ਪਿਤਾ ਨੇ ਕਿਹਾ, ਅਫਸਰਾਂ ਨੂੰ ਦਫਤਰ ਆਉਂਦੇ ਦੇਖ ਬੇਟੇ ਨੂੰ ਅਫਸਰ ਬਣਾਉਣ ਦਾ ਕੀਤਾ ਸੀ ਫੈਸਲਾ
(ਐੱਮ. ਕੇ. ਸ਼ਾਇਨਾ) ਮੋਹਾਲੀ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਜੈਅੰਤੀ ਮਾਜਰੀ ਦੇ ਵਸਨੀਕ ਦੇਸਰਾਜ ਚੌਧਰੀ ਦੇ ਪੁੱਤਰ ਕਮਲ ਚੌਧਰੀ ਨੇ ਹਰਿਆਣਾ ਸਿਵਲ ਸੇਵਾਵਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸਰਾਜ ਚੌਧਰੀ ਹਰਿਆਣਾ ਟਰਾਂਸਪੋਰਟ ਵਿਭਾਗ ਵਿੱਚ ਸਹਾਇਕ ਵਜੋਂ ਕੰਮ ਕਰ ਰਹੇ ਹਨ। ਆਪਣੇ ਦਫਤਰ ਵਿਚ ਅਫਸਰਾਂ ਦਾ ਆਉਣਾ-ਜਾਣਾ ਦੇਖ ਕੇ ਉਹ ਆਪਣੇ ਬੱਚਿਆਂ ਨੂੰ ਵੀ ਇਸੇ ਅਹੁਦੇ ‘ਤੇ ਭੇਜਣਾ ਚਾਹੁੰਦੇ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਦੀ ਵੱਡੀ ਧੀ ਕਾਮਿਨੀ ਨੇ ਵੀ ਹਰਿਆਣਾ ਜੁਡੀਸੀਅਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ ਪਰ ਉਸ ਨੂੰ ਇੰਟਰਵਿਊ ਵਿਚ ਸਫਲਤਾ ਨਹੀਂ ਮਿਲੀ। ਅੱਜ-ਕੱਲ੍ਹ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਕੇ ਅੱਗੇ ਦੀ ਤਿਆਰੀ ਕਰ ਰਹੀ ਹੈ।
ਕਮਲ ਪਰਿਵਾਰ ਵਿਚ ਦੂਜੇ ਨੰਬਰ ‘ਤੇ ਹੈ। ਉਸ ਨੇ ਤਾਮਿਲਨਾਡੂ ਤੋਂ ਬੀ.ਟੈਕ ਦੀ ਪੜ੍ਹਾਈ ਕੀਤੀ ਹੈ। ਆਪਣੇ ਪਿਤਾ ਦੇ ਕਹਿਣ ‘ਤੇ, ਉਸਨੇ ਦਿੱਲੀ ਦੇ ਇੱਕ ਨਿੱਜੀ ਸੰਸਥਾ ਤੋਂ ਸਿਵਲ ਸੇਵਾਵਾਂ ਲਈ ਤਿਆਰੀ ਕੀਤੀ ਸੀ। ਪਹਿਲੀ ਹੀ ਕੋਸ਼ਿਸ਼ ਵਿੱਚ ਉਸ ਨੇ ਪੂਰੇ ਹਰਿਆਣਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਦੌਰਾਨ ਕਮਲ ਦੇ ਪਿਤਾ ਨੇ ਦੱਸਿਆ ਕਿ ਪਿੰਡ ਦੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਲਈ ਆ ਰਹੇ ਹਨ। ਬੇਟੇ ਦੀ ਕਾਮਯਾਬੀ ਵਿੱਚ ਪਿੰਡ ਦੇ ਸਮੂਹ ਲੋਕਾਂ ਅਤੇ ਉਸਦੇ ਅਧਿਆਪਕਾਂ ਦਾ ਪੂਰਾ ਸਹਿਯੋਗ ਰਿਹਾ ਹੈ। ਇਸ ਦੀ ਖੁਸੀ ਪੂਰੇ ਪਿੰਡ ਵਿੱਚ ਮਠਿਆਈਆਂ ਵੰਡ ਕੇ ਮਨਾਈ ਜਾ ਰਹੀ ਹੈ।
ਚੌਧਰੀ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਅੰਕਾਂ ਨੂੰ ਮਿਲਾ ਕੇ 398.75 ਅੰਕ ਲੈ ਕੇ ਟਾਪਰ ਰਿਹਾ
ਦੱਸ ਦੇਈਏ ਕਮਲ ਚੌਧਰੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਅੰਕਾਂ ਨੂੰ ਮਿਲਾ ਕੇ 398.75 ਅੰਕ ਲੈ ਕੇ ਟਾਪਰ ਰਿਹਾ ਹੈ। ਦੂਜੇ ਪਾਸੇ ਵਿਦਿਆਰਥਣਾਂ ਨੇ ਵੀ ਪ੍ਰੀਖਿਆ ਵਿੱਚ ਸਾਨਦਾਰ ਪ੍ਰਦਰਸਨ ਕੀਤਾ ਹੈ। ਪ੍ਰਗਤੀ ਰਾਣੀ ਨੇ 398.4 ਅਤੇ ਸਾਕਸੀ ਨੇ 398, ਨਮਿਤਾ ਕੁਮਾਰੀ ਨੇ 391 ਅਤੇ ਅੰਜਲੀ ਗਰਗ ਨੇ 391.2 ਸਕੋਰ ਕਰਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਕੁੱਲ 425 ਉਮੀਦਵਾਰਾਂ ਨੇ 156 ਅਸਾਮੀਆਂ ਲਈ ਮੁੱਖ ਪ੍ਰੀਖਿਆ ਪਾਸ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ