ਖੰਨਾ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ ਮੁਲਜ਼ਮ ਪਟਿਆਲਾ ਪੁਲਿਸ ਵੱਲੋਂ ਕਾਬੂ

ਚੰਡੀਗੜ੍ਹ ਤੇ ਪਟਿਆਲਾ ਦੇ ਚਾਰ ਕੇਸਾਂ ‘ਚ ਸੀ ਭਗੌੜਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਖੰਨਾ ਪੁਲਿਸ (police) ਦੀ ਹਿਰਾਸਤ ਵਿੱਚੋਂ ਫ਼ਰਾਰ ਹੋਏ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਸਨੌਰੀ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫ਼ਸਰ ਕੋਤਵਾਲੀ ਇੰਸਪੈਕਟਰ ਸੁਖਦੇਵ ਸਿੰਘ ਵੱਲੋਂ ਖੰਨਾ ਪੁਲਿਸ ਦੀ ਹਿਰਾਸਤ ਵਿੱਚੋਂ 7 ਜਨਵਰੀ ਨੂੰ ਫ਼ਰਾਰ ਹੋਏ ਮੁਲਜ਼ਮ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਸਨੌਰ ਜ਼ਿਲ੍ਹਾ ਪਟਿਆਲਾ ਨੂੰ 20 ਜਨਵਰੀ ਨੂੰ ਸਨੌਰੀ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ Àੁੱਕਤ ਵਿਅਕਤੀ ਖਿਲਾਫ਼ ਮੁਕੱਦਮਾ ਥਾਣਾ ਸਿਟੀ ਖੰਨਾ ਦਰਜ ਹੋਇਆ ਸੀ ਅਤੇ ਇਹ 7 ਜਨਵਰੀ ਨੂੰ ਖੰਨਾ ਪੁਲਿਸ ਦੀ ਹਿਰਾਸਤ ਵਿੱਚ ਫ਼ਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਖਿਲਾਫ਼ ਪਟਿਆਲਾ ਅਤੇ ਚੰਡੀਗੜਵਿਖੇ ਧੋਖਾਧੜੀ ਅਤੇ ਠੱਗੀ ਦੇ ਚਾਰ ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚ ਇਹ ਭਗੌੜਾ ਚਲਿਆ ਆ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਰਜਿੰਦਰ ਕੁਮਾਰ ਵਾਲੀਆ ਉਰਫ਼ ਨਰਿੰਦਰ ਉਰਫ਼ ਜਤਿੰਦਰ ਕੁਮਾਰ ਇੱਕ ਸ਼ਾਤਰ ਕਿਸਮ ਦਾ ਵਿਅਕਤੀ ਹੈ, ਜਿਸ ਵੱਲੋਂ ਬੈਂਕਾਂ ਵਿੱਚ ਆਮ ਤੌਰ ‘ਤੇ ਨਗਦੀ ਜਮਾਂ ਕਰਵਾਉਣ ਲਈ ਲਾਈਨ ਵਿਚ ਖੜੇ ਵਿਅਕਤੀਆਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਖਾਸ ਤੌਰ ‘ਤੇ ਬਜ਼ੁਰਗ ਲੋਕਾਂ, ਔਰਤਾਂ ਅਤੇ ਅਪਾਹਜ ਵਿਅਕਤੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।