ਲੌਂਗੋਵਾਲ, (ਹਰਪਾਲ)। ਸਥਾਨਕ ਪੱਤੀ ਜੈਦ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਲੌਂਗੋਵਾਲ ਦੀ ਮੀਟਿੰਗ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ 8 ਅਗਸਤ ਨੂੰ ਹਲਕਾ ਸੁਨਾਮ ਦੇ ਐਮਐਲਏ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਵੱਲ ਮੋਟਰਸਾਈਕਲ ਮਾਰਚ ਕਰਕੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਸਬੰਧੀ ਡਿਊਟੀਆਂ ਲਾਈਆਂ ਗਈਆਂ ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਨਹਿਰੀ ਪਾਣੀ ਦੀ ਵੱਡੀ ਘਾਟ ਹੈ ਜਿਸਦਾ ਕਾਰਨ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਹੋਈ ਹੈ ਅਤੇ ਜੋ ਪਾਣੀ ਮਿਲ ਰਿਹਾ ਹੈ ਉਸ ਦਰਿਆਈ ਪਾਣੀ ਵਿੱਚ ਵੀ ਸਨਅਤ ਵੱਲੋਂ ਜ਼ਹਿਰੀਲੇ ਕੈਮੀਕਲ ਪਾਏ ਜਾ ਰਹੇ ਹਨ ਜਿਸ ਕਾਰਨ ਬਿਮਾਰੀਆਂ ਵਧ ਰਹੀਆਂ ਹਨ । ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿੱਢੇ ਸੂਬਾ ਪੱਧਰੀ ਸੰਘਰਸ਼ ਰਾਹੀਂ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਚੱਲ ਰਹੇ ਰਸਾਇਣਕ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਪੱਖੀ ਹੰਢਣਸਾਰ ਖੇਤੀ ਮਾਡਲ ਲਾਗੂ ਕੀਤਾ ਜਾਵੇ , ਪੰਜਾਬ ਦੇ ਹੈੱਡਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਅਤੇ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਵੇ ।
ਨਹਿਰੀ ਢਾਂਚੇ ਨੂੰ ਅਪਗਰੇਡ ਕਰਕੇ ਹਰੇਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਅਤੇ ਦਰਿਆਈ ਪਾਣੀ ਵਿਚ ਸਨਅਤਾਂ ਦਾ ਜ਼ਹਿਰੀਲਾ ਪਾਣੀ ਅਤੇ ਸ਼ਹਿਰਾਂ ਦਾ ਸੀਵਰੇਜ ਪਾਉਣਾ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਨਹਿਰਾਂ ਦੇ ਤਲੇ ਪੱਕੇ ਕਰਨੇ ਬੰਦ ਕੀਤੇ ਜਾਣ ਅਤੇ ਡੈਮ ਸੇਫਟੀ ਐਕਟ ਰੱਦ ਕਰਨ ਲਈ ਵਿਧਾਨ ਸਭਾ ਚ ਮਤਾ ਲਿਆਂਦਾ ਜਾਵੇ। ਪੰਜਾਬ ਚ ਡੂੰਘੇ ਹੋ ਰਹੇ ਪਾਣੀ ਕਾਰਨ ਪੰਜਾਬ ਮਾਰੂਥਲ ਬਣਨ ਵੱਲ ਵਧ ਰਿਹਾ ਹੈ ਪਰ ਸਰਕਾਰਾਂ ਘੂਕ ਸੁੱਤੀਆਂ ਪਈਆਂ ਹਨ। ਆਉਣ ਵਾਲੇ ਦਿਨਾਂ ਚ ਪਾਣੀਆਂ ਦੇ ਹੱਕ ਲੈਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ ।
ਕੱਲ੍ਹ ਨੂੰ ਮੋਟਰਸਾਇਕਲਾਂ ਤੇ ਕਿਸਾਨਾਂ ਦਾ ਵੱਡਾ ਕਾਫਲਾ ਸੁਨਾਮ ਕੈਬਨਿਟ ਮੰਤਰੀ ਦੇ ਘਰ ਵੱਲ ਰਵਾਨਾ ਹੋਵੇਗਾ। ਇਸ ਸਮੇਂ ਮੀਟਿੰਗ ਵਿਚ ਇਕਾਈ ਦੇ ਮੀਤ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ, ਸਕੱਤਰ ਰਾਜਾ ਸਿੰਘ ,ਖਜਾਨਚੀ ਭੋਲਾ ਸਿੰਘ ਪਨਾਂਚ,ਅੰਮ੍ਰਿਤਪਾਲ ਸਿੰਘ , ਗੁਰਚਰਨ ਸਿੰਘ ,ਬਲਕਾਰ ਸਿੰਘ , ਸੁਖਦੇਵ ਸਿੰਘ ਜਥੇਦਾਰ, ਦਰਸ਼ਨ ਸਿੰਘ ਈਨਾ,ਨਿੱਕਾ ਸਿੰਘ ਸਮੇਤ ਵੱਡੀ ਗਿਣਤੀ ਵਰਕਰ ਮੌਜੂ਼ਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ