Punjab Sports News: ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਨੇੜਲੇ ਪਿੰਡ ਕੋਟਲਾ ਸਾਹੀਆ ਦੀਆਂ ਕਮਲਜੀਤ ਖੇਡਾਂ ਬਾਰੇ ਗੱਲ ਕਰੀਏ ਤਾਂ ਸਵ: ਕਮਲਜੀਤ ਸਿੰਘ ਦਾ ਜਨਮ 1959 ਨੂੰ ਮਾਤਾ ਮਹਿੰਦਰ ਕੌਰ ਪਿਤਾ ਸ੍ਰ. ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਕੋਟਲਾ ਸਾਹੀਆ ਵਿਖੇ ਹੋਇਆ ਸੀ। 23 ਅਕਤੂਬਰ 1990 ਨੂੰ ਇਸ ਸੰਸਾਰ ਤੋਂ ਚੱਲ ਵੱਸੇ ਇਸ ਸ਼ਖਸ ਨੇ ਆਪਣੀ ਛੋਟੀ ਉਮਰ ਵਿਚ ਪੋਲ ਵਾਲਟਰ ਖੇਡ ਵਿੱਚ ਵੱਡਾ ਮੁਕਾਮ ਹਾਸਲ ਕਰਕੇ ਆਪਣੇ ਪਿੰਡ, ਇਲਾਕੇ ਤੇ ਆਪਣੀ ਯੂਨਿਟ ਦਾ ਨਾਂਅ ਰੌਸ਼ਨ ਕੀਤਾ।
ਇਹ ਖੇਡਾਂ ਸਵ: ਕਮਲਜੀਤ ਸਿੰਘ ਦੀ ਯਾਦ ਵਿੱਚ 31 ਵਰ੍ਹੇ ਪਹਿਲਾਂ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ, ਧਾਰਮਿਕ ਸੰਸਥਾਵਾਂ ਅਤੇ ਵਿਦੇਸ਼ ਵੱਸਦੇ ਸੱਜਣਾਂ ਦੇ ਸਹਿਯੋਗ ਸਦਕਾ ਸ਼ੁਰੂ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਸਾਲ 2023 ਦੀਆਂ 29ਵੀਆਂ ਖੇਡਾਂ ’ਚ ਜਾਣ ਦਾ ਮੌਕਾ ਮਿਲਿਆ ਤਾਂ ਚਾਰ ਦਿਨਾਂ ਦੇ ਇਸ ਖੇਡ ਮੇਲੇ ਨੂੰ ਵੇਖਣ ਤੋਂ ਬਾਅਦ ਮਹਿਸੂਸ ਹੋਇਆ ਕਿ ਕਿੰਨਾ ਚੰਗਾ ਹੋਵੇ ਜੇ ਪੰਜਾਬ ਭਰ ’ਚ ਅਜਿਹੇ ਖੇਡ ਮੇਲੇ ਕਰਵਾਏ ਜਾਣ। Punjab Sports News
Read Also : Welfare: ਡੇਰਾ ਸ਼ਰਧਾਲੂਆਂ ਨੇ ਸਟੇਸ਼ਨ, ਬੱਸ ਅੱਡਿਆਂ ’ਤੇ ਪਏ ਬੇਸਹਾਰਾ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ
ਇਨ੍ਹਾਂ ਖੇਡਾਂ ’ਚ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ, ਨੈੱਟ ਬਾਲ ਲੜਕੇ, ਲੜਕੀਆਂ, ਕੁੱਤਿਆਂ ਦੀਆਂ ਦੌੜਾਂ, ਅਥਲੈਟਿਕਸ ਮੁਕਾਬਲਿਆਂ ਵਿੱਚ ਪੋਲ ਵਾਲਟ, ਲੰਮੀ ਛਾਲ, ਉੱਚੀ ਛਾਲ, ਟ੍ਰਿਪਲ ਜੰਪ, ਸ਼ਾਟਪੁੱਟ, ਡਿਸਕਸ ਥ੍ਰ੍ਰੋ, ਦੌੜ ਆਦਿ ਖੇਡਾਂ ’ਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਖਿਡਾਰੀਆਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਇਨ੍ਹਾਂ ਚਾਰਾਂ ਦਿਨਾਂ ਵਿਚ ਇੰਝ ਲੱਗਾ ਜਿਵੇਂ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਪਿੰਡਾਂ ’ਚ ਲੱਗਦੇ ਖੇਡ ਮੁਕਾਬਲਿਆਂ ਦਾ ਅਨੰਦ ਮਾਣ ਰਿਹਾ ਹੋਵਾਂ।
Punjab Sports News
ਇਸ ਖੇਡ ਮੇਲੇ ਵਿੱਚ ਹੋਣਹਾਰ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਲੱਖਾਂ ਰੁਪਏ ਦੀ ਨਗਦ ਰਾਸ਼ੀ ਵੰਡ ਕੇ ਜਿੱਥੇ ਖਿਡਾਰੀਆਂ ਦੀ ਮਾਲੀ ਮੱਦਦ ਕੀਤੀ ਗਈ, ਉੱਥੇ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮੁਫਤ ਕਿਤਾਬਾਂ ਵੀ ਵੰਡੀਆਂ ਗਈਆਂ, ਤਾਂ ਜੋ ਨੌਜਵਾਨ ਆਪਣੀਆਂ ਖੇਡਾਂ ਤੇ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਰਹਿਣ। ਇਨ੍ਹਾਂ ਖੇਡ ਮੁਕਾਬਲਿਆਂ ਤੋਂ ਪ੍ਰੇਰਿਤ ਹੋ ਕੇ ਪਿੰਡ ਤੇ ਇਲਾਕੇ ਦੇ ਨੌਜਵਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣਾ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। Kamaljit Games Kotla Sahiya
ਇਨ੍ਹਾਂ ਖੇਡਾਂ ਤੋਂ ਪ੍ਰਭਾਵਿਤ ਨੌਜਵਾਨ ਅਮਨ ਸ਼ੇਰ ਸਿੰਘ ਸੈਰੀ ਕਲਸੀ (ਵਿਧਾਇਕ ਬਟਾਲਾ) ਵੀ ਇਸੇ ਪਿੰਡ ਦਾ ਜੰਮਪਲ ਹੈ। ਇਸ ਖੇਡ ਮੇਲੇ ਵਿੱਚ ਰਾਜਨੀਤਿਕ ਹਸਤੀਆਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਪਿੰਡ ਦੇ ਐਨਆਰਆਈ ਭਰਾਵਾਂ ਵੱਲੋਂ ਵਿਦੇਸ਼ਾਂ ਤੋਂ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਜਾਂਦੇ ਹਨ। ਖੇਡ ਮੇਲੇ ਵਿੱਚ ਆਉਣ ਵਾਲੇ ਖਿਡਾਰੀਆਂ ਦੇ ਰਹਿਣ-ਸਹਿਣ, ਖਾਣ-ਪੀਣ ਦੇ ਇੰਤਜਾਮ ਨੂੰ ਵੇਖ ਕੇ ਇੰਜ ਲੱਗਦਾ ਜਿਵੇਂ ਅਸੀਂ ਕਿਸੇ ਵਿਆਹ ਦੇ ਪ੍ਰੋਗਰਾਮ ’ਤੇ ਪਹੁੰਚੇ ਹੋਈਏ।
Punjab Sports News
ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਲੀ ਕਮੇਟੀ ਦੇ ਇੱਕ-ਇੱਕ ਮੈਂਬਰ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਵਿਧਾਇਕ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਸੇਵਾ ਨਿਭਾ ਰਹੇ ਅਫਸਰ ਸਾਹਿਬਾਨਾਂ ਨੂੰ ਕੰਮ ਕਰਦੇ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਸੱਚਮੁੱਚ ਇਹ ਸਭ ਮੈਂਬਰ ਉੱਚ ਅਹੁਦਿਆਂ ’ਤੇ ਸੇਵਾ ਨਿਭਾ ਰਹੇ ਹੋਣਗੇ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਇਹ ਮੇਲਾ ਆਏ ਸਾਲ ਨਵੇਂ ਰਿਕਾਰਡ ਸਥਾਪਤ ਕਰ ਰਿਹਾ ਹੈ।
ਖੇਡ ਦੇ ਵੱਡੇ ਮੈਦਾਨ ਨੂੰ ਵੇਖਦਿਆਂ ਹੀ ਮਨ ਵਿਚ ਆਇਆ ਕਿ ਭਾਗਾਂ ਵਾਲੇ ਲੋਕ ਨੇ ਜਿੰਨ੍ਹਾਂ ਨੂੰ ਇਸ ਤਰ੍ਹਾਂ ਦਾ ਖੇਡ ਸਟੇਡੀਅਮ ਤੇ ਖੇਡਾਂ ਦਾ ਸਾਜੋ-ਸਾਮਾਨ ਖੇਡਣ ਨੂੰ ਨਸੀਬ ਹੁੰਦਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਖੇਡ ਮੇਲਿਆਂ ਵਿਚ ਬਣਦਾ ਯੋਗਦਾਨ ਪਾ ਕੇ ਨੌਜਵਾਨਾਂ ਦਾ ਹੌਂਸਲਾ ਵਧਾਉਣ ਵਿਚ ਮੱਦਦ ਕਰਨ ਤਾਂ ਜੋ ਭਵਿੱਖ ਵਿੱਚ ਪੰਜਾਬ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ। ਖੇਡ ਪ੍ਰੇਮੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਲ 2024 ’ਚ ਹੋਣ ਵਾਲੀਆਂ ਕਮਲਜੀਤ ਖੇਡਾਂ ਦੀ ਸ਼ੁਰੂਆਤ ਮਿਤੀ 28 ਨਵੰਬਰ ਤੋਂ ਹੋਵੇਗੀ ਜਿਸਦੀ ਸਮਾਪਤੀ ਮਿਤੀ 1 ਦਸੰਬਰ 2024 ਸ਼ਾਮ ਨੂੰ ਹੋਵੇਗੀ।
ਪਰਮਜੀਤ ਸੰਧੂ,
ਥੇਹ ਤਿੱਖਾ, ਗੁਰਦਾਸਪੁਰ
ਮੋ. 94644-27651