ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ
ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਨੂੰ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਫੜ੍ਹ ਲਿਆ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵੀ ਹੋ ਸਕਦੇ ਹਨ। ਪੰਜਗਰਾਈਂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ, ਸਗੋਂ ਜਾਂਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ 2 ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਗੰਭੀਰ ਦੋਸ਼ ਵੀ ਲਗਾ ਗਏ ਹਨ।
ਜੋਗਿੰਦਰ ਸਿੰਘ ਪੰਜਗਰਾਈਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਸੁਨੀਲ ਜਾਖੜ ਬਗਲਾ ਭਗਤ ਬਣਦੇ ਹੋਏ ਕਾਂਗਰਸ ਪਾਰਟੀ ਵਿੱਚੋਂ ਦਲਿਤਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਹੀ ਇਲਾਕੇ ਨਾਲ ਲੱਗਦੇ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਨੇ ਪਹਿਲਾਂ ਪੰਜਗਰਾਈਂ ਸੀਟ ਤੋਂ 2007 ਅਤੇ ਫਿਰ 2012 ਵਿੱਚ ਜੈਤੋ ਸੀਟ ਤੋਂ ਚੋਣ ਜਿੱਤ ਕੇ ਦਿੱਤੀ ਸੀ। ਬਾਅਦ ‘ਚ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ 2017 ਵਿੱਚ ਉਹ ਜੈਤੋ ਤੋਂ ਜੇਤੂ ਉਮੀਦਵਾਰ ਸਨ ਪਰ ਸੁਨੀਲ ਜਾਖੜ ਨੇ ਆਪਣੇ ਸਾਥੀ ਨੂੰ ਸੈੱਟ ਕਰਨ ਲਈ ਉਨ੍ਹਾਂ ਨੂੰ ਭਦੌੜ ਭੇਜ ਦਿੱਤਾ ਜਿੱਥੇ ਪਹਿਲਾਂ ਤੋਂ ਕੋਈ ਤਿਆਰੀ ਨਾਂ ਹੋਣ ਦੇ ਕਾਰਨ ਉਹ ਹਾਰ ਗਏ।
ਉਨਾਂ ਦੱਸਿਆ ਕਿ ਉਹ ਮੌਜੂਦਾ ਕਾਂਗਰਸ ਜਿਲਾ ਪ੍ਰਧਾਨ ਹਨ ਪਰ ਹੁਣ ਕਾਂਗਰਸ ਵਿੱਚ ਰਹਿਣ ਵਾਲਾ ਮਾਹੌਲ ਨਹੀਂ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੁਝ ਸਾਲ ਪਹਿਲਾਂ ਹੀ ਸ਼ਾਮਲ ਹੋਏ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੇ ਪਾਰਟੀ ਨੂੰ ਆਪਣੀ ਜਗੀਰ ਬਣਾ ਕੇ ਆਪਣੇ ਅਨੁਸਾਰ ਚਲਾਉਣ ਵਿੱਚ ਲਗੇ ਹੋਏ ਹਨ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨਾ ਹੀ ਕਿਸੇ ਕਾਂਗਰਸੀ ਲੀਡਰ ਨਾਲ ਸਿੱਧੇ ਮੂੰਹ ਬੋਲਦੇ ਹਨ ਅਤੇ ਨਾ ਹੀ ਕਿਸੇ ਦਾ ਕੰਮ ਕਰਦੇ ਹਨ। ਜਿਸ ਕਾਰਨ ਇਹੋ ਜਿਹੇ ਲੀਡਰ ਕਾਂਗਰਸ ਪਾਰਟੀ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਬਰਬਾਦੀ ਦੇ ਕੰਢੇ ਪਹੁੰਚਾਉਣ ਦੀ ਕੋਸ਼ਸ਼ ਵਿੱਚ ਹਨ। ਉਨਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਤੱਕ ਆਵਾਜ਼ ਚੁੱਕੀ ਸੀ ਪਰ ਕਿਥੇ ਵੀ ਸੁਣਵਾਈ ਨਹੀਂ ਹੋਈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ