ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਕਰਾਵੇਗੀ ਸੜਕਾਂ ਇੱਕ ਮਹੀਨੇ ਲਈ ਟੋਲ ਫ੍ਰੀ

ਪਹਿਲੇ ਪੜਾਵ ਵਿਚ 10 ਜ਼ਿਲ੍ਹਿਆਂ ਵਿਚ 18 ਜਗ੍ਹਾ ਟੋਲ ਮੁਕਤੀ

(ਰਾਜਨ ਮਾਨ) ਅੰਮ੍ਰਿਤਸਰ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਕਾਰ ਵੱਲੋਂ ਮੋਰਚੇ ਦੀਆ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾਣ ਦੇ ਰੋਸ ਵਜੋਂ ਪਹਿਲਾਂ ਤੋਂ ਐਲਾਨੇ ਐਕਸ਼ਨ ਪ੍ਰੋਗਰਾਮ ਤਹਿਤ 15 ਦਸੰਬਰ ਤੋਂ 15 ਜਨਵਰੀ ਤੱਕ ਪਹਿਲੇ ਪੜਾਵ ਵਿਚ 10 ਜਿਲ੍ਹਿਆਂ ਵਿਚ 18 ਥਾਵਾਂ ’ਤੇ ਸੜਕਾਂ ਟੋਲ ਮੁਕਤ ਕੀਤੀਆਂ ਜਾਣਗੀਆਂ।

ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਟ ਪੱਖੀ ਫ਼ੈਸਲੇ ਲੈ ਰਹੀਆਂ ਹਨ,ਜਿਸ ਕਾਰਨ ਆਮ ਨਾਗਰਿਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਹੋਰ ਇਲਾਕਿਆਂ ਤੋਂ ਆਮ ਜਨਤਾ ਵੱਲੋਂ ਜਥੇਬੰਦੀ ਨਾਲ ਸੰਪਰਕ ਕਰਕੇ ਆਪਣੇ-ਆਪਣੇ ਇਲਾਕੇ ਦੇ ਟੋਲ ਪਲਾਜ਼ੇ ਵੀ ਇਸ ਪ੍ਰੋਗਰਾਮ ਤਹਿਤ ਫ੍ਰੀ ਕਰਨ ਲਈ ਫੋਨ ਆ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨਾਲ 7 ਦਸੰਬਰ ਨੂੰ ਹੋਈ ਮੀਟਿੰਗ ਦੀ “ਮਿੰਟਸ ਓਫ ਮੀਟਿੰਗ ਪ੍ਰੋਸੀਡਿੰਗ” ਮਿਲੀ ਹੈ ਪਰ ਡੋਕੂਮੈਂਟਸ ਤੇ ਕੋਈ ਵੀ ਸਰਕਾਰੀ ਸਟੈਂਪ ਨਹੀਂ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਮਜਦੂਰਾਂ ਦੇ ਮੁੱਦੇ ’ਤੇ ਸਿਰਫ ਹਵਾਈ ਗੱਲਾਂ ਕਰਕੇ ਡੰਗ ਟਪਾਊ ਨੀਤੀ ਆਪਣਾ ਰਹੀ ਹੈ ਅਤੇ ਮੀਟਿੰਗ ਵਿਚ ਹੋਈ ਗੱਲ ਬਾਤ ਨੂੰ ਸਰਕਾਰੀ ਡਾਕੂਮੈਂਟ ਨਹੀਂ ਬਣਾਉਣਾ ਚਹੁੰਦੀ।

 ਐੱਸਐੱਸ ਪੀ ’ਤੇ ਕਾਰਵਾਈ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਨਸ਼ੇ ਦਾ ਆਲਮ ਇਹ ਹੈ ਕਿ ਇੱਕ ਏ ਐੱਸ ਆਈ ਦਿਨ ਦਿਹਾੜੇ ਨਸ਼ੇ ਵਿਕਾਓੰਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਰਹੀਆਂ ਹਨ। ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਜਰਮਨਜੀਤ ਬੰਡਾਲਾ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਜਥੇਬੰਦੀ ਜਲੰਧਰ ਦੇ ਲਤੀਫਪੁਰ ਪਿੰਡ ਨੂੰ ਉਜਾੜਨ ਦੀ ਘਟਨਾ ਦੀ ਸਖਤ ਆਲੋਚਨਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਰਕਾਰ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਅਤੇ ਪੀੜਿਤ ਲੋਕਾਂ ਨਾਲ ਗਾਲੀ ਗਲੋਚ ਦੀ ਭਾਸ਼ਾ ਵਰਤਣ ਵਾਲੇ ਐੱਸਐੱਸ ਪੀ ’ਤੇ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਜਾਣਕਰੀ ਦਿੱਤੀ ਕਿ ਤਰਨ ਤਾਰਨ ਮੋਰਚੇ ਤੇ 7 ਦਿਨ ਪਹਿਲਾ ਸ਼ਹੀਦ ਹੋਏ ਜਥੇਬੰਦੀ ਦੇ ਮਜਦੂਰ ਆਗੂ ਬਲਵਿੰਦਰ ਸਿੰਘ ਦੀ ਮੌਤ ਤੇ ਸਰਕਾਰ ਕੋਲੋਂ ਕੀਤੀ ਜਾ ਰਹੀ ਮੁਆਵਜੇ ਅਤੇ ਨੌਕਰੀ ਦੀ ਮੰਗ ਨੂੰ ਲੰਬਾ ਸਮਾਂ ਅਣਗੌਲੇ ਕੀਤੇ ਜਾਣ ਤੇ ਡੀਸੀ ਦਫਤਰ ਤਰਨ ਤਾਰਨ ਦੇ ਚਾਰੇ ਗੇਟ ਬੰਦ ਕਰਕੇ ਰੋਸ ਮੁਜਾਹਰਾ ਕੀਤਾ ਗਿਆ ਜਿਸ ’ਤੇ ਪ੍ਰਸ਼ਾਸ਼ਨ ਵੱਲੋਂ ਮੌਕੇ ’ਤੇ 5 ਲੱਖ ਦਾ ਚੈੱਕ ਦਿੱਤਾ ਗਿਆ ਅਤੇ 5 ਲੱਖ 21 ਦਸੰਬਰ ਨੂੰ ਦੇਣ ਦਾ ਭਰੋਸਾ ਦਿਵਾਇਆ ਗਿਆ, ਪ੍ਰਸ਼ਾਸ਼ਨ ਨੇ ਕਿਹਾ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਮੰਗਾਂ ਨਾ ਮੰਨੀਆਂ ਸਖਤ ਐਕਸ਼ਨ ਲਏ ਜਾਣਗੇ

ਉਨ੍ਹਾਂ ਕਿਹਾ ਜੇਕਰ ਸਰਕਾਰ ਦਿੱਤੇ ਗਏ ਭਰੋਸੇ ’ਤੇ ਖਰੀ ਨਹੀਂ ਉਤਰਦੀ ਤਾਂ ਤਿੱਖੇ ਐਕਸ਼ਨ ਉਲੀਕੇ ਜਾਣਗੇ। ਸਟੇਜ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਮੁਜਾਹਰਾ ਕਰਕੇ ਪਿੱਟ ਸਿਆਪਾ ਕੀਤਾ ਗਿਆ । ਅੱਜ ਮੋਰਚੇ ਵਿਚ ਮੌਜੂਦ ਇੱਕਠ ਨੂੰ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ , ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਕਾਲੇ ਘਣੁਪੁਰ, ਅਮਨਿੰਦਰ ਸਿੰਘ ਮਾਲੋਵਾਲ, ਚਰਨ ਸਿੰਘ ਕਲੇਰ ਘੁਮਾਣ, ਚਰਨਜੀਤ ਸਿੰਘ ਸਫ਼ੀਪੁਰ, ਸਵਰਨ ਸਿੰਘ ਉਧੋਨੰਗਲ, ਰਣਧੀਰ ਸਿੰਘ ਬੁੱਟਰ, ਗੁਰਭੇਜ ਸਿੰਘ ਭੀਲੋਵਾਲ, ਸਤਨਾਮ ਸਿੰਘ ਧਾਰੜ, ਨਿਰਮਲ ਸਿੰਘ ਚੁੰਗ, ਸੰਤੋਖ ਸਿੰਘ ਬੁਤਾਲਾ ਨੇ ਸੰਬੋਧਨ ਕੀਤਾ ਅਤੇ ਸਟੇਜ ਸੰਚਾਲਨ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਨੇ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ