ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਮਜੀਠਾ ਦੇ ਲੋਕਾਂ ਨੂੰ ਆਖੀ ਇਹ ਗੱਲ

Kuldeep Singh Dhaliwal

ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੁਣ ਹਾਸ਼ੀਏ ਤੇ ਚਲੇ ਗਏ ਹਨ ਅਤੇ ਇਹ ਸਿਰਫ ਆਪਣੇ ਵਜ਼ੂਦ ਦੀ ਲੜਾਈ ਲੜ ਰਹੇ ਹਨ। ਵਿਧਾਨ ਸਭਾ ਹਲਕਾ ਮਜੀਠਾ ਵਿੱਚ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੀ ਅਗਵਾਈ ਹੇਠ ਅੱਧੀ ਦਰਜਨ ਤੋਂ ਵੱਧ ਕੀਤੀਆਂ ਚੋਣ ਰੈਲੀਆਂ ਦੌਰਾਨ ਪਿੰਡ ਜਲਾਲਪੁਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਤੇ ਨਿਸ਼ਾਨੇ ਲਾਏ। ਉਹਨਾਂ ਕਿਹਾ ਕਿ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਵੀ ਕਿਸਾਨਾਂ ਤੇ ਮਜ਼ਦੂਰਾਂ ਦਾ ਵੱਡਾ ਦੁਸ਼ਮਣ ਹੈ। ਅਕਾਲੀ ਦਲ ਨੇ ਕੇਂਦਰ ਵਿਚ ਕੁਰਸੀ ਦੀ ਖਾਤਿਰ ਪੰਜਾਬ ਦੇ ਹਿੱਤਾਂ ਦਾ ਹਮੇਸ਼ਾਂ ਕਤਲ ਕੀਤਾ ਹੈ। (Kuldeep Singh Dhaliwal)

Kuldeep Singh Dhaliwal

ਬਿਕਰਮ ਮਜੀਠੀਆ ਉਪਰ ਵਾਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲੇ ਅੱਜ ਕਿਸ ਮੂੰਹ ਨਾਲ ਲੋਕਾਂ ਵਿਚ ਜਾ ਰਹੇ ਹਨ। ਲੋਕ ਪੰਜਾਬ ਦੀ ਜਵਾਨੀ ਨਿਗਲਣ ਵਾਲੇ ਇਹਨਾਂ ਮਗਰਮੱਛਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਮਜੀਠੀਏ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੋਂ ਬਿਨਾਂ ਦਿੱਤਾ ਕੀ ਹੈ। ਧਾਲੀਵਾਲ ਨੇ ਕਿਹਾ ਕਿ ਅਜਿਹੇ ਲੀਡਰਾਂ ਕਰਕੇ ਅਕਾਲੀ ਦਲ ਖ਼ਤਮ ਹੋਣ ਕਿਨਾਰੇ ਹੈ। ਲੋਕ ਅਕਾਲੀ ਦਲ ਤੋਂ ਮੂੰਹ ਮੋੜ ਚੁੱਕੇ ਹਨ ਅਤੇ ਬਿਕਰਮ ਮਜੀਠੀਆ ਹੁਣ ਆਪਣੇ ਹਲਕੇ ਵਿੱਚ ਆਪਣੀ ਹੋਂਦ ਬਚਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਤਕੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਇਆ ਜਾ ਸਕੇ।

ਉਹਨਾਂ ਕਿਹਾ ਕਿ ਚਾਰ ਜੂਨ ਨੂੰ ਦੇਸ਼ ਵਿੱਚੋਂ ਕੇਂਦਰ ਦੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਅੰਤ ਹੋਣ ਜਾ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ 10 ਸਾਲ ਤੋਂ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਦੀ ਸਰਕਾਰ ਹਰ ਮੁੱਦੇ ਤੇ ਫੇਲ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਸਿਰਫ ਨਫਰਤ ਦੀ ਰਾਜਨੀਤੀ ਕੀਤੀ ਹੈ ਅਤੇ ਚੁਣੇ ਹੋਏ ਵਿਧਾਇਕਾਂ ਦੀਆਂ ਖਰੀਦੋ ਫਰੋਖਤ ਕਰਕੇ ਸਰਕਾਰਾਂ ਡੇਗਣ ਦਾ ਕੰਮ ਕੀਤਾ ਹੈ । ਉਨਾ ਕਿਹਾ ਕਿ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੰਮ੍ਰਿਤਸਰ ਦੌਰੇ ਦੌਰਾਨ ਕੀਤੇ ਵਿਸ਼ਾਲ ਰੋਡ ਸ਼ੋ ਨਾਲ ਵਰਕਰਾਂ ਵਿੱਚ ਹੋਰ ਨਵਾਂ ਜੋਸ਼ ਭਰ ਗਿਆ ਹੈ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹੋ ਗਈ ਹੈ।

Kuldeep Singh Dhaliwal

ਉਹਨਾਂ ਕਿਹਾ ਕਿ ਅੱਜ ਤੱਕ ਅੰਮ੍ਰਿਤਸਰ ਤੋਂ ਚੁਣ ਕੇ ਗਏ ਲੋਕ ਸਭਾ ਮੈਂਬਰ ਸਿਰਫ ਤੇ ਸਿਰਫ ਲੋਕਾਂ ਨੂੰ ਵੋਟਾਂ ਵੇਲੇ ਹੀ ਨਜ਼ਰ ਆਉਂਦੇ ਸਨ ਪਰ ਉਹ ਲੋਕਾਂ ਦੇ ਸੇਵਾਦਾਰ ਬਣ ਕੇ ਕੰਮ ਕਰਨਗੇ। ਜਿਵੇਂ ਪਿਛਲੇ ਦੋ ਸਾਲ ਵਿੱਚ ਉਹਨਾਂ ਦੇ ਘਰ ਦੇ ਦਰਵਾਜੇ ਹਰ ਕਿਸੇ ਲਈ ਖੁੱਲੇ ਹਨ ਉਸੇ ਤਰ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਬਣ ਕੇ ਵੀ ਉਹ 24 ਘੰਟੇ ਲੋਕਾਂ ਦੇ ਵਿੱਚ ਮੌਜੂਦ ਰਹਿਣਗੇ ਅਤੇ ਅੰਮ੍ਰਿਤਸਰ ਦੀ ਨੁਹਾਰ ਬਦਲਣ ਲਈ ਦਿਨ ਰਾਤ ਮਿਹਨਤ ਕਰਨਗੇ। ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਜੇਕਰ ਖੁਸ਼ਹਾਲ ਕੀਤਾ ਜਾਵੇ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ।

Also Read : ਲੋਕ ਸਭਾ ਚੋਣਾਂ ਲੜਨ ਲਈ ਕਿਵੇਂ ਭਰੀ ਜਾਂਦੀ ਹੈ ਨਾਮਜ਼ਦਗੀ? ਪ੍ਰਪੋਜਰ ਦੀ ਕੀ ਹੁੰਦੀ ਐ ਭੂਮਿਕਾ? ਕਿੰਨਾ ਚਾਹੀਦੈ ਪੈਸਾ…

ਉਨਾ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਆਸਾਂ ਨੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਲਈ ਵਚਨਬੱਧ ਹੈ। ਧਾਲੀਵਾਲ ਵੱਲੋਂ ਸ਼ਹਿਜ਼ਾਦਾ, ਟਾਹਲੀ ਸਾਹਿਬ, ਭੀਲੋਵਾਲ, ਸਾਧਪੁਰ, ਤਲਵੰਡੀ ਦਸੌਂਧਾ, ਕੱਥੂਨੰਗਲ,ਮੱਧੀਪੁਰ ਪੰਧੇਰ, ਪੰਧੇਰ ਆਦਿ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ।