ਅੰਮ੍ਰਿਤਪਾਲ ਦਾ ਆਈਏਐਸ ਨਾਲ ਸਬੰਧ ਹੈ : ਗਿੱਲ
- ਅੰਮ੍ਰਿਤਪਾਲ ਦੇ ਪੰਜ ਸਾਥੀਆਂ ਤੇ ਐਨਐਸਏ ਲਾਇਆ ਗਿਆ
- ਹਾਲੇ ਤੱਕ 114 ਲੋਕਾਂ ਨੂੰ ਕਾਬੂ ਕੀਤਾ
(ਸੱਚ ਕਹੂੰ ਨਿਊਜ਼)ਚੰਡੀਗੜ੍ਹ। ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤਪਾਲ (Amritpal Singh) ਨੂੰ ਲੈ ਕੇ ਵੱਡੇ ਖੁਲਾਸੇ ਕੀਤੇ। ਉਨਾਂ ਕਿਹਾ ਕਿ ਅੰਮ੍ਰਿਤਪਾਲ ਦਾ ਆਈਏਐਸ ਨਾਲ ਸਬੰਧ ਹੈ। ਅੰਮ੍ਰਿਤਪਾਲ ਹਾਲੇ ਵੀ ਫਰਾਰ ਹੈ ਪੁਲਿਸ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ। ਜਿਵੇਂ ਹੀ ਅੰਮ੍ਰਿਤਪਾਲ ਗ੍ਰਿਫਤਾਰ ਹੁੰਦਾ ਹੈ ਉਸ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇਗੀ ਅਤੇ ਉਸ ’ਤੇ ਐਨਐਸਏ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਪੰਜ ਸਾਥੀਆਂ ’ਤੇ ਐਨਐਸਏ ਲਾਇਆ ਗਿਆ ਹੈ। ਇੱਕ ਗੱਡੀ ਖਰੀਦਣ ਲਈ ਪੈਸੇ ਨਹੀਂ ਸਨ ਤਾਂ ਐਨੀਆਂ ਗੱਡੀਆਂ ਕਿੱਥੋਂ ਆਈਆਂ। ਉਨਾਂ ਕਿਹਾ ਕਿ ਵਹੀਕਲ ਫੰਡ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਤੱਕ ਇਸ ਮਾਮਲੇ ’ਚ 114 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ’ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨਾਂ ਕਿਹਾ ਕਿ ਅਸ਼ਾਂਤੀ ਫੈਲਾਉਣ ਵਾਲਿਆਂ ਖਿਲਾਫ ਐਕਸ਼ਨ ਲਿਆ ਜਾ ਰਿਹੈ ਹੈ। ਸੂਬੇ ’ਚ ਫਿਲਹਾਲ ਸ਼ਾਂਤੀ ਕਾਇਮ ਹੈ।
Amritpal ਸਿੰਘ ਨੂੰ ਫੜਨ ਲਈ ਪੁਲਿਸ ਕਰ ਰਹੀ ਐ ਵਾਹਨਾਂ ਦੀ ਚੈਕਿੰਗ
ਅੰਮ੍ਰਿਤਪਾਲ ਸਿੰਘ (Amritpal) ਨੂੰ ਜਲੰਧਰ-ਮੋਗਾ ਰੋਡ ’ਤੇ ਫੜਨ ਲਈ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਸ ਦੇ ਸਲਾਹਕਾਰ ਅਤੇ ਫਾਈਨਾਂਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਅੰਮਿ੍ਰਤਪਾਲ ਸਿੰਘ ਦੇ ਕਥਿਤ ਸਲਾਹਕਾਰ ਅਤੇ ਫਾਈਨਾਂਸਰ ਦਾ ਨਾਂਅ ਦਲਜੀਤ ਸਿੰਘ ਕਲਸੀ ਉਰਫ ਸਰਬਜੀਤ ਸਿੰਘ ਕਲਸੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗੁਰੂਗ੍ਰਾਮ ਤੋਂ ਫੜਿਆ ਗਿਆ ਹੈ।
ਮੋਬਾਈਲ ਇੰਟਰਨੈੱਟ ਬੰਦ, ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ
ਪੂਰੇ ਪੰਜਾਬ ਵਿੱਚ ਪੁਲਿਸ-ਪ੍ਰਸ਼ਾਸ਼ਨ ਅਲਰਟ ਮੋਡ ‘ਤੇ ਹੈ। ਅੰਮ੍ਰਿਤਸਰ, ਫਾਜ਼ਿਲਕਾ, ਮੋਗਾ, ਮੁਕਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਪੰਜਾਬ ਵਿੱਚ ਸੋਮਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਬੰਦ ਰਹਿਣਗੀਆਂ। 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਚਾਲੂ ਹੋਣਗੀਆਂ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਰੋਡਵੇਜ਼ ਬੱਸਾਂ ਦੋ ਦਿਨ ਨਹੀਂ ਚੱਲਣਗੀਆਂ
ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਹੁਕਮਾਂ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਕੋਈ ਵੀ ਬੱਸ ਨਹੀਂ ਚੱਲੇਗੀ। ਇਹ ਫੈਸਲਾ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਭੰਨਤੋੜ ਕੀਤੇ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਪੁਲਿਸ ਵੱਲੋਂ ਸ਼ਹਿਰਾਂ ਵਿੱਚ ਫਲੈਗ ਮਾਰਚ
ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰ ਦਿੱਤੀ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਪੁਲੀਸ ਤਾਇਨਾਤ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ਹਿਰਾਂ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਤੋਂ ਇਲਾਵਾ ਸੋਮਵਾਰ ਦੁਪਹਿਰ 12 ਵਜੇ ਤੱਕ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਜਲੰਧਰ ਦੇ ਪੁਲਿਸ ਕਮਿਸਨਰ ਨੇ ਕਿਹਾ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ : ਪੰਜਾਬ ਪੁਲਿਸ
ਪੰਜਾਬ ਪੁਲਿਸ ਨੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਵਿੱਚ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ। ਪਿੰਡ ਸ਼ਰੀਂਹ ਵਿੱਚ ਸਰਚ ਆਪਰੇਸ਼ਨ ਦੀ ਅਗਵਾਈ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਖੁਦ ਕੀਤੀ। ਉਨ੍ਹਾਂ ਕਿਹਾ ਕਿ ਅੰਮਿ੍ਰਤਪਾਲ ਸਿੰਘ ਭਗੌੜਾ ਹੈ, ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਅੰਮ੍ਰਿਤਪਾਲ ਦੀ ਕਾਰ ਨਕੋਦਰ ’ਚ ਖੜ੍ਹੀ ਮਿਲੀ।
ਸਾਰੇ ਵਿਅਕਤੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ : ਪੰਜਾਬ ਪੁਲਿਸ
ਉਨ੍ਹਾਂ ਕਿਹਾ ਕਿ ਜੁਰਮਾਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ ਅਤੇ ਪੁਲਿਸ ਨੂੰ ਲੋੜੀਂਦੇ ਸਾਰੇ ਵਿਅਕਤੀ ਆਪਣੇ-ਆਪ ਨੂੰ ਕਾਨੂੰਨ ਦੀ ਪ੍ਰਕਿਰਿਆ ਵਿੱਚ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨੀ ਬਚਾਅ ਲਈ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ। ਇਸ ਦੌਰਾਨ, ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਝੂਠੀਆਂ ਖਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ। ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਸੂਬੇ ਦੀ ਸਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਾਰਤੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਪੰਜਾਬ ’ਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਮਾਮਲਾ ਹਾਈਕੋਰਟ ਪੁੱਜਾ
ਪੰਜਾਬ ’ਚ ਮੋਬਾਇਲ ਸੇਵਾ ਬੰਦ ਕਰਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ (High Court) ’ਚ ਪੁੱਜ ਗਿਆ ਹੈ। ਇਸ ਪਟੀਸ਼ਨ ’ਤੇ ਸੁਣਵਾਈ ਜਲਦ ਹੀ ਹੋ ਸਕਦੀ ਹੈ। ਐਡਵੋਕੇਟ ਜਗਮੋਹਨ ਭੱਟੀ ਨੇ ਪਟੀਸ਼ਨ ਦਰਜ਼ ਕੀਤੀ ਹੈ। ਹੁਣ ਫਾਈਲ ਰਜਿਸਟਰੀ ਵਿੱਚ ਹੋਣੀ ਚਾਹੀਦੀ ਹੈ। ਪਟੀਸ਼ਨ ਰਜਿਸਟਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੁਣਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਹਨ। ਇਸ ਕਾਰਨ ਮੋਬਾਇਲ ’ਤੇ ਇੰਟਰਨੈੱਟ ਨਹੀਂ ਚੱਲ ਰਿਹਾ ਤੇ ਨਾ ਹੀ ਐੱਸਐੱਮਐੱਸ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਅੰਮਿ੍ਰਤਪਾਲ ਸਿੰਘ ਨੂੰ ਗਿ੍ਰ੍ਰਫ਼ਤਾਰ ਕਰਨ ਲਈ ਚਲਾਏ ਗਏ ਸਰਚ ਆਪ੍ਰੇਸ਼ਨ ਕਾਰਨ ਪੰਜਾਬ ’ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਜਨਹਿੱਤ ’ਚ ਲਿਆ ਹੈ।