ਲਾਲਜੀਤ ਭੁੱਲਰ ਨੂੰ ਮਿਲਿਆ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ | Punjab Cabinet
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਮੰਤਰੀ ਮੰਡਲ (Punjab Cabinet) ਵਿੱਚ ਫੇਰਬਦਲ ਕਰਨ ਦੇ ਨਾਲ ਹੀ ਵਿਭਾਗਾਂ ਵਿੱਚ ਵੀ ਭਾਰੀ ਫੇਰਬਦਲ ਕਰ ਦਿੱਤਾ ਗਿਆ ਹੈ। ਵਿਭਾਗਾਂ ਦੇ ਫੇਰਬਦਲ ਵਿੱਚ ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਕਾਫ਼ੀ ਜ਼ਿਆਦਾ ਘਟ ਗਿਆ ਹੈ, ਉਨ੍ਹਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਖੋਂਹਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਦੇ ਦਿੱਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਕੋਲ ਪਹਿਲਾਂ ਹੀ ਟਰਾਂਸਪੋਰਟ ਵਿਭਾਗ ਸੀ ਅਤੇ ਹੁਣ ਇਹ ਵੱਡਾ ਪੰਚਾਇਤ ਵਿਭਾਗ ਮਿਲਣ ਕਰਕੇ ਉਨ੍ਹਾਂ ਦਾ ਕੱਦ ਵਧ ਗਿਆ ਹੈ।
ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਵਿਭਾਗ ਤੇ ਸੰਸਦੀ ਮਾਮਲੇ ਤਾਂ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲੇ 3 ਵਿਭਾਗ | Punjab Cabinet
ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਵਿਭਾਗਾਂ ਦੀ ਵੰਡ ਵਿੱਚ ਨਵੇਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਰਜ ਵਿਭਾਗ ਦਿੱਤਾ ਗਿਆ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਸਣੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਲ ਸਰੋਤ, ਰੇਤਾ ਬਜਰੀ ਤੇ ਭੂ ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਨ, ਖੇਡਾਂ ਤੇ ਯੁਵਕ ਭਲਾਈ ਦੇ ਨਾਲ ਹੁਣ ਪਾਣੀ ਤੇ ਜ਼ਮੀਨ ਸੰਭਾਲ ਵੀ ਦੇ ਦਿੱਤਾ ਗਿਆ ਹੈ। (Punjab Cabinet)
ਕੁਲਦੀਪ ਸਿੰਘ ਧਾਲੀਵਾਲ ਤੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਾਪਸ ਲਿਆ ਗਿਆ ਹੈ, ਜਦੋਂ ਕਿ ਉਨ੍ਹਾਂ ਨੂੰ ਹੁਣ ਸਿਰਫ਼ ਐੱਨਆਰਆਈ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਹੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਤੋਂ ਦੋ ਵਿਭਾਗ ਵਾਪਸ ਲੈ ਕੇ ਟਰਾਂਸਪੋਰਟ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤਾ ਗਿਆ ਹੈ।