ਕਿਸਾਨ ਅੰਦੋਲਨ : ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀਆਂ ਕੰਧਾਂ ਵੀ ਪ੍ਰਗਟਾਉਣ ਲੱਗੀਆਂ ਕਾਨੂੰਨਾਂ ਦਾ ਵਿਰੋਧ
ਮਹੇਸਰੀ (ਮੋਗਾ), (ਸੁਖਜੀਤ ਮਾਨ) ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਛਿੜੇ ਅੰਦੋਲਨ ਦਾ ਦਾਇਰਾ ਦਿਨੋਂ-ਦਿਨ ਵਧ ਰਿਹਾ ਹੈ ਬੱਚੇ-ਬੁੱਢੇ ਨੌਜਵਾਨ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ ਹਰ ਕੋਈ ਆਪੋ-ਆਪਣੇ ਢੰਗ ਨਾਲ ਇਸ ਅੰਦੋਲਨ ’ਚ ਬਣਦਾ ਯੋਗਦਾਨ ਪਾ ਰਿਹਾ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀਆਂ ਤਾਂ ਹੁਣ ਕੰਧਾਂ ਵੀ ਕਿਸਾਨਾਂ ਦਾ ਸਾਥ ਦੇਣ ਲੱਗ ਪਈਆਂ ਕੰਧਾਂ ’ਤੇ ਲਿਖੇ ਖੇਤੀ ਕਾਨੂੰਨ ਖਿਲਾਫ਼ ਤੇ ਕਿਸਾਨ-ਮਜ਼ਦੂਰਾ ਏਕਤਾ ਦੇ ਹੱਕੀ ਨਾਅਰੇ ਕੇਂਦਰ ਸਰਕਾਰ ਨੂੰ ਲਲਕਾਰ ਰਹੇ ਹਨ
ਵੇਰਵਿਆਂ ਮੁਤਾਬਿਕ ਪਿੰਡ ਮਹੇਸਰੀ ਵਾਸੀ ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਸਿੰਘ ਅਤੇ ਸਾਥੀਆਂ ਨੇ ਕੰਧਾਂ ’ਤੇ ਪੇਟਿੰਗ ਕਰਨ ਦਾ ਮਨ ਬਣਾਇਆ ਤਾਂ ਪਿੰਡ ਵਾਸੀ ਵੀ ਨਾਲ ਜੁਟ ਗਏ ਬੱਚੇ ਕੰਧਾਂ ਸਾਫ਼ ਕਰ ਰਹੇ ਨੇ ਬਜ਼ੁਰਗ ਹੱਲਾਸ਼ੇਰੀ ਦੇ ਰਹੇ ਹਨ ਕੋਈ ਪੌੜੀ ਚੁੱਕ ਰਿਹੈ ਤੇ ਕੋਈ ਘਰੋਂ ਚਾਹ ਬਣਾਕੇ ਲਿਆਉਂਦਾ ਤੇ ਮੁੰਡਿਆਂ ਨੂੰ ‘ਡਟੇ ਰਹੋ’ ਦਾ ਹੋਕਾ ਦੇ ਰਿਹੈ
ਸੁਖਜਿੰਦਰ ਸਿੰਘ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜਦੋਂ ਹਰ ਵਰਗ ਕਿਸਾਨ ਅੰਦੋਲਨ ’ਚ ਆਪਣਾ ਯੋਗਦਾਨ ਪਾ ਰਿਹਾ ਹੈ ਤਾਂ ਉਨ੍ਹਾਂ ਸੋਚਿਆ ਕਿ ਆਪਣੇ ਹੁਨਰ ਦੇ ਸਦਕਾ ਵੀ ਯੋਗਦਾਨ ਪਾਈਏ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਿੰਡ-ਪਿੰਡ ਹੋਣਾ ਚਾਹੀਦਾ ਹੈ ਨੌਜਵਾਨ ਸਭਾ ਦੇ ਹੀ ਮੈਂਬਰ ਸੁੱਖਾ ਨੇ ਆਪਣੇ ਪੇਟਿੰਗ ਬੁਰਸ਼ਾਂ ਦੇ ਜ਼ਰੀਏ ਕੰਧਾਂ ਨੂੰ ਬੋਲਣ ਲਗਾ ਦਿੱਤਾ ਉਸਨੂੰ ਦੇਖ-ਦੇਖ ਪਿੰਡ ਦੇ ਕੁੱਝ ਨੌਜਵਾਨ ਪੇਂਟਿੰਗ ’ਚ ਮਾਹਿਰ ਹੋਣ ਲੱਗੇ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ’ਚ ਨਾਅਰੇ ਲਿਖੇ ਹਨ
ਪਿੰਡੋਂ ਲੰਘਣ ਵਾਲੇ ਰਾਹਗੀਰ ਵੀ ਖੜ੍ਹ-ਖੜ੍ਹ ਕੇ ਇਹ ਨਾਅਰੇ ਪੜ੍ਹਦੇ ਹਨ ਪਿੰਡ ’ਚ ਮਹੌਲ ਅਜਿਹਾ ਬਣ ਗਿਆ ਲੋਕ ਇਨ੍ਹਾਂ ਨੌਜਵਾਨਾਂ ਕੋਲ ਆ-ਆ ਕੇ ਕਹਿ ਰਹੇ ਹਨ ਕਿ ਸਾਡੀ ਕੰਧ ’ਤੇ ਵੀ ਨਾਅਰੇ ਲਿਖੋ ਪਿੰਡ ਦੀਆਂ Çਲੰਕ ਸੜਕਾਂ ’ਤੇ ਪੈਂਦੀਆਂ ਖੇਤੀ ਮੋਟਰਾਂ ਵਾਲੇ ਕੋਠਿਆਂ ’ਤੇ ਵੀ ‘ਨੋ ਫਾਰਮਰ, ਨੋ ਫੂਡ’ ਤੋਂ ਇਲਾਵਾ ‘ਸਭ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ’ਤੇ ਖਰੀਦ ਦੀ ਗਰੰਟੀ ਕਰੋ’ ਆਦਿ ਨਾਅਰੇ ਲਿਖੇ ਹੋਏ ਹਨ
ਪਿੰਡ ਵਿਚਲੀਆਂ ਵੱਡੀਆਂ ਕੰਧਾਂ ’ਤੇ ਲਿਖਿਆ ਹੈ ਕਿ ‘ਸਾਡੀ ਧਰਤੀ ਸਰਬੱਤ ਦੇ ਭਲੇ ਲਈ ਅੰਨ ਉਗਾਉਣ ਵਾਸਤੇ ਹੈ, ਅੰਬਾਨੀਆਂ-ਅਦਾਨੀਆਂ ਦੇ ਮੁਨਾਫਿਆਂ ਵਾਸਤੇ ਨਹੀਂ’ ਨੌਜਵਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁੱਝ ਮਜ਼ਦੂਰ ਵਿਅਕਤੀ ਜੋ ਦਿੱਲੀ ਅੰਦੋਲਨ ’ਚ ਨਹੀਂ ਜਾ ਸਕੇ ਉਹ ਆਪਣੀ ਮਜ਼ਦੂਰੀ ਛੱਡਕੇ ਇੱਥੇ ਸਾਥ ਦੇ ਰਹੇ ਹਨ ਉਨ੍ਹਾਂ ਆਖਿਆ ਕਿ ਖੇਤਾਂ ਦੀ ਰਾਖੀ ਲਈ ਛਿੜੇ ਇਸ ਅੰਦੋਲਨ ’ਚ ਹਰ ਕਿਸੇ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਵਾਪਿਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ
ਲੋਕ ਕੰਧਾਂ ਨਾਲ ਕਰਾਉਂਦੇ ਨੇ ਫੋਟੋਆਂ
ਕਿਸਾਨ ਅੰਦੋਲਨ ਹੱਕੀ ਇਨ੍ਹਾਂ ਕੰਧਾਂ ਦਾ ਮੁੱਲ ਐਨਾਂ ਜ਼ਿਆਦਾ ਵਧ ਗਿਆ ਹੈ ਕਿ ਪਿੰਡ ਵਾਸੀਆਂ ਤੋਂ ਇਲਾਵਾ ਆਮ ਰਾਹਗੀਰ ਵੀ ਕੰਧਾਂ ’ਤੇ ਕੀਤੀਆਂ ਪੇਟਿੰਗਾਂ ਨਾਲ ਖੜ੍ਹ-ਖੜ੍ਹ ਕੇ ਫੋਟੋਆਂ ਕਰਵਾ ਰਹੇ ਹਨ ਮਹੇਸਰੀ ਪਿੰਡ ਦੀਆਂ ਇਹ ਤਸਵੀਰਾਂ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਰਾਜਸਥਾਨ ਦੇ ਜ਼ਿਲ੍ਹਾ ਸ੍ਰੀਗੰਗਾਨਗਰ ਜ਼ਿਲ੍ਹੇ ’ਚੋਂ ਵੀ ਨੌਜਵਾਨਾਂ ਕੋਲ ਫੋਨ ਆਇਆ ਹੈ ਕਿ ਉਨ੍ਹਾਂ ਦੇ ਪਿੰਡ ’ਚ ਵੀ ਇਸ ਤਰ੍ਹਾਂ ਦੇ ਨਾਅਰੇ ਲਿਖੇ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.