ਸਾਉਣ ‘ਚ ਹੁਣ ਨਹੀਂ ਮਿਲਦੇ ਖੀਰ ਪੂੜੇ

Khir, Pooery

ਕਮਲ ਬਰਾੜ

ਬਚਪਨ ਆਪਣੇ ਨਾਲ ਬਹੁਤ ਕੁਝ ਲੈ ਗਿਆ। ਹੁਣ ਜਦ ਸਾਉਣ ਮਹੀਨਾ ਚੱਲ ਰਿਹਾ ਪਰ ਸਾਉਣ ਮਹੀਨੇ ਦਾ ਹੁਣ ਪਹਿਲਾਂ ਜਿਹਾ ਚਾਅ ਨਹੀਂ ਰਿਹਾ ਸਾਡਾ ਸਾਰਾ ਹੀ ਪਰਿਵਾਰ ਸ਼ੁਰੂ ਤੋਂ ਹੀ ਖਾਣ-ਪੀਣ ਦਾ ਸ਼ੌਕੀਨ ਸੀ। ਬਹੁਤ ਸਾਰੇ ਪਕਵਾਨ ਅਜਿਹੇ ਹੁੰਦੇ ਹਨ ਜਿਹੜੇ ਵਿਸ਼ੇਸ਼ ਕਿਸੇ ਮਹੀਨੇ ਬਣਾਏ ਜਾਂਦੇ ਹਨ। ਇਨ੍ਹਾਂ ਵਿਚੋਂ ਇੱਕ ਸੀ ਮਾਲ-ਪੂੜੇ ਬਚਪਨ ਵਿਚ ਜਦ ਸਾਉਣ ਦੇ ਮਹੀਨੇ ਨਿੱਕੀ-ਨਿੱਕੀ ਬਰਸਾਤ ਦੀ ਝੜੀ ਲੱਗ ਜਾਣੀ ਤਾਂ ਅਸੀਂ ਝੱਟ ਦਾਦੀ ਨੂੰ ਮਾਲ ਪੂੜੇ ਬਣਾਉਣ ਲਈ ਮਨਾ ਲੈਣਾ। ਦਾਦੀ ਨੇ ਵੀ ਖਿੜੇ ਮੱਥੇ ਸਾਨੂੰ ਕਹਿ ਦੇਣਾ, ਪਕਾ ਦਊਂ, ਇੱਕ ਸ਼ਰਤ ਆ ਮੇਰੇ ਕੋਲੇ ਸਾਮਾਨ ਲਿਆਈ ਚੱਲੋ ਜੋ ਮੈਂ ਮੰਗਵਾÀੂਂ। ਦਾਦੀ ਨੇ ਚੁੱਲ੍ਹੇ ‘ਚ ਅੱਗ ਮਚਾ ਲੈਣੀ, ਆਪ ਪੀੜ੍ਹੀ ‘ਤੇ ਬਹਿ ਜਾਣਾ ਤੇ ਸਾਡੇ ਤੋਂ ਸਾਮਾਨ ਮੰਗਵਾਈ ਜਾਣਾ ਦਾਦੀ ਨੇ ਤਵਾ ਧਰ ਲੈਣਾ। ਬਾਲਟੀ ‘ਚ ਪਾਣੀ ਤੇ ਗੁੜ ਘੋਲ ਕੇ ਪੂੜਿਆਂ ਆਲਾ ਪਤਲਾ ਜਿਹਾ ਆਟਾ ਬਣਾ ਲੈਣਾ ਤੇ ਕਿਸੇ ਛੋਟੇ ਭਾਂਡੇ ਨਾਲ ਘੋਲ ਤਵੇ ‘ਤੇ ਪਾਈ ਜਾਣਾ ਤੇ ਪਿੱਪਲ ਦੇ ਪੱਤੇ ਨਾਲ ਖਿਲਾਰ ਕੇ ਤਵੇ ਦੇ ਸਾਈਜ ਦਾ ਪੂੜਾ ਬਣਾ ਕੇ ਖੁਰਚਣੇ ਨਾਲ ਥੱਲ ਦੇਣਾ। ਮਾਲ ਪੂੜੇ ਦਾਦੀ ਨੇ ਕੜਾਹੀ ‘ਚ ਹੀ ਪਕਾ ਦੇਣੇ। ਮਾਲ ਪੂੜੇ ਛੋਟੇ ਹੁੰਦੇ ਸਨ, ਜਦਕਿ ਪੂੜੇ ਵੱਡੇ ਅਕਾਰ ਦੇ ਹੁੰਦੇ ਸਨ। ਉਨ੍ਹਾਂ ਸਮਿਆਂ ‘ਚ ਸਾਡੇ ਘਰ ਇੱਕ ਪੁਰਾਣੀ ਰਸੋਈ ਹੁੰਦੀ ਸੀ ਤੇ ਉਹਦੀ ਨੁੱਕਰ ‘ਤੇ ਇੱਕ ਪਾਸੇ ਹਾਰੇ ਬਣੇ ਹੁੰਦੇ ਸਨ ਜੀਹਦੇ ਵਿਚ ਤੌੜੀ ਧਰੀ ਹੁੰਦੀ, ਉਹਦੇ ਵਿਚ ਦਾਦੀ ਨੇ ਖੀਰ ਬਣਾ ਲੈਣੀ।

ਦਾਦੀ ਸਾਰਾ ਦਿਨ ਅੱਗ ਦੇ ਸੇਕ ਵਿਚ ਬੈਠੀ ਰਹਿੰਦੀ, ਨਾ ਅੱਕਦੀ ਨਾ ਥੱਕਦੀ ਤੇ ਸਾਰਾ-ਸਾਰਾ ਦਿਨ ਪੂੜੇ ਬਣਾਈ ਜਾਂਦੀ। ਟੋਕਰੀ ਭਰ ਕੇ ਰੱਖ ਦੇਣੀ ਤੇ ਸਾਡਾ ਪਰਿਵਾਰ ਵੱਡਾ ਸੀ ਤਾਂ ਕਰਕੇ ਦਾਦੀ ਪੂੜੇ ਖੁੱਲ੍ਹੇ ਬਣਾਉਂਦੀ ਸੀ ਤੇ ਅਸੀਂ ਦੋ-ਦੋ ਦਿਨ ਪੂੜੇ ਖਾਈ ਜਾਣੇ ਤੇ ਦਾਦੀ ਨੇ ਕਹਿਣਾ, ਗੁਆਂਢ ‘ਚ ਵੀ ਫੜ੍ਹਾ ਆਉ, ਕਿਸੇ ਦੇ ਮੂੰਹ ਚ ਪੈ ਜਾਣਗੇ ਚੰਗੇ ਹੀ ਨੇ। ਦਾਦੀ ਨੇ ਨਾਲੇ ਪੂੜਿਆਂ ਦਾ ਪਿਛੋਕੜ ਦੱਸੀ ਜਾਣਾ ਕਿ ਪੂੜੇ, ਖੀਰ, ਕੜਾਹ ਆਦਿ ਸਾਉਣ ਦੇ ਮਹੀਨੇ ਵਿਚ ਹੀ ਖਾਣ ਨੂੰ ਚੰਗੇ ਲੱਗਦੇ ਆ।

ਸਾਉਣ ਦੇ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ਼ ਹੈ।ਦਾਦੀ ਇੱਕ ਕਹਾਵਤ ਸੁਣਾਉਂਦੀ ਹੁੰਦੀ ਸੀ ਕਿ ਹੋਵੇ ਤੇਲ ਪਕਾਈਏ ਪੂੜੇ, ਆਟਾ ਲਿਆਈਏ ਮੰਗ ਕੇ, ਕਜੀਆ ਗੁੜ ਦਾ ਸਾਨੂੰ ਕੁਝ ਨਾ ਸਮਝ ਆਉਣਾ ਤਾਂ ਦਾਦੀ ਨੇ ਝੱਟ ਦੱਸਣਾ ਕਿ ਪੁੱਤ ਪੁਰਾਣੇ ਸਮਿਆਂ ‘ਚ ਕਿਹੜਾ ਬੋਰ ਹੁੰਦੇ ਸੀ ਖੇਤੀ ਮੀਂਹ ‘ਤੇ ਹੁੰਦੀ ਸੀ ਜੇ ਮੀਂਹ ਪੈ ਜਾਂਦਾ ਸੀ ਤਾਂ ਦੋ ਮਣ ਦਾਣੇ ਹੋ ਜਾਂਦੇ ਸੀ ਨਹੀਂ ਤਾਂ ਬੱਸ ਥੋੜ੍ਹੀ ਜ਼ਮੀਨ ਹੀ ਅਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੁੰਦਾ ਸੀ ਇਸ ਲਈ ਕਈ ਪਰਿਵਾਰਾਂ ਦੀ ਪੂੜੇ ਬਣਾਉਣ ਦੀ ਸਮਰੱਥਾ ਵੀ ਨਹੀਂ ਹੁੰਦੀ ਸੀ ਅੱਜ ਮੈਨੂੰ ਉਹ ਕਹਾਵਤ ਸਮਝ ਆਉਂਦੀ ਆ ਤੇ ਮੈਂ ਸੋਚਦਾ ਅੱਜ ਤਾਂ ਸੁੱਖ ਨਾਲ ਹਰੇਕ ਘਰ ਟਿਊਬਵੈੱਲ ਆ, ਜਮੀਨਾਂ ਆਬਾਦ ਆ, ਸੌ-ਸੌ ਮਣ ਦਾਣੇ ਹੁੰਦੇ ਆ, ਅੱਜ ਤਾਂ ਲੋਕਾਂ ਨੂੰ ਕਿਸੇ ਚੀਜ ਦੀ ਥੁੜ ਨਹੀਂ ਫਿਰ ਲੋਕਾਂ ਦੇ ਘਰ ਪੂੜੇ ਕਿਉਂ ਨਹੀਂ ਬਣਦੇ? ਮੇਰੀ ਦਾਦੀ ਅੱਜ ਵੀ ਹੈਗੀ ਆ, ਜਿੰਦਗੀ ਦੇ ਅਖੀਰਲੇ ਪੜਾਅ ‘ਚ ਉਹਨੂੰ ਮੈਂ ਪੁੱਛ ਲਿਆ ਤਾਂ ਦਾਦੀ ਨੇ ਜਵਾਬ ਦਿੱਤਾ, ਕਹਿੰਦੀ,  ਪੁੱਤ ਅੱਜ ਲੋਕਾਂ ਵਿਚ ਅਪਣੱਤ, ਮੋਹ ਪਿਆਰ ਸਬਰ, ਲਿਆਕਤ, ਬਜੁਰਗਾਂ ਦੀ ਥੁੜ ਆ ਜਿਹੜੀ ਸੌ ਮਣ ਦਾਣਿਆਂ ਨਾਲ ਵੀ ਪੂਰੀ ਨਹੀਂ ਹੋਣੀ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਅਨਪੜ੍ਹ ਦਾਦੀ ਅੱਗੇ ਮੇਰੀਆਂ ਕੀਤੀਆਂ ਡਿਗਰੀਆਂ ਦੀ ਪੜ੍ਹਾਈ ਵੀ ਜਵਾਬ ਦੇਣ ਤੋਂ ਅਸਮਰੱਥ ਸੀ।

ਦਾਦੀ ਨੇ ਦੱਸਣਾ, ਪੁੱਤ ਪਹਿਲਾਂ  ਘਰ ਆਏ ਮਹਿਮਾਨਾਂ ਨੂੰ ਖ਼ਾਸ ਤੌਰ ‘ਤੇ ਪੂੜੇ ਬਣਾ ਕੇ ਖਵਾਏ ਜਾਂਦੇ ਸੀ। ਦਾਦੀ ਨੇ ਦੱਸਣਾ, ਪਹਿਲਾਂ ਤੇਰੀਆਂ ਭੂਆ ਅਰਗੀਆਂ ਨੇ ਸਾਉਣ ਦੇ ਮਹੀਨੇ ਆਉਣਾ, ਉਦੋਂ ਤੀਆਂ ਲੱਗਦੀਆਂ ਸੀ, ਨਾਲੇ ਪੀਂਘਾਂ ਝੂਟਦੀਆਂ ਤੇ ਨਾਲੇ ਪੂੜੇ ਖਾਈ ਜਾਣੇ। ਅੱਜ ਦੇ ਸਮੇਂ ਵਿੱਚ ਸਾਉਣ ਦੇ ਮਹੀਨੇ ਸਿਲੰਡਰਾਂ ‘ਤੇ ਬਣਦੇ ਨਿਊਡਲ, ਮੈਗੀਆਂ ਦਾਦੀ ਦੇ ਚੁੱਲ੍ਹੇ ‘ਤੇ ਬਣੇ ਪੂੜਿਆਂ ਦਾ ਸਵਾਦ ਨਹੀਂ ਦਿੰਦੇ। ਅੱਜ ਦਾਦੀ ਦੀ ਪੂੜੇ ਨਾ ਖਾਣ ‘ਤੇ ਉਹ ਕਹੀ ਗੱਲ ਯਾਦ ਆਉਂਦੀ ਆ ਕਿ ਸਾਉਣ ਖੀਰ ਨਾ ਖਾਧੀਆ, ਤੂੰ ਕਿÀੁਂ ਜੰਮੇ ਅਪਰਾਧੀਆ? ਅੱਜ ਸੱਚੀਂ ਮਹਿਸੂਸ ਹੁੰਦਾ ਆ ਕਿ ਅਸੀਂ ਅਪਰਾਧੀਆਂ ਦੀ ਸ਼੍ਰੇਣੀ ਵਿਚ ਆ ਗਏ ਆਂ ਤੇ ਸਾਡਾ ਜ਼ੁਰਮ ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੈ ।

ਪਿੰਡ ਕੋਟਲੀ ਅਬਲੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।