ਇੰਜ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨੀ ਹਾਕਮਾਂ ਅਤੇ ਏਕਾਧਿਕਾਰਵਾਦੀ ਫ਼ੌਜ ਨੂੰ ਭਾਰਤ ਵੱਲੋਂ ਕੀਤੀ ਸਰਜੀਕਲ ਸਟਰਾਈਕ ਤੇ ਨਿੱਤ ਦਿਹਾੜੇ ਉਸ ਵੱਲੋਂ ਪੈਦਾ ਕੀਤੇ ਅੱਤਵਾਦ ਵੱਲੋਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਮਾਰੂ ਕਾਰਵਾਈਆਂ ਜਿਨ੍ਹਾਂ ਕਰਕੇ ਹੁਣ ਤੱਕ 50 ਹਜ਼ਾਰ ਤੋਂ ਵਧ ਬੇਗੁਨਾਹ ਨਾਗਰਿਕ ਮਾਰੇ ਗਏ ਹਨ, ਕਰਕੇ ਠੰਢ ਨਹੀਂ ਪੈ ਰਹੀ ਹੈ। ਆਪਣੇ ਹਮਸਾਏ ਮੁਲਕ ਨਾਲ ਮਿਲ ਦੇਸ਼ ਦੇ ਵਿਕਾਸ, ਤਰੱਕੀ, ਖੁਸ਼ਹਾਲੀ ਲਈ ਚੱਲਣ ਦੀ ਥਾਂ ਉਹ ਲਗਾਤਾਰ ਟਕਰਾਅ, ਬਦਅਮਨੀ, ਜੰਗ, ਤੋੜ–ਫੋੜ ਤੇ ਬਦਹਾਲੀ ਦੇ ਰਾਹ ਤੁਰ ਪਿਆ ਹੈ।
ਜੇ ਪਾਕਿਸਤਾਨ ਅੰਦਰ ਯੂ.ਐੱਨ.ਓ. ਦੇ ਮਾਧਿਅਮ ਰਾਹੀਂ ਅੱਜ ਇਸ ਗੱਲ ‘ਤੇ ਰਾਇਸ਼ੁਮਾਰੀ ਕਰਾਈ ਜਾਏ ਕਿ ਕੀ ਪਾਕਿ ਨਾਗਰਿਕ ਭਾਰਤ ਨਾਲ ਮਿੱਤਰਤਾ, ਮੇਲ-ਜੋਲ, ਭਾਈਚਾਰਕ ਸਾਂਝ, ਸ਼ਾਂਤੀ ਚਾਹੁੰਦੇ ਹਨ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ 90 ਫੀਸਦੀ ਲੋਕ ਅਜਿਹਾ ਫਤਵਾ ਦੇਣਗੇ। ਬਦੇਸ਼ਾਂ ‘ਚ ਅਸੀਂ ਵੇਖਿਆ ਹੈ ਕਿ ਕਿਵੇਂ ਭਾਰਤੀ ਤੇ ਪਾਕਿਸਤਾਨੀ ਮਿਠਾਸ, ਪਿਆਰ ਤੇ ਤਾਂਘ ਭਰੀ ਸਾਂਝ ਨਾਲ ਵਿਚਰਦੇ ਹਨ। ਪਾਕਿ ਫ਼ੌਜੀ ਅਦਾਲਤ ਨੇ ਗੁਪਤ ਮੁਕੱਦਮਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁੱਧ ਕਰੀਬ ਸਾਢੇ ਤਿੰਨ ਮਹੀਨੇ ਚਲਾਉਣ ਦਾ ਨਾਟਕ ਕਰਦਿਆਂ ਉਸ ਨੂੰ ਜਾਸੂਸੀ ਤੇ ਭੰਨ–ਤੋੜ ਦੀਆਂ ਕਾਰਵਾਈਆਂ ਬਲੋਚਿਸਤਾਨ ਅੰਦਰ ਕਰਨ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਹੈ ਜਿਸ ਦੀ ਤਸਦੀਕ ਫ਼ੌਜ ਮੁਖੀ ਜਨਰਲ ਕੁਮਰ ਜਾਵੇਦ ਬਾਜਵਾ ਵੱਲੋਂ ਕੀਤੀ ਗਈ ਹੈ।
ਪਾਕਿ ਜਿਸਨੂੰ ਭਾਰਤ ਨੇ ਆਪਣੇ ਇਲਾਕੇ ‘ਚ ਅੱਤਵਾਦੀ ਕਾਰਵਾਈਆਂ ਕਰਨ, ਜੰਮੂ–ਕਸ਼ਮੀਰ ਤੇ ਪੰਜਾਬ ਦੀ ਸਰਹੱਦ ਨੇੜੇ ਨਿੱਤ ਅਤਿਵਾਦੀ ਫ਼ੌਜ ਵੱਲੋਂ ਛੱਤਰੀ ਪ੍ਰਦਾਨ ਕਰਦੇ ਭੇਜਣ ਦੇ ਅਨੇਕ ਪ੍ਰਮਾਣਿਤ ਕਾਰਨਾਮਿਆਂ ਰਾਹੀਂ ਪੂਰੀ ਵਿਸ਼ਵ ਬਰਾਦਰੀ ‘ਚ ਅਲੱਗ–ਥਲੱਗ ਕੀਤਾ ਹੋਇਆ ਹੈ, ਹਮੇਸ਼ਾ ਐਸੇ ਝੂਠੇ, ਫਰੇਬੀ ਤੇ ਜਾਅਲ ਸਾਜ਼ ਭਾਰਤ ਵਿਰੋਧੀ ਦੋਸ਼ਾਂ ਦੀ ਤਲਾਸ਼ ‘ਚ ਰਹਿੰਦਾ ਹੈ ਤਾਂ ਕਿ ਉਹ ਆਪਣਾ ਦਾਗ਼ਦਾਰ ਦਾਮਨ ਧੋ ਸਕੇ। 46 ਸਾਲਾ ਕੁਲਭੂਸ਼ਣ ਜਾਧਵ ਜੋਕਿ ਸਾਬਕਾ ਭਾਰਤੀ ਸਮੁੰਦਰੀ ਸੈਨਾ ਦਾ ਕਰਮਚਾਰੀ ਹੈ, ਇਰਾਨ ਦੇ ਚਾਬਾਹਰ ਇਲਾਕੇ ‘ਚ ਕਾਰੋਬਾਰ ਕਰਦਾ ਸੀ।
ਪਾਕਿ ਖੁਫੀਆ ਏਜੰਟਾਂ ਨੇ ਉਸ ਨੂੰ ਉਧਾਲ ਕੇ ਫ਼ੌਜ ਹਵਾਲੇ ਕਰ ਦਿੱਤਾ ਤੇ ਉਸ ਤੇ ਦੋਸ਼ ਮੜ੍ਹ ਦਿੱਤਾ ਕਿ ਉਹ ਬਲੋਚਿਸਤਾਨ ਅੰਦਰ ਭਾਰਤੀ ਖੁਫੀਆਂ ਏਜੰਸੀ ‘ਰਾਅ’ ਦਾ ਜਾਸੂਸ ਸੀ ਤੇ ‘ਹੁਸੈਨ ਮੁਬਾਰਕ ਪਟੇਲ’ ਦੇ ਨਾਂਅ ਹੇਠ ਆਪਣੀਆਂ ਖੁਫੀਆਂ ਤੋੜ–ਫੋੜ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਸ ਕੋਲੋਂ ਭਾਰਤੀ ਰਾਜ ਦਾ ਪਛਾਣ ਪੱਤਰ ਪ੍ਰਾਪਤ ਹੋਇਆ ।
ਮਾਰਚ, 2016 ‘ਚ ਪਾਕਿ ਖੁਫ਼ੀਆਂ ਏਜੰਟਾਂ ਵੱਲੋਂ ਕੀਤੀ ਗਈ ਉਧਾਲੇ ਦੀ ਕਾਰਵਾਈ ਦੀ ਪਾਕਿਸਤਾਨ ‘ਚ ਜਰਮਨੀ ਦੇ ਸਾਬਕਾ ਰਾਜਦੂਤ ਗੁੰਟਰ ਮੁਲਕ ਦੇ ਹਵਾਲਿਆਂ ਨਾਲ ਵੀ ਤਸਦੀਕ ਹੁੰਦੀ ਹੈ। ਭਾਰਤ ਦੇ ਇਸਲਾਮਾਬਾਦ ਸਥਿੱਤ ਮਿਸ਼ਨ ਨੇ ਕਰੀਬ 13 ਵਾਰ ਕੁਲਭੂਸ਼ਣ ਜਾਧਵ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਪਰ ਪਾਕਿ ਪ੍ਰਸ਼ਾਸਨ ਤੇ ਫ਼ੌਜ ਨੇ ਐਸੀ ਇਜਾਜ਼ਤ ਨਾ ਦਿੱਤੀ ਇੰਜ ਕਰਕੇ ਇਸ ਨੇ ਕੌਂਸਲਰ ਰਿਸ਼ਤਿਆਂ ਸਬੰਧੀ ਵੀਆਨਾ ਕਨਵੈਨਸ਼ਨ ਦਾ ਉਲੰਘਣ ਕੀਤਾ।
ਪਾਕਿ ਵੱਲੋਂ ਜੋ ਵੀਡਿਓ ਜਾਧਵ ਵੱਲੋਂ ਆਪਣਾ ਦੋਸ਼ ਕਬੂਲਣ ਸਬੰਧੀ ਜਾਰੀ ਕੀਤਾ ਗਿਆ, ਮਾਹਿਰ ਉਸ ਨੂੰ ਝੂਠਾ ਤੇ ਦਬਾਅ ਹੇਠ ਤਿਆਰ ਕੀਤਾ ਦਸਤਾਵੇਜ਼ ਦਰਸਾਉਂਦੇ ਹਨ ਜਿਸ ਵਿੱਚ ਕੋਈ ਸੱਚਾਈ ਨਹੀਂ। ਕੀ ਕੋਈ ਖੁਫੀਆ ਏਜੰਟ ਜੋ ਦੂਜੇ ਦੇਸ਼ ਅੰਦਰ ਅਣਅਧਿਕਾਰਤ ਤੇ ਗੈਰ–ਕਾਨੂੰਨੀ ਤੌਰ ‘ਤੇ ਜਾਸੂਸੀ ਕਰਨ ਤੇ ਭੰਨ–ਤੋੜ ਦੀਆਂ ਕਾਰਵਾਈਆਂ ਕਰਨ ਦੀ ਮਨਸ਼ਾ ਨਾਲ ਘੁਸਿਆ ਹੋਵੇ ਕੀ ਆਪਣੇ ਕੋਲ ਆਪਣੇ ਦੇਸ਼ ਦਾ ਸ਼ਨਾਖ਼ਤ ਪੱਤਰ ਰੱਖੇਗਾ? ਪਾਕਿਸਤਾਨ ਦਾ ਐਸਾ ਦਾਅਵਾ ਨਿਰਾਧਾਰ, ਗੁੰਮਰਾਹਕੁਨ ਅਤੇ ਸੱਚਾਈ ਤੋਂ ਕੋਹਾਂ ਦੂਰ ਹੈ।
ਪਾਕਿ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਸ ਨੇ ਉਸ ਨੂੰ ਕਿੱਥੋਂ ਫੜਿਆ ਸੀ? ਜੇ ਉਸ ਨੂੰ ਇਰਾਨ ‘ਚੋਂ ਫੜਿਆ ਗਿਆ ਤਾਂ ਉਸ ਤੇ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਕਰਨ ਦਾ ਹੱਕ ਨਹੀਂ। ਉਸ ‘ਤੇ ਕੇਸ ਚਲਾਉਣ ਦਾ ਹੱਕ ਸਿਰਫ਼ ਇਰਾਨ ਨੂੰ ਹੀ ਹੋ ਸਕਦਾ ਹੈ ਉਹ ਭਾਰਤੀ ਸਮੁੰਦਰੀ ਫ਼ੌਜ ਤੋਂ ਦਹਾਕੇ ਨਾਲੋਂ ਵੀ ਪਹਿਲਾਂ ਲਾਂਭੇ ਹੋ ਚੁੱਕਾ ਹੈ। ਉਸਦਾ ਨੇਵੀ ਜਾਂ ਭਾਰਤ ਸਰਕਾਰ ਜਾਂ ਕਿਸੇ ਖੁਫ਼ੀਆ ਏਜੰਸੀ ਨਾਲ ਕੋਈ ਸਬੰਧ ਸਾਬਤ ਨਹੀਂ ਹੁੰਦਾ ਪਾਕਿ ਦੇ ਸਾਬਕਾ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ਼ ਇਸ ਦਾਅਵੇ ਨੂੰ ਖਾਰਜ ਕਰਦੇ ਸੰਦੇਹ ਪ੍ਰਗਟ ਕਰਦੇ ਸਨ ਕੀ ਕਿ ਉਹ ਰਾਅ ਜਾਂ ਹੋਰ ਕਿਸੇ ਖੁਫੀਆ ਏਜੰਸੀ ਦਾ ਮੈਂਬਰ ਹੋ ਸਕਦਾ ਹੈ। ਅਜਿਹੀ ਹੋਰ ਉੱਚ ਆਲ੍ਹਾ ਅਫਸਰਾਂ ਦੀ ਮਾਨਤਾ ਰਹੀ ਹੈ।
ਦਰਅਸਲ ਪਾਕਿ ਫ਼ੌਜ ਅਤੇ ਪ੍ਰਸ਼ਾਸਨ ਨੇ ਕੁਲਭੂਸ਼ਣ ਜਾਧਵ ਨੂੰ ਪਹਿਲਾਂ ਹੀ ਇੱਕ ਸੋਚੀ–ਸਮਝੀ ਚਾਲ ਰਾਹੀਂ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਘੜ ਰੱਖੀ ਸੀ। ਉਸ ‘ਤੇ ਲਾਏ ਮਨਘੜਤ ਦੋਸ਼, ਖੁਫ਼ੀਆ ਮੁਕੱਦਮਾ, ਢਾਹੇ ਅਣਮਨੁੱਖੀ ਤਸ਼ੱਦਦ ਇਸ ਪੂਰੀ ਜਾਲਿਮਾਨਾ ਦਾਸਤਾਨ ਦੀ ਕਹਾਣੀ ਬਿਆਨ ਕਰਦੀ ਹੈ। ਪਾਕਿਸਤਾਨ ‘ਚ ਅੱਤਵਾਦ, ਇਸਲਾਮਿਕ ਕਟੱੜਵਾਦ ਤੇ ਕੱਤਲੋ–ਗਾਰਤ ਸਬੰਧੀ ਨਿੱਤ ਲਾਵਾ ਉਗ਼ਲ ਰਿਹਾ ਦੋਸ਼ੀ ਹਾਫਿਜ਼ ਸਈਦ ਦਨਦਨਾਉਂਦਾ ਫਿਰਦਾ ਹੈ। ਉਸ ਵਿਰੁੱਧ ਭਾਰਤ ਹੀ ਨਹੀਂ ਹੋਰ ਦੇਸ਼ਾਂ ਨੇ ਕੱਤਲੋ–ਗਾਰਤ, ਅੱਤਵਾਦੀ ਕਾਰਵਾਈਆਂ ਸਬੰਧੀ ਅਨੇਕ ਪ੍ਰਮਾਣ ਦਿੱਤੇ ਹਨ ਪਰ ਐਸੇ ਗੁਨਾਹਗਾਰਾਂ ਵਿਰੁੱਧ ਉਹ ਚੁੱਪ ਰਹਿੰਦਾ ਹੈ।
ਭਾਰਤੀ ਕਿਸਾਨ ਸਰਬਜੀਤ ਸਿੰਘ ਵੱਲੋਂ ਅਣਭੋਲੇ ਸਰਹੱਦ ਪਾਰ ਕਰਨ ਤੇ ਪਾਕਿ ਪ੍ਰਸ਼ਾਸਨ ਨੇ ਉਸ ਨੂੰ ਪਕੜ ਕੇ ਉਸ ‘ਤੇ ਝੂਠੇ ਜਾਸੂਸੀ ਤੇ ਬੰਬ ਚਲਾਉਣ ਦੇ ਦੋਸ਼ ਮੜ੍ਹ ਕੇ ਉਸਨੂੰ ਜਾਧਵ ਵਾਂਗ ਬਲੀ ਦਾ ਬੱਕਰਾ ਬਣਾਉਂਦੇ ਫਾਂਸੀ ਦੀ ਸਜ਼ਾ ਦੇ ਦਿੱਤੀ। ਭਾਰਤ ਨੇ ਉਸ ‘ਤੇ ਪਾਏ ਝੂਠੇ ਕੇਸਾਂ ਦੇ ਪ੍ਰਮਾਣ ਦਿੰਦੇ ਉਸਦੀ ਬਾਰ–ਬਾਰ ਰਿਹਾਈ ਦੀ ਮੰਗ ਕੀਤੀ। ਪਰ ਜੇਲ੍ਹ ਅੰਦਰ ਉਸ ਨਾਲ ਮਾਰ–ਕੁਟਾਈ ਤੇ ਤਸੀਹੇ ਦੇਣ ਦੇ ਕਾਰਨਾਮੇ ਵੀ ਲਗਾਤਾਰ ਚਲਦੇ ਰਹੇ। ਸੰਨ 1991 ‘ਚ ਉਸਨੂੰ ਸੁਣਾਈ ਮੌਤ ਦੀ ਸਜ਼ਾ ਲਗਾਤਾਰ ਟਲਦੀ ਰਹੀ। ਆਖ਼ਰ ਸੰਨ 2013 ‘ਚ ਪਾਕਿਸਤਾਨ ਨੇ ਭਾਰੀ ਭਾਰਤੀ, ਡਿਪਲੋਮੈਟਿਕ ਤੇ ਪਰਿਵਾਰਕ ਦਬਾਅ ਹੇਠ ਉਸ ਦੀ ਰਿਹਾਈ ਦਾ ਸੰਕੇਤ ਦਿੱਤਾ। ਪਰ ਫਿਰ ਅਚਾਨਕ ਇਹ ਐਲਾਨ ਹੋਇਆ ਕਿ ਲਖਪੱਤ ਜੇਲ੍ਹ ਅੰਦਰ ਕੈਦੀਆਂ ਉਸ ‘ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਕੁਝ ਸਮਾਂ ਬਾਦ ਉਸਦੀ ਮੌਤ ਹੋ ਗਈ।
ਪਾਕਿ ਏਵੇਂ ਹੀ ਹੁਣ ਜਾਧਵ ਨਾਲ ਕਰਨ ਦੇ ਮਨਸੂਬੇ ਘੜ ਰਿਹਾ ਹੈ। ਉਸ ਨੇ ਤਾਂ ਉਸਨੂੰ ‘ਕਸਾਬ’ ਵਰਗਾ ਅੱਤਵਾਦੀ ਗਰਦਾਨਣ ਦਾ ਵੀ ਯਤਨ ਕੀਤਾ ਹੈ। ਪਰ ਕਸਾਬ ਤੇ ਸਾਥੀਆਂ ਨੇ ਮੁੰਬਈ ‘ਤੇ ਹਥਿਆਰਬੰਦ ਹਮਲਾ ਕਰਕੇ ਬਹੁਤ ਸਾਰੇ ਲੋਕਾਂ ਅਤੇ ਪੁਲਸੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਜਦਕਿ ਜਾਧਵ ਨੇ ਤਾਂ ਕਿਧਰੇ ਵੀ ਇੱਕ ਚਿੜੀ ਨਹੀਂ ਮਾਰੀ। ਉਸਨੂੰ ਤਾਂ ਉਧਾਲਿਆ ਗਿਆ। ਉਸ ਨੇ ਤਾਂ ਕਿਸੇ ਨਾਲ ਕੋਈ ਗੋਲੀਬਾਰੀ ਨਹੀਂ ਕੀਤੀ ਨਾ ਹੀ ਉਸ ਤੋਂ ਕੋਈ ਹਥਿਆਰ ਬਰਾਮਦ ਹੋਇਆ। ਪਾਕਿਸਤਾਨ ਦੀ ਮਾਰਸ਼ਲ ਕੋਰਟ ਨੂੰ ਝੂਠੇ, ਫਰੇਬੀ, ਮਨਘੜਤ ਕੇਸ ਚਲਾਉਣ ਦੀ ਬੇਸ਼ਰਮੀ ਨਾਲ ਆਦਤ ਪਈ ਹੋਈ ਹੈ। ਇਸ ਨੇ ਤਾਂ ਕਾਇਦ–ਏ–ਅਵਾਮ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਾਨੀ ਤੇ ਪ੍ਰਧਾਨ ਮੰਤਰੀ ਜੁਲਫ਼ਕਾਰ ਅਲੀ ਭੁੱਟੋ ਨੂੰ ਨਹੀਂ ਬਖ਼ਸ਼ਿਆ।
ਕੁਝ ਪਾਕਿਸਤਾਨੀ ਅਖ਼ਬਾਰਾਂ ‘ਚ ਜਾਧਵ ਦੇ ਕੇਸ ਸਬੰਧੀ ਪ੍ਰਤੀਕਰਮ ਵੇਖਣ ਨੂੰ ਮਿਲੇ ਹਨ। ‘ਦਾ ਨੇਸ਼ਨ’ ਦਾ ਮੰਨਣਾ ਹੈ ਕਿ ਜਾਧਵ ਮਸਲਾ ਦੋਵਾਂ ਪ੍ਰਮਾਣੂ ਸ਼ਕਤੀਆਂ ਦਰਮਿਆਨ ਟਕਰਾਅ ਪੈਦਾ ਕਰੇਗਾ। ਡਾੱ. ਹਸਨ ਅਸਕਰੀ ਅਨੁਸਾਰ ਉਸ ਦੀ ਫਾਂਸੀ ਦੋਵਾਂ ਦੇਸ਼ਾਂ ‘ਚ ਤਣਾਅ, ਪੈਦਾ ਕਰੇਗੀ। ਮਿਲਟਰੀ ਕੋਰਟ ਨੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਹੈ। ‘ਦਾ ਐਕਸਪ੍ਰੈੱਸ ਟ੍ਰਿਬਿਊਨ’ ਅਨੁਸਾਰ ਭਾਰਤੀ ਜਾਸੂਸ ਵੱਲੋਂ ਆਪਣੀ ਗਲਤੀ ਕਬੂਲਣ ਕਰਕੇ ਇਹ ਮਿਸਾਲੀ ਸਜ਼ਾ ਦਿੱਤੀ ਗਈ ਹੈ। ਡਾਨ ਅਖ਼ਬਾਰ ਨੇ ਇਸ ਨੂੰ ‘ਵਿਸ਼ੇਸ਼ ਕਾਰਵਾਈ’ ਦਰਸਾਇਆ ਹੈ। ਪਾਕਿ ਨੂੰ ਹੁਣ ਡਿਪਲੋਮੈਟਿਕ ਕੌਮਾਂਤਰੀ ਅਤੇ ਸਰਹੱਦਾਂ ਤੇ ਜਵਾਬੀ ਕਾਰਵਾਈ ਤਿਆਰ ਰਹਿਣਾ ਪਵੇਗਾ।
ਰਾਜਨੀਤਕ ਵਿਸ਼ਲੇਸ਼ਕ ਸੇਵਾ ਮੁਕਤ ਏਅਰ ਮਾਰਸ਼ਲ ਸ਼ਹਿਜ਼ਾਦ ਚੌਧਰੀ ਦਾ ਮੱਤ ਹੈ ਕਿ ਇਸ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਕੋਈ ਵੱਡਾ ਅਸਰ ਪੈਣ ਵਾਲਾ ਨਹੀਂ। ਜੀਓ ਨਿਊਜ਼ ਦੇ ਸੀਨੀਅਰ ਪੱਤਰਕਾਰ ਦਾ ਮੰਨਣਾ ਹੈ, ”ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਜਾਧਵ ਖਿਲਾਫ਼ ਮਿਲੇ ਸਬੂਤ ਜੱਗ ਜਾਹਿਰ ਕਰਨੇ ਚਾਹੀਦੇ ਹਨ। ਇਨ੍ਹਾਂ ਨੂੰ ਦੂਜੇ ਦੇਸ਼ਾਂ ਤੇ ਕੌਮਾਂਤਰੀ ਬਰਾਦਰੀ ਦੇ ਧਿਆਨ ‘ਚ ਲਿਆਉਣਾ ਚਾਹੀਦਾ ਹੈ।” ਪਰ ਅਸਲ ‘ਚ ਪਾਕਿ ਕੋਲ ਕੋਈ ਐਸੇ ਸਬੂਤ ਤੇ ਦਸਤਾਵੇਜ਼ ਮੌਜੂਦ ਹੀ ਨਹੀਂ ਹਨ।
ਕਸਾਬ ਤਾਂ ਇੱਕ ਐਸਾ ਅੱਤਵਾਦੀ ਅਤੇ ਮਾਨਵਘਾਤੀ ਦੋਸ਼ੀ ਸੀ ਜਿਸ ਦੀ ਸਜ਼ਾ ਬਾਰੇ ਪਾਕਿਸਤਾਨੀ ਆਮ ਲੋਕਾਂ ਦਾ ਮੰਨਣਾ ਸੀ ਕਿ ਉਸ ਨੇ ਬਹੁਤ ਵੱਡਾ ਗੁਨਾਹ ਕੀਤਾ ਸੀ ਜਿਸਦੀ ਉਸ ਨੂੰ ਵਾਜਬ ਸਜ਼ਾ ਦਿੱਤੀ ਗਈ ਹੈ। ਭਾਰਤੀ ਵਿਦੇਸ਼ੀ ਮੰਤਰੀ ਨੇ ਰਾਜ ਸਭਾ ‘ਚ ਐਲਾਨ ਕੀਤਾ ਕਿ ਜੇਕਰ ਜਾਧਵ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਪਾਕਿ ਗੰਭੀਰ ਅੰਜ਼ਾਮ ਭੁਗਤਣ ਲਈ ਤਿਆਰ ਰਹੇ। ਸਰਕਾਰ ਭਾਰਤ ਦੇ ਬੇਟੇ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਵੇਗੀ।
ਖੈਰ! ਕੁਲਭੂਸ਼ਣ ਜਾਧਵ ਲਈ 60 ਦਿਨਾਂ ‘ਚ ਸੁਪਰੀਮ ਕੋਰਟ ਜਾਣ ਦਾ ਸਮਾਂ ਹੈ ਆਪਣੀ ਸਜ਼ਾ ਵਿਰੁੱਧ। ਇਸ ਤੋਂ ਇਲਾਵਾ ਫੌਜ ਮੁਖੀ ਤੇ ਪਾਕਿਸਤਾਨੀ ਪ੍ਰਧਾਨ ਕੋਲ ਰਹਿਮ ਦੀ ਅਪੀਲ ਦੇ ਦੋ ਮੌਕੇ ਵੀ ਹਨ। ਦੋਵਾਂ ਦੇਸ਼ਾਂ ਤੇ ਆਮ ਨਾਗਰਿਕਾਂ ਦੀ ਭਲਾਈ ਇਸ ‘ਚ ਹੀ ਹੈ ਕਿ ਇਸ ਮਸਲੇ ਨੂੰ ਡਿਪਲੋਮੈਟਿਕ ਢੰਗ ਰਾਹੀਂ ਸੁਲਝਾ ਲਿਆ ਜਾਵੇ। ਪਿਛਲੇ 70 ਸਾਲ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਲੱਗੀ ਅੱਗ ਹੁਣ ਬੁਝ ਜਾਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।