ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਤੇ ਜਲੰਧਰ ਲੋਕ ਸਭਾ ਜ਼ਿਮਨੀ (ਉਪ ਚੋਣ) ’ਚ ਜਿਸ ਤਰ੍ਹਾਂ ਧੂੰਆਂਧਾਰ ਪ੍ਰਚਾਰ ਹੋਇਆ ਇਸ ਨੂੰ ਚੋਣ ਪ੍ਰਚਾਰ ਦੀ ਬਜਾਏ ਨਿੰਦਾ ਪ੍ਰਚਾਰ ਹੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਪੰਜਾਬ ’ਚ ਸਿਰਫ਼ ਇੱਕ ਹੀ ਲੋਕ ਸਭਾ ਸੀਟ ਲਈ ਚੋਣ ਹੋ ਰਹੀ ਹੈ ਪਰ ਇੱਥੇ ਜਿਸ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤੀ ਗਈ ਉਸ ਨੇ ਸਿਆਸਤ ਨੂੰ ਹੋਰ ਦਾਗਦਾਰ ਕਰ ਦਿੱਤਾ ਹੈ। ਲੀਡਰਾਂ ਦੇ ਬਿਆਨ ਸਨਸਨੀਖੇਜ਼ ਤੇ ਸਦਾਚਾਰ ਦੀਆਂ ਸਭ ਹੱਦਾਂ ਬੰਨ੍ਹੇ ਟੱਪ ਗਏ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਮੀਡੀਆ ਨੂੰ ਬਿਨਾਂ ਸਿਰ ਪੈਰ ਦੀ ਖਬਰ ਨਹੀਂ ਛਾਪਣੀ ਚਾਹੀਦੀ ਪਰ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਆਗੂ ਹੀ ਜੋ ਦਾਅਵੇ ਕਰਦੇ ਹਨ ਉਹਨਾਂ ਦਾ ਕੋਈ ਸਬੂਤ, ਤੱਥ ਨਜ਼ਰ ਨਹੀਂ ਆਉਂਦਾ।
ਅਪਸ਼ਦਾਂ ਤੋਂ ਨਹੀਂ ਗੁਰੇਜ | Karnataka Assembly Elections
ਕੋਈ ਮੁੱਖ ਮੰਤਰੀ ਲਈ ਅਪਸ਼ਬਦ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਕੋਈ ਵਿਰੋਧੀ ਆਗੂ ’ਤੇ ਅਹੁਦੇ ਦੇ ਲਾਲਚ ’ਚ ਪਾਰਟੀ ਬਦਲਣ ਦੀ ਤਿਆਰੀ ਦਾ ਦੋਸ਼ ਲਾਉਂਦਾ ਹੈ। ਹੈਰਾਨੀ ਇਹ ਹੈ ਸਾਰੇ ਦੋਸ਼ ਚੋਣਾਂ ਵੇਲੇ ਹੀ ਕਿਉਂ ਲੱਗਦੇ ਹਨ? ਮੁੱਦਿਆਂ ਦੀ ਗੱਲ ਨਹੀਂ ਹੁੰਦੀ, ਜੇਕਰ ਥੋੜ੍ਹੀ ਬਹੁਤ ਹੋਈ ਤਾਂ ਉਹ ਦੂਸ਼ਣਬਾਜ਼ੀ ਦੇ ਰੌਲੇ ’ਚ ਦਬ ਜਾਂਦੀ ਹੈ। ਇਸ ਵਾਰ ਨਿੱਜੀ ਤੌਰ ’ਤੇ ਦੋਸ਼ਾਂ ਦਾ ਦੌਰ ਭਾਰੂ ਰਿਹਾ ਹੈ। ਕਵਿਤਾ ਰਾਹੀਂ ਵਿਅੰਗ ਕਸਣ ਵੇਲੇ ਆਗੂਆਂ ਨੇ ਮਰਿਆਦਾ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ। ਧਾਰਮਿਕ ਮੁੱਦਿਆਂ ’ਤੇ ਗੈਰ ਜਿੰਮੇਵਾਰਾਨਾ ਬਿਆਨਬਾਜ਼ੀ ਹੋਈ।
ਕਿਹੜੀ ਪਾਰਟੀ ਕਰੇਗੀ ਕੰਮ? | Karnataka Assembly Elections
ਲੋਕ ਇਹ ਸੁਣਨ ਨੂੰ ਤਰਸਦੇ ਰਹਿ ਗਏ ਕਿ ਕਿਹੜੀ ਪਾਰਟੀ ਚੋਣ ਜਿੱਤ ਕੇ ਕਿਹੜੇ ਕੰਮ ਕਰੇਗੀ, ਪਰ ਲੀਡਰਾਂ ਦੀ ਆਪਸੀ ਖਹਿਬਾਜ਼ੀ ਨਹੀਂ ਗਈ ਤੇ ਉਹ ਤੁਕਬੰਦੀ ਦੇ ਨਾਂਅ ’ਤੇ ਟੋਟਕੇ ਘੜਨ ’ਚ ਰੁੱਝੇ ਰਹੇ। ਜੇਕਰ ਨਿੱਜੀ ਦੂਸ਼ਣਬਾਜ਼ੀ ਹੀ ਚੋਣ ਪ੍ਰਚਾਰ ਹੈ ਤਾਂ ਚੋਣਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਅਜਿਹੇ ਧਾਰਮਿਕ ਮੁੱਦੇ ’ਤੇ ਬਿਆਨਬਾਜ਼ੀ ਕੀਤੀ ਗਈ ਜੋ ਚੋਣਾਂ ਤੋਂ ਪਹਿਲਾਂ ਕੋਈ ਮੁੱਦਾ ਹੀ ਨਹੀਂ ਸੀ। ਚੋਣ ਪ੍ਰਚਾਰ ਦੇ ਢੰਗ ਤਰੀਕਿਆਂ ਅਤੇ ਪ੍ਰਚਾਰ ਦਾ ਪੱਧਰ ਬੇਹੱਦ ਨਿਰਾਸ਼ਾ ਵਾਲਾ ਹੈ। ਓਧਰ ਰਾਜਸਥਾਨ, ਦੇ ਵਰਤਮਾਨ ਮੁੱਖ ਮੰਤਰੀ ਨੇ ਆਪਣੀ ਸਰਕਾਰ ਨਾ ਟੁੱਟਣ ਦਾ ਸਿਹਰਾ ਵਿਰੋਧੀ ਪਾਰਟੀ ਦੇ ਦੋ ਆਗੂਆਂ ਨੂੰ ਦੇ ਕੇ ਸਨਸਨੀ ਫੈਲਾ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸੇ ਨੂੰ ਇੱਕ ਬੂੰਦ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ
ਇਹ ਚੀਜਾਂ ਲੋਕਤੰਤਰ ’ਚ ਵਿਰੋਧੀ ਦੀ ਭੂਮਿਕਾ ਤੇ ਸਾਰਥਿਕਤਾ ਨਾਲ ਜੁੜੀਆਂ ਹੋਣੀਆਂ ਹਨ। ਅਸਲ ’ਚ ਕਿਧਰੇ ਵੀ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਹੋਣੀ ਹੀ ਨਹੀਂ। ਜ਼ਰੂਰਤ ਇਸ ਗੱਲ ਦੀ ਹੈ ਚੋਣ ਪ੍ਰਚਾਰ ਦਾ ਢੰਗ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਵਾਲਾ ਅਪਣਾਇਆ ਜਾਵੇ ਜਿੱਥੇ ਰੈਲੀਆਂ, ਰੋਡ ਸ਼ੋਅ ਦੀ ਬਜਾਇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਟੀਵੀ ’ਤੇ ਆਪਣੀ ਗੱਲ ਕਹਿਣ ਲਈ ਸਮਾਂ ਦਿੱਤਾ ਜਾਂਦਾ ਹੈ। ਵਿਰੋਧ ਵਿਰੋਧ ਹੀ ਹੋਵੇ, ਇਹ ਨਾ ਤਾਂ ਚਟਪਟੇ ਚੁਟਕਲੇ ਹੋਣ ਤੇ ਨਾ ਹੀ ਅਭੱਦਰ ਭਾਸ਼ਣ ।