ਕੁਲਤਾਰ ਸੰਧਵਾਂ ਤੇ ਲਾਲਜੀਤ ਭੁੱਲਰ ਸਮੇਤ 25 ‘ਆਪ’ ਆਗੂਆਂ ਲਈ ਅਦਾਲਤ ਨੇ ਸੁਣਾਇਆ ਫ਼ੈਸਲਾ, ਕੀ ਹੈ ਮਾਮਲਾ?

Laljit Bhullar

ਤਰਨਤਾਰਨ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Bhullar) ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Sandhavan) ਸਮੇਤ 25 ਆਪ ਆਗੂਆਂ ਨੂੰ ਅੱਜ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਉਕਤ ਸਾਰਿਆਂ ਨੂੰ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਸਾਲ 2020 ਦੌਰਾਨ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ਅੰਦਰ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋਣ ਦੇ ਵਿਰੋਧ ’ਚ ਉਸ ਵੇਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਿਧਾਇਕਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਥਾਣਾ ਸਦਰ ਤਰਨਤਾਰਨ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਖਿਲਾਫ਼ 2 ਮਾਮਲੇ ਦਰਜ਼ ਕੀਤੇ ਗਏ ਸਨ।

Also Read : ਇਰਾਨ ਦੇ ਖਿਲਾਫ਼ ਇਜਰਾਇਲ ਦਾ ਸਭ ਤੋਂ ਵੱਡਾ ਐਕਸ਼ਨ, ਅਮਰੀਕਾ ਨੇ ਕੀਤੀ ਪੁਸ਼ਟੀ, ਪੂਰੀ ਦੁਨੀਆਂ ’ਚ ਮੱਚੀ ਹਾਹਾਕਾਰ

ਇਸ ਸਬੰਧੀ ਵੀਰਵਾਰ ਨੂੰ ਮਾਣਯੋਗ ਅਦਾਲਤ ’ਚ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਣੇ ਹੋਰ ਵਿਧਾਇਕਾਂ ਵੱਲੋਂ ਹਾਜ਼ਰੀ ਲਗਵਾਈ ਗਈ। ਇਸ ਦੌਰਾਨ ਮਾਣਯੋਗ ਅਦਾਲਤ ਨੇ ਇੱਕ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਸਪੀਕਰ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੌੜੀ, ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਹੋਰਾਂ ਸਮੇਤ 25 ਵਿਅਕਤੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ ਹੈ। ਜਦੋਂਕਿ ਦੂਜੇ ਕੇਸ ਦੀ ਸੁਣਵਾਈ 9 ਮਈ ਦੀ ਤੈਅ ਕੀਤੀ ਗਈ ਹੈ।