ਪਟਿਆਲਾ ’ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ। (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਹੀ ਪਟਿਆਲਾ ਵਿਖੇ ਇੱਕ ਕਬੱਡੀ ਕਲੱਬ ਦੇ ਪ੍ਰਧਾਨ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੌਣਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਲੰਘੀ ਰਾਤ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਦੌਣਕਲਾਂ ਦੇ ਹੀ ਵਸਨੀਕ ਤੇਜਿੰਦਰ ਸਿੰਘ ਫੌਜੀ ਅਤੇ ਹਰਵੀਰ ਸਿੰਘ ਸਮੇਤ ਧਰੇੜੀ ਜੱਟਾਂ ਵਾਸੀ ਬੋਨੀ ਅਤੇ ਹਰਮਨ ਨਾਮ ਦੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਿੰਦਾ ਪਿੰਡ ਦੌਣ ਕਲਾਂ ਵਿਖੇ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ ਹੈ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿੱਚ ਵੀ ਅੱਗੇ ਰਹਿੰਦਾ ਸੀ । ਇਸੇ ਤਰ੍ਹਾਂ ਹੀ ਇਕ ਹੋਰ ਵਿਅਕਤੀ ਦਾ ਇੱਥੇ ਕਾਲੀ ਮਾਤਾ ਮੰਦਰ ਨੇੜੇ ਅਣਪਛਾਤਿਆਂ ਵੱਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ