ਸਿਆਸੀ ਰੰਗ ’ਚ ਰੰਗਿਆ ਗਿਆ ਕੁੰਵਰ ਵਿਜੇ ਪ੍ਰਤਾਪ, ਆਪ ’ਚ ਸ਼ਾਮਲ

Kunwar Vijay Pratap join AAP Sachkahoon

ਨੌਕਰੀ ਦੌਰਾਨ ਲਗਦੇ ਰਹੇ ਨੇ ਸਿਆਸਤ ਕਰਨ ਦੇ ਦੋਸ਼

ਸੱਚ ਕਹੂੰ ਨਿਊਜ਼. ਅੰਮ੍ਰਿਤਸਰ। ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਅੰਮਿ੍ਰਤਸਰ ਪਹੁੰਚੇ ਹੋਏ ਸਨ। ਦਿੱਲੀ ਤੋਂ ਅੰਮਿ੍ਰਤਸਰ ਏਅਰਪੋਰਟ ਪਹੁੰਚੇ ਕੇਜਰੀਵਾਲ ਸਿੱਧਾ ਸਰਕਟ ਹਾਊਸ ਪਹੁੰਚੇ ਅਤੇ ਉਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੂੰ ‘ਆਪ’ ’ਚ ਸ਼ਾਮਲ ਕੀਤਾ।ਕੁੰਵਰ ਵਿਜੇ ਪ੍ਰਤਾਪ ਦੀ ਸਿਆਸਤ ’ਚ ਇਸ ਐਂਟਰੀ ਨਾਲ ਅਕਾਲੀ ਦਲ ਦੇ ਉਹ ਦਾਅਵੇ ਪੱਕੇ ਹੋ ਗਏ ਹਨ ਜਿਹਨਾਂ ’ਚ ਕੁੰਵਰ ਵਿਜੇ ਪ੍ਰਤਾਪ ’ਤੇ ਨੌਕਰੀ ਦੌਰਾਨ ਸਿਆਸਤ ਕਰਨ ਦੇ ਦੋਸ਼ ਲਗਦੇ ਰਹੇ ਹਨ।

ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸੰਕੇਤ ਇੱਕ ਦਿਨ ਪਹਿਲਾਂ ਹੀ ਉਦੋਂ ਮਿਲ ਗਏ ਸਨ ਜਦੋਂ ਕੇਜਰੀਵਾਲ ਨੇ ਖੁਦ ਟਵੀਟ ਕਰਦੇ ਹੋਏ ਅੰਮਿ੍ਰਤਸਰ ਆਉਣ ਦੀ ਜਾਣਕਾਰੀ ਦਿੱਤੀ ਸੀ। ਕੇਜਰੀਵਾਲ ਨੇ ਆਖਿਆ ਸੀ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਤੋਂ ਉਮੀਦਾਂ ਹਨ। ਕੱਲ੍ਹ ਅੰਮਿ੍ਰਤਸਰ ਵਿੱਚ ਮਿਲਦੇ ਹਾਂ।

ਦੱਸਣਯੋਗ ਹੈ ਕਿ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਬਰਖਾਸਤ ਕੀਤੀ ਗਈ ਪੁਰਾਣੀ ਐੱਸ. ਆਈ. ਟੀ. ਦੇ ਮੁਖੀ ਅਤੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ’ਤੇ ਉਸ ਵੇਲੇ ਸ੍ਰੋਮਣੀ ਅਕਾਲੀ ਦੋਸ਼ ਲਾਉਂਦਾ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਆਪਣੀ ਨੌਕਰੀ ਦੌਰਾਨ ਸਿਆਸੀ ਇਸ਼ਾਰਿਆਂ ’ਤੇ ਕੰਮ ਕਰਦੇ ਰਹੇ ਹਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ ਲਗਾ ਚੁੱਕੇ ਹਨ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਹ ਅਕਾਲੀ ਦਲ ਨੂੰ ਢਾਹ ਲਗਾਉਣ ਵਾਲੀ ਜਾਂਚ ਕਰ ਰਹੇ ਹਨ। ਅਕਾਲੀ ਦਲ ਇਹ ਵੀ ਆਖ ਚੁੱਕਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿਆਸੀ ਜਮੀਨ ਦੀ ਭਾਲ ਵਿੱਚ ਹੈ, ਜਿਸ ਕਾਰਣ ਉਸ ਵੱਲੋਂ ਆਪਣੇ ਆਕਾਵਾਂ ਨੂੰ ਖੁਸ਼ ਕਰਣ ਲਈ ਅਕਾਲੀ ਦਲ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਹੁਣ ਜਦੋਂ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤਾਂ ਅਕਾਲੀ ਦਲ ਵੱਲੋਂ ਲਗਾਏ ਗਏ ਦੋਸ਼ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੇ ਨਜਰ ਆ ਰਹੇ ਹਨ।

ਕਾਂਗਰਸੀ ਮੰਤਰੀ ਨੇ ਵੀ ਬੋਲੇ ਸ਼ਬਦੀ ਹਮਲੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ‘ਆਪ’ ਵਿੱਚ ਸ਼ਾਮਲ ਕਰਨ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ‘ਆਪ’ ਕਹਿ ਰਹੀ ਹੈ ਕਿ ਉਹ ਆਮ ਲੋਕਾਂ ਨੂੰ ਟਿਕਟਾਂ ਦੇਣਗੇ ਪਰ ਪੰਜਾਬ ਵਿੱਚ ‘ਆਪ’ ਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਤੇ ਹੁਣ ਡੰਡੇ ਵਾਲੇ ਨੂੰ ਸ਼ਾਮਲ ਕਰਾ ਕੇ ਉਸ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਕਿਹੜਾ ਆਮ ਵਿਅਕਤੀ ਹੈ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਪੁਲਿਸ ਵਿਚ ਰਹਿ ਕੇ ਆਪਣਾ ਡੰਡਾ ਚਲਾਇਆ ਅਤੇ ਹੁਣ ਸਿਆਸਤ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਡੰਡਾ ਚਲਾਉਣਾ ਹੋਰ ਗੱਲ ਹੈ, ਸਿਆਸਤ ਕਰਨੀ ਹੋਰ ਗੱਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।