ਯੂਰਪੀਅਨ ਯੂਨੀਅਨ ਵੱਲੋਂ ਸ਼ਕਾਲਰਸ਼ਿਪ ’ਤੇ ਯੂਰਪ ਪੜ੍ਹਨ ਦਾ ਮਿਲਿਆ ਮੌਕਾ
(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਕਾਰਤਿਕ ਗਰਗ ਨੇ ਮਾਸਟਰਜ਼ ਡਿਗਰੀ ਦੀ ਪ੍ਰੀਖਿਆ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਜਿੱਥੇ ਅਮਲੋਹ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਯੂਰਪ ਦੇਸ਼ਾਂ ਦੀ ਸਰਕਾਰ ਵੱਲੋਂ ਬਣਾਈ ਯੂਰਪੀਅਨ ਯੂਨੀਅਨ ਵੱਲੋਂ ਕਾਰਤਿਕ ਦੀ ਪੜ੍ਹਾਈ ਵਿਦੇਸ਼ ਵਿਚ ਮੁਫ਼ਤ ਕਰਵਾਉਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਯੂਰਪੀਅਨ ਯੂਨੀਅਨ ਵੱਲੋਂ ਮਾਸਟਰਜ਼ ਡਿਗਰੀ ਵਿਚ ਅੱਵਲ ਆਉਣ ਵਾਲੇ ਭਾਰਤ ਦੇ 3 ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਮੁਫ਼ਤ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਵਿਚ ਪੰਜਾਬ ਵਿਚੋਂ ਅਮਲੋਹ ਦਾ ਕਾਰਤਿਕ ਗਰਗ ਪਹਿਲੇ ਸਥਾਨ ’ਤੇ ਰਿਹਾ ਹੈ ਜਦੋਂਕਿ ਦੂਜੇ 2 ਵਿਦਿਆਰਥੀਆਂ ਹੋਰ ਸੂਬਿਆਂ ਤੋਂ ਹਨ, ਜਿਨ੍ਹਾਂ ਨੂੰ ਯੂਰਪੀਅਨ ਯੂਨੀਅਨ ਵੱਲੋਂ 100 ਪ੍ਰਤੀਸ਼ਤ ਸ਼ਕਾਲਰਸ਼ਿਪ ਦੇ ਕੇ ਇਨ੍ਹਾਂ ਨੂੰ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੀ ਵਿਦਿਆਰਥੀ ਕਾਰਤਿਕ, ਉਸ ਦੇ ਪਿਤਾ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਰਤਿਕ ਨੇ ਜਿੱਥੇ ਸੂਬੇ ਵਿਚੋਂ ਅੱਵਲ ਆ ਕੇ ਮਾਪਿਆਂ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੁਣ ਵਿਦੇਸ਼ ਵਿਚ ਪੜ੍ਹਾਈ ਕਰਕੇ ਭਵਿੱਖ ਵਿਚ ਦੇਸ਼ ਦਾ ਨਾਮ ਵੀ ਰੌਸ਼ਨ ਕਰੇਗਾ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਭਾਜਪਾ ਆਗੂ ਵਿਨੋਦ ਮਿੱਤਲ, ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਆਦਿ ਨੇ ਸ੍ਰੀ ਗਰਗ ਨੂੰ ਵਧਾਈ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ