ਕਈ ਰੇਲਾਂ ਹੋਈਆਂ ਪ੍ਰਭਾਵਿਤ, ਰੇਲਾਂ ਤੋਂ ਉੱਤਰ ਮੁਸਾਫਿਰਾਂ ਨੇ ਬੱਸਾਂ ਰਾਹੀਂ ਕੀਤਾ ਸਫਰ
ਮੁੱਖ ਮੰਤਰੀ ਚੰਨੀ ਹਰ ਰੋਜ਼ ਰੈਲੀਆਂ ਕਰਕੇ ਲੋਕਾਂ ਨੂੰ ਫਿਰ ਝੂਠੇ ਸੁਫ਼ਨੇ ਦਿਖਾ ਰਹੇ ਹਨ : ਕਿਸਾਨ ਆਗੂ
(ਸਤਪਾਲ ਥਿੰਦ) ਫਿਰੋਜ਼ਪੁਰ। ਦਿੱਲੀ ਕਿਸਾਨ ਮੋਰਚਾ ਫਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਹੁਣ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਰੇਲ ਰੋਕੋ ਮੋਰਚਾ ਸ਼ੁਰੂ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪੰਜਾਬ ’ਚ ਵੱਖ-ਵੱਖ ਥਾਵਾਂ ਤੋਂ ਇਲਾਵਾ ਫਿਰੋਜ਼ਪੁਰ ਵਿੱਚ ਬਸਤੀ ਟੈਂਕਾਂ ਵਾਲੀ ਵਿਖੇ ਧਰਨਾ ਲਾ ਕੇ ਰੇਲਵੇ ਟਰੈਕ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੇ ਸ਼ਮੂਲੀਅਤ ਕੀਤੀ।
ਰੇਲਵੇ ਟ੍ਰੈਕ ’ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਿਲ੍ਹਾ ਪ੍ਰਧਾਨ ਇੰਦਰਜੀਤ ਬਾਠ, ਸੂਬਾ ਕਮੇਟੀ ਮੈਂਬਰ ਰਣਵੀਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ ਤੇ ਆਪਣੇ ਚੋਣ ਵਾਅਦੇ ਪੂਰੇ ਨਾ ਕਰਕੇ ਸਿਰਫ਼ ਹਰ ਰੋਜ਼ ਨਵੇਂ-ਨਵੇਂ ਝੂਠਾਂ ਦੇ ਗੋਲੇ ਸੁੱਟ ਕੇ ਜਨਤਾ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਸੰਪੂਰਨ ਕਰਜ਼ਾ ਮੁਆਫ਼ੀ, ਘਰ-ਘਰ ਨੌਕਰੀ, ਰੇਤ, ਬੱਜਰੀ ਮਾਫੀਏ, ਨਸ਼ਿਆਂ ਨੂੰ ਨੱਥ ਪਾਉਣ, ਬੁਢਾਪਾ ਪੈਨਸ਼ਨ ਤੇ ਵਧੀਆ ਰਾਜ ਪ੍ਰਬੰਧ ਦੇਣ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚ ਕੁਝ ਹੀ ਪੂਰਨ ਤੌਰ ’ਤੇ ਲਾਗੂ ਹੋਏ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਹਰ ਰੋਜ਼ ਰੈਲੀਆਂ ਕਰਕੇ ਲੋਕਾਂ ਨੂੰ ਫਿਰ ਝੂਠੇ ਸੁਫ਼ਨੇ ਦਿਖਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜੋ ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ, ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਸਮੁੱਚਾ ਕਰਜਾ ਮੁਆਫੀ ਦਾ ਐਲਾਨ ਕੀਤਾ ਸੀ ਉਹ ਵੀ ਅਜੇ ਤੱਕ ਪੂਰਨ ਤੌਰ ’ਤੇ ਲਾਗੂ ਨਹੀਂ ਹੋਇਆ।
ਅੱਜ ਦੇ ਰੇਲ ਰੋਕੋ ਅੰਦੋਲਨ ਮੌਕੇ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਮੋਰਚਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਬੂਟਾ ਸਿੰਘ ਕਰੀ ਕਲਾਂ, ਗੁਰਮੇਲ ਸਿੰਘ ਫੱਤੇਵਾਲ, ਹਰਫੂਲ ਸਿੰਘ, ਬਚਿੱਤਰ ਸਿੰਘ ਦੂਲੇਵਾਲਾ, ਸੁਰਜੀਤ ਸਿੰਘ ਫੌਜੀ, ਸਤਨਾਮ ਸਿੰਘ ਵਾਹਕਾ, ਖਿਲਾਰਾ ਸਿੰਘ ਆਸਲ, ਮਹਿਤਾਬ ਸਿੰਘ ਕੱਚਰਭੰਨ, ਬਲਵਿੰਦਰ ਸਿੰਘ ਲੋਹੁਕਾ,ਰਣਜੀਤ ਸਿੰਘ ਖੱਚਰ ਵਾਲਾ, ਰਛਪਾਲ ਸਿੰਘ ਗੱਟਾ ਬਾਦਸਾਹ, ਸਾਹਿਬ ਸਿੰਘ ਦੀਨੇਕੇ, ਗੁਰਨਾਮ ਸਿੰਘ ਅਲੀਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਵਰਿੰਦਰ ਕੱਸੋਆਣਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਦੇ ਧਰਨੇ ਕਾਰਨ ਕਈ ਰੇਲਾਂ ਹੋਈਆਂ ਰੱਦ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ ਕਾਰਨ ਫਿਰੋਜ਼ਪੁਰ ਡਵੀਜ਼ਨ ਨਾਲ ਸਬੰਧਤ ਕਈ ਰੇਲਾਂ ਨੂੰ ਰੱਦ ਕੀਤਾ ਗਿਆ ਅਤੇ ਰੇਲਾਂ ਨੂੰ ਧਰਨੇ ਤੋਂ ਪਿਛਲੇ ਸਟੇਸ਼ਨਾਂ ਤੋਂ ਰਵਾਨਾ ਕੀਤਾ ਗਿਆ। ਰੇਲਾਂ ਦੇ ਰੱਦ ਹੋਣ ਕਾਰਨ ਮੁਸਾਫਿਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ , ਜਿਸ ਕਾਰਨ ਮੁਸਾਫਿਰਾਂ ਨੂੰ ਬਾਕੀ ਦਾ ਸਫਰ ਰੇਲਾਂ ਨੂੰ ਛੱਡ ਕੇ ਬੱਸਾਂ ਰਾਹੀਂ ਤੈਅ ਕਰਨਾ ਪਿਆ। ਜਾਣਕਾਰੀ ਮੁਤਾਬਿਕ ਇਸ ਅੰਦੋਲਨ ਕਾਰਨ ਸੋਮਵਾਰ ਨੂੰ ਕਰੀਬ 12 ਲੋਕਲ ਰੇਲਾਂ, 27 ਦੇ ਕਰੀਬ ਬਾਹਰੀ ਸੂਬਿਆਂ ਨੂੰ ਜਾਣ ਵਾਲੀਆਂ ਰੇਲਾਂ ਰੱਦ ਹੋਈਆਂ ਅਤੇ 17 ਰੇਲਾਂ ਨੂੰ ਧਰਨੇ ਵਾਲੀਆਂ ਥਾਵਾਂ ਤੋਂ ਪਿਛਲੇ ਸਟੇਸ਼ਨਾਂ ਤੋਂ ਵਾਪਸ ਮੋੜਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ