ਕਾਨਪੁਰ ਇਤਰ ਵਪਾਰੀ ਪੀਯੂਸ਼ ਜੈਨ ਗ੍ਰਿਫਤਾਰ

Piyush Jain sachkahoon

ਕਾਨਪੁਰ ਇਤਰ ਵਪਾਰੀ ਪੀਯੂਸ਼ ਜੈਨ ਗ੍ਰਿਫਤਾਰ

ਕਾਨਪੁਰ। ਉੱਤਰਪ੍ਰੇਦਸ਼ ਦੇ ਕਾਨਪੁਰ ਵਿੱਚ ਤ੍ਰਿਮੂਰਤੀ ਫਰੈਂਗਰੈਂਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਪੀਯੂਸ਼ ਜੈਨ ਨੂੰ ਪੁਲਿਸ ਨੇ ਐਤਵਾਰ ਰਾਤ ਗ੍ਰਿਫਤਾਰ ਕਰ ਲਿਆ ਹੈ। ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਵਿਜੀਲੈਂਸ (ਡੀਜੀਜੀਆਈ) ਦੇ ਡਾਇਰੈਕਟੋਰੇਟ ਜਨਰਲ ਦੀ ਟੀਮ ਨੇ ਕਾਨਪੁਰ ਅਤੇ ਕਨੌਜ ਵਿੱਚ ਇਤਰ ਡੀਲਰ ਦੇ ਟਿਕਾਣਿਆਂ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਪੁਲਸ ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਤੋਂ ਬਾਅਦ ਜਾਰੀ ਨੋਟਾਂ ਦੀ ਗਿਣਤੀ ਅਤੇ ਜਾਂਚ ਤੋਂ ਬਾਅਦ ਐਤਵਾਰ ਰਾਤ ਪੀਯੂਸ਼ ਜੈਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਪੀਯੂਸ਼ ਦੇ ਦੋਵੇਂ ਪੁੱਤਰਾਂ ਨੂੰ ਵੀ ਹਾਲੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਕਾਰੋਬਾਰੀ ਨੂੰ ਕਾਨਪੁਰ ਦੇ ਜੂਹੀ ਇਲਾਕੇ ਵਿੱਚੋਂ ਆਨੰਦਪੁਰੀ ਸਥਿਤ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਸੋਮਵਾਰ ਨੂੰ ਉਸਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਜਿੱਥੋਂ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗਿਆ ਜਾਵੇਗਾ।

ਸੂਤਰਾਂ ਮੁਤਾਬਕ ਕਾਰੋਬਾਰੀ ਕੋਲੋਂ ਚਾਬੀਆਂ ਦਾ ਗੁੱਛਾ ਮਿਲਿਆ ਹੈ, ਜਿਸ ਵਿੱਚ ਕਈ ਚਾਬੀਆਂ ਦੇ ਤਾਲੇ ਅਜੇ ਵੀ ਅਣਪਛਾਤੇ ਹਨ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਾਰੋਬਾਰੀ ਕੋਲ ਅਜੇ ਵੀ ਨਾਜਾਇਜ਼ ਜਾਇਦਾਦਾਂ ਦਾ ਭੰਡਾਰ ਹੋ ਸਕਦਾ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਹੁਣ ਤੱਕ ਕਾਨਪੁਰ ਅਤੇ ਕਨੌਜ ਵਿੱਚ ਕਾਰੋਬਾਰੀ ਦੇ ਠਿਕਾਣਿਆਂ ਤੋਂ 250 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਹਨ। ਦੂਜੇ ਪਾਸੇ ਕਨੌਜ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਜੀਐਸਟੀ ਇੰਟੈਲੀਜੈਂਸ ਦੀ ਟੀਮ ਨੇ ਕਨੌਜ਼ ਵਿੱਚ ਵਪਾਰੀ ਦੇ ਜੱਦੀ ਘਰ ਦੇ ਬੇਸਮੈਂਟ ਵਿੱਚ 250 ਕਿਲੋ ਚਾਂਦੀ ਅਤੇ 25 ਕਿਲੋ ਸੋਨੇ ਦੀਆਂ ਸਿੱਲੀਆ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਨੋਟਾਂ ਨਾਲ ਭਰੇ ਅੱਠ ਤੋਂ ਨੌ ਬੋਰੇ ਵੀ ਮਿਲੇ ਹਨ। ਜਿੰਨ੍ਹਾਂ ਵਿੱਚ 103 ਕਰੋੜ ਰੁਪਏ ਹੋਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀ ਹੋਈ ਹੈ।

ਇਸ ਤੋਂ ਪਹਿਲਾਂ ਕਾਨਪੁਰ ਦੇ ਜੂਹੀ ਇਲਾਕੇ ਵਿੱਚ ਸਥਿਤ ਇਤਰ ਵਪਾਰੀ ਪੀਯੂਸ਼ ਜੈਨ ਦੇ ਘਰ ’ਤੇ ਜੀਐਸਟੀ ਵਿਜੀਲੈਂਸ ਟੀਮ ਵੱਲੋਂ 185 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਜਾਂਚ ਟੀਮ ਕਨੌਜ਼ ਦੇ ਛੀਪੱਟੀ ਮੁਹੱਲਾ ਸਥਿਤ ਪੀਯੂਸ਼ ਜੈਨ ਦੇ ਜੱਦੀ ਘਰ ਪਹੁੰਚੀ ਸੀ, ਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਜੀਐਸਟੀ ਅਤੇ ਵਿਜੀਲੈਂਸ ਟੀਮ ਇਤਰ ਵਪਾਰੀ ਦੇ ਘਰ ਦਫਤਰ ਅਤੇ ਫੈਕਟਰੀ ਦੇ ਵੱਖ ਵੱਖ ਹਿੱਸਿਆਂ ਦੀ ਜਾਂਚ ਕਰਨ ਵਿੱਚ ਰੁੱਝੀ ਹੋਈ ਹੈ।

ਪੀਯੂਸ਼ ਜੈਨ ਦੇ ਦੋ ਹਰ ਘਰਾਂ ਦੇ ਤਾਲੇ ਤੋੜਣ ਤੋਂ ਬਾਅਦ ਵੀ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਹੁਣ ਤੱਕ ਟੀਮ ਨੇ ਕਾਨਪੁਰ ਅਤੇ ਕਨੌਜ ਤੋਂ ਸੋਨੇ ਅਤੇ ਚਾਂਦੀ ਦੇ ਖਜ਼ਾਨੇ ਤੋਂ ਇਲਾਵਾ 250 ਕਰੋੜ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਕੀਤੀ ਹੈ। ਵਿਜੀਲੈਂਸ ਟੀਮ ਦੇ 36 ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ। ਜਾਂਚ ਟੀਮ ਨੇ ਘਰ ਅੰਦਰ ਪਈਆਂ ਅਲਮਾਰੀਆਂ, ਲਾੱਕਰ ਤੋੜ ਕੇ ਨਕਦੀ ਬਰਾਮਦ ਕੀਤੀ ਹੈ। ਛਾਪੇਮਾਰੀ ਦੌਰਾਨ ਜਾਂਚ ਟੀਮ ਨੂੰ ਕੁਝ ਡਾਇਰੀਆਂ ਅਤੇ ਬਿੱਲ ਵੀ ਮਿਲੇ ਹਨ। ਇਹਨਾਂ ਵਿੱਚ ਕਈ ਕੰਪਨੀਆਂ ਤੋਂ ਕੱਚੇ ਮਾਲ ਦੀ ਖਰੀਦੋ-ਫਰੋਖ਼ਤ ਦਾ ਜ਼ਿਕਰ ਹੈ। ਜੀਐਸਟੀ ਵਿਜੀਲੈਂਸ ਟੀਮ ਹੁਣ ਇਨ੍ਹਾਂ ਕੰਪਨੀਆਂ ਨਾਲ ਸੰਪਰਕ ਕਰੇਗੀ ਅਤੇ ਬਿੱਲ ਅਤੇ ਡਾਇਰੀਆਂ ਵਿੱਚ ਦਰਜ ਜਾਣਕਾਰੀ ਦੀ ਪੁਸ਼ਟੀ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here