ਕਰਤਾਰਪੁਰ ਸਾਹਿਬ ਲਾਂਘਾ ‘ਅਮਨ ਦਾ ਪੁਲ’ : ਕੈਪਟਨ ਅਮਰਿੰਦਰ ਸਿੰਘ

Kartarpur Sahib Corridor 'Bridge of Peace': Capt Amarinder Singh

ਸਦਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਲਾਂਘੇ ਦਾ ਸਵਾਗਤ

ਚੰਡੀਗੜ|  ਪੰਜਾਬ ਵਿਧਾਨ ਸਭਾ ‘ਚ ਅੱਜ ਕਰਤਾਰਪੁਰ ਲਾਂਘੇ ਦੇ ਹੱਕ ‘ਚ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸਦਨ ਨੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਲਾਂਘੇ ਦੀ ਅੱਤਵਾਦ ਦੀ ਦੁਰਵਰਤੋ ਪ੍ਰਤੀ ਵੀ ਸੁਚੇਤ ਕੀਤਾ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲਾਂਘਾ ਖੋਲਣ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਯਤਨਾਂ ਲਈ ਸਦਨ ਆਪਣੀ ਸ਼ਲਾਘਾ ਦਰਜ ਕਰਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਪੰਜਾਬੀਆਂ ਦੀ ਚਿਰੋਕਣੀ ਮੰਗ ਦੇ ਮੱਦੇਨਜ਼ਰ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਲਾਂਘੇ ਨੂੰ ਸ਼ੁਰੂ ਕਰਨ ਲਈ ਸਾਰੇ ਲੋੜੀਂਦੇ ਕਾਰਜ ਮੁਕੰਮਲ ਕਰਨ ਦੀ ਅਪੀਲ ਕਰਦਿਆਂ ਕਿਸੇ ਵੀ ਢੰਗ ਨਾਲ ਸੂਬੇ ਦੀ ਸ਼ਾਂਤੀ ਭੰਗ ਨਾ ਹੋਣ ਨੂੰ ਵੀ ਯਕੀਨੀ ਬਣਾਉਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਲਾਂਘੇ ਨੂੰ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ‘ਅਮਨ ਦਾ ਪੁਲ’ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਸਾਰਿਆਂ ਲਈ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਬਹੁਤ ਯਾਦਗਾਰੀ ਮੌਕਾ ਹੈ ਕਿਉਂ ਜੋ ਮੁਲਕ ਦੇ ਬਟਵਾਰੇ ਤੋਂ ਬਾਅਦ ਸਿੱਖ ਭਾਈਚਾਰਾ ਰੋਜ਼ਾਨਾ ਇਹ ਲਾਂਘਾ ਖੁੱਲ ਜਾਣ ਲਈ ਅਰਦਾਸ ਕਰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਪੈਦਾ ਕਰਨ ਲਈ ਪਾਕਿਸਤਾਨੀ ਫੌਜ ਦੇ ਸਥਿਰ ਯਤਨਾਂ ਬਾਰੇ ਉਨਾਂ ਵੱਲੋਂ ਲਏ ਸਪੱਸ਼ਟ ਸਟੈਂਡ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਪਾਸਿਆਂ ਤੋਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ।

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ,”ਜਦੋਂ ਸਰਹੱਦੀ ਸੂਬੇ ਨੂੰ ਅਸਥਿਰ ਕਰਨ ਦੇ ਮਕਸਦ ਨਾਲ ਸਰਹੱਦ ‘ਤੇ ਸਾਡੇ ਸੈਨਿਕਾਂ ਦੀਆਂ ਹੱਤਿਆਵਾਂ ਹੁੰਦੀਆਂ ਹੋਣ ਤਾਂ ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਪਾਕਿਸਤਾਨੀ ਫੌਜ ਸਾਡੀ ਹਮਦਰਦ ਹੈ?” ਮੁੱਖ ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਈ.ਐਸ.ਆਈ. ਦੇ ਹੱਥਠੋਕਿਆਂ ਰਾਹੀਂ ਪੰਜਾਬ ਵਿੱਚ ਅੱਤਵਾਦ ਮੁੜ ਪੈਦਾ ਕਰਨ ਦੇ ਲੁਕਵੇਂ ਮਨਰੋਥ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਸ ਦੀ ਮਿਸਾਲ ਵੱਖ-ਵੱਖ ਅੱਤਵਾਦੀ ਗ੍ਰੋਹਾਂ ‘ਤੇ ਕਾਰਵਾਈ ਕਰਕੇ ਗ੍ਰਿਫਤਾਰੀਆਂ ਕਰਨ ਤੋਂ ਇਲਾਵਾ ਗੋਲੀ-ਸਿੱਕਾ ਅਤੇ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਬਰਾਮਦ ਕਰਨ ਤੋਂ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਰਾਵੀ ਦਰਿਆ ਵਿੱਚ ਹੜ ਆਉਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨੁਕਸਾਨ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਉਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਲ 1920-1929 ਤੱਕ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾਈ ਸੀ।

ਇਸੇ ਤਰਾਂ ਉਨਾਂ ਦੇ ਦਾਦਾ ਜੀ ਨੇ ਗੁਰੂ ਘਰ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦਿਆਂ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ ਕੀਤੀ। ਇਸੇ ਰਵਾਇਤ ਹੋਰ ਅੱਗੇ ਲਿਜਾਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਇਸ ਜੀਵਨ ਦੌਰਾਨ ਉਨਾਂ ਨੂੰ ਇਸ ਪਵਿੱਤਰ ਕਾਰਜ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ। ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੇ ਐਲਾਨ ਨੂੰ ਮੁੜ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਜਥੇ ਵਿੱਚ ਸ਼ਾਮਲ ਹੋਣਗੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 18 ਵਰੇ ਬਿਤਾਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।