਰਨ ਮਜ਼ਦੂਰ ਨੂੰ ਸੰਸਥਾਗਤ ਕਰਜ਼ਾ ਨਹੀਂ ਮਿਲਦਾ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਖੇਤ ਮਜ਼ਦੂਰ ਪਰਿਵਾਰਾਂ  ਨੂੰ ਕੇਵਲ 8.21 ਫ਼ੀਸਦ ਹੀ ਸੰਸਥਾਗਤ ਕਰਜ਼ਾ ਮਿਲਿਆ ਹੈ ਜਦੋਂਕਿ ਬਾਕੀ 91.79 ਫ਼ੀਸਦੀ ਕਰਜ਼ਾ ਉਸ ਨੇ ਸ਼ਾਹੂਕਾਰਾਂ , ਵੱਡੇ ਕਿਸਾਨ ਜਾਂ  ਹੋਰਾਂ  ਸਾਧਨਾਂ  ਤੋਂ ਲਿਆ ਹੋਇਆ ਹੈ  ਖੇਤ ਮਜਦੂਰਾਂ ਨੂੰ ਸਭ ਤੋਂ ਵੱਧ ਵਿਆਜ ਦਰ 22 ਤੋਂ 28 ਫ਼ੀਸਦ ਦੇ ਵਿਚਕਾਰ ਦੇਣੀ ਪੈ ਰਹੀ ਹੈ ਸਰਵੇਖਣ ਰਿਪੋਰਟ ਮੁਤਾਬਕ ਇੱਕ ਮਜ਼ਦੂਰ ਪਰਿਵਾਰ ਵਿੱਚ ਔਸਤਨ ਪੰਜ (4.87) ਜੀਅ ਰਹਿ ਰਹੇ ਹਨ ਤੇ ਇਨ੍ਹਾਂ  ਪਰਿਵਾਰਾਂ  ਸਿਰ 68,329.88 ਰੁਪਏ ਔਸਤਨ ਕਰਜ਼ਾ ਹੈ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨੁਸਰਾਲੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਖੇਤ ਮਜ਼ਦੂਰਾਂ  ਨੂੰ ਬੁਨਿਆਦੀ ਲੋੜਾਂ  ਲਈ ਵੀ ਤਰਲੇ ਮਾਰਨੇ ਪੈ ਰਹੇ ਹਨ  ਉਨ੍ਹਾਂ ਦੱਸਿਆ ਕਿ ਮਜ਼ੂਦਰਾਂ  ਨੇ ਜਿਨ੍ਹਾਂ  ਲੋੜਾਂ  ਲਈ ਕਰਜ਼ਾ ਲਿਆ ਹੈ, ਉਹ ਵੀ ਉਨ੍ਹਾਂ  ਦੀ ਮਾੜੀ ਸਮਾਜਿਕ ਤੇ ਆਰਥਿਕ ਹਾਲਤ ਦੀ ਤਸਵੀਰ ਪੇਸ਼ ਕਰਦੀਆਂ  ਹਨ ਸ੍ਰੀ ਨੁਸਰਾਲੀ ਨੇ ਦੱਸਿਆ ਕਿ ਉਂਜ ਤਾਂ ਸਮਾਜਿਕ ਹਾਲਤ ਦਾ ਇੱਕ ਵੀ ਪੱਖ ਅਜਿਹਾ ਨਹੀਂ, ਜਿਸ ਨੂੰ ਔਸਤ ਵੀ ਮੰਨਿਆ ਜਾ ਸਕਦਾ ਹੋਵੇ ਪਰ ਕਰਜ਼ਿਆਂ ਦੇ ਤੰਦੂਆ ਜਾਲ ‘ਚ ਫਸਣ ਕਰਕੇ ਮਜ਼ਦੂਰ ਪਰਿਵਾਰ ਬੁਰੀ ਤਰ੍ਹਾਂ ਝੰਬੇ ਪਏ ਹਨ  ਉਨ੍ਹਾਂ ਸਰਕਾਰ ਤੋਂ ਫੌਰੀ ਤੌਰ ‘ਤੇ ਖੇਤ ਮਜ਼ਦੂਰ ਪਰਿਵਾਰਾਂ ਦਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Laborers, Stools, Roam, Debts