ਸੈਦੇ ਕੇ ਮੋਹਨ ਦੇ ਡੇਰਾ ਸ਼ਰਧਾਲੂ ਜੰਗੀਰ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਨਾਮਣਾ

Body Donation

(ਵਿਜੈ ਹਾਂਡਾ) ਗੁਰੂਹਰਸਹਾਏ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 145 ਕਾਰਜ ਪੂਰੀ ਦੁਨੀਆਂ ਅੰਦਰ ਮਿਸਾਲ ਬਣ ਚੁੱਕੇ ਹਨ ਤੇ ਇਹ ਮਾਨਵਤਾ ਭਲਾਈ ਦੇ ਕਾਰਜਾਂ ਦਾ ਕਾਰਵਾਂ ਲਗਾਤਾਰ ਜਾਰੀ ਹੈ। ਇਸ ਲੜੀ ਦੀ ਕੜੀ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਡੇਰਾ ਸ਼ਰਧਾਲੂ ਜੰਗੀਰ ਸਿੰਘ ਇੰਸਾਂ ਵਾਸੀ ਪਿੰਡ ਛਾਂਗਾ ਰਾਏ ਉਤਾੜ ਵੱਲੋਂ ਬਲਾਕ ਦੇ ਦੂਜੇ ਸਰੀਰਦਾਨੀ (Body Donation) ਹੋਣ ਦਾ ਨਾਮਣਾ ਖੱਟਿਆ ਹੈ ਤੇ ਉਸ ਦੀ ਸਵੈ ਤੇ ਦਿਲੀ ਇੱਛਾ ਅਨੁਸਾਰ ਉਸ ਦੀ ਮਿ੍ਰਤਕ ਦੇਹ ਨੂੰ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਸ ’ਤੇ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਖੋਜ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਮ੍ਰਿਤਕ ਜੰਗੀਰ ਸਿੰਘ ਇੰਸਾਂ ਦੇ ਪੁੱਤਰ ਤੇ ਪਿੰਡ ਛਾਂਗਾ ਰਾਏ ਉਤਾੜ ਦੇ ਭੰਗੀਦਾਸ ਗੁਰਮੇਜ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੰਗੀਰ ਸਿੰਘ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਪਿੰਡ ’ਚੋਂ ਸਭ ਤੋਂ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਸਾਡੇ ਪਰਿਵਾਰ ਨੂੰ ਸੱਚੇ ਸੌਦੇ ਵਾਲੇ ਪ੍ਰੇਮੀ ਦੇ ਘਰ ਨਾਲ ਜਾਣਿਆ ਲੱਗ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 145 ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜਿੱਥੇ ਮੇਰਾ ਪਰਿਵਾਰ ਵੱਧ-ਚੜ੍ਹਕੇ ਹਿੱਸਾ ਲੈ ਰਿਹਾ, ਉੱਥੇ ਹੀ ਬਜ਼ੁਰਗ ਅਵਸਥਾ ਹੋਣ ਦੇ ਬਾਵਜ਼ੂਦ ਵੀ ਮੇਰੇ ਪਿਤਾ ਵੱਲੋਂ ਮਾਨਵਤਾ ਭਲਾਈ ਦੇ ਜਿੰਦ ਲੇਖੇ ਲਾਉਣ ਦੇ ਉਦੇਸ਼ ਨਾਲ ਆਪਣੇ ਸਰੀਰਦਾਨ ਕਰਨ ਦਾ ਪ੍ਰਣ ਲਿਆ ਤਾਂ ਜੋ ਉਨ੍ਹਾਂ ਦੀ ਓੜ ਸੱਚੇ ਸਤਿਗੁਰੂ ਨਾਲ ਨਿਭ ਜਾਵੇ ਤੇ ਅੱਜ ਉਨ੍ਹਾਂ ਦੀ ਦਿਲੀ ਇੱਛਾ ਸਾਡੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰਦਾਨ ਕਰਕੇ ਕੀਤੀ ਗਈ ਹੈ।

ਸਰੀਰਦਾਨ ਕਰਨਾ ਪਿੰਡ ਛਾਂਗਾ ਰਾਏ ਉਤਾੜ ਦੇ ਵਾਸੀਆਂ ਲਈ ਮਾਣ ਵਾਲੀ ਗੱਲ : ਸਰਪੰਚ ਰਾਜ ਸਿੰਘ

ਇਸ ਸਬੰਧੀ ਜਦੋਂ ਪਿੰਡ ਛਾਂਗਾ ਰਾਏ ਉਤਾੜ ਦੇ ਸਰਪੰਚ ਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਛਾਂਗਾ ਰਾਏ ਉਤਾੜ ਦੇ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ’ਚ ਵੀ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਸਰੀਰ ਸੜ ਕੇ ਸੁਆਹ ਦੀ ਢੇਰੀ ਬਣ ਜਾਣਾ ਹੈ ਪਰ ਜਿਉਂਦੇ ਜੀਅ ਜਿੰਦ ਮਾਨਵਤਾ ਦੇ ਲੇਖੇ ਲਾਉਂਦੇ ਰਹੇ ਜੰਗੀਰ ਸਿੰਘ ਇੰਸਾਂ ਤੇ ਮਰਨ ਤੋਂ ਬਾਅਦ ਸਰੀਰ ਦਾਨ ਕਰਕੇ ਇਸ ਸਰੀਰ ਨੂੰ ਲੇਖੇ ਲਾ ਗਏ ਜੋ ਬਹੁਤ ਵੱਡੀ ਗੱਲ ਹੈ।

ਸਰੀਰ ਦਾਨ ਮੁਹਿੰਮ ਨੂੰ ਮਿਲ ਰਿਹਾ ਹੁੰਗਾਰਾ : 45 ਮੈਂਬਰ

ਇਸ ਸਬੰਧੀ ਜਦੋਂ 45 ਮੈਂਬਰ ਜੀਤ ਸਿੰਘ ਇੰਸਾਂ ਤੇ ਹਰਮੇਸ ਸਿੰਘ ਇੰਸਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਿੱਥੇ ਬਾਕੀ ਦੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਸਾਧ-ਸੰਗਤ ਲੱਗੀ ਹੋਈ ਹੈ ਉਸ ਤਰ੍ਹਾਂ ਸਰੀਰ ਦਾਨ ਵਰਗੀ ਮੁਹਿੰਮ ਨੂੰ ਹੁੰਗਾਰਾ ਮਿਲ ਰਿਹਾ ਹੈ ਤੇ ਸੱਚਖੰਡ ਵਾਸੀ ਜੰਗੀਰ ਸਿੰਘ ਇੰਸਾਂ ਬਲਾਕ ਸੈਦੇ ਕੇ ਮੋਹਨ ਦੇ ਦੂਜੇ ਸਰੀਰਦਾਨੀ ਬਣੇ ਹਨ ਤੇ ਇਸ ਤੋਂ ਪਹਿਲਾਂ ਬਲਾਕ ਸੈਦੇ ਕੇ ਮੋਹਨ ਦੇ ਪਿੰਡ ਪਿੰਡੀ ਦੀ ਭੈਣ ਸੀਮਾ ਰਾਣੀ ਇੰਸਾਂ ਵੱਲੋਂ ਬਲਾਕ ਦੇ ਪਹਿਲੇ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ ਗਿਆ ਸੀ ਤੇ ਲੋਕਾਂ ਅੰਦਰ ਦਿਨੋਂ ਦਿਨ ਜਾਗਰੂਕਤਾ ਆ ਰਹੀ ਹੈ।

ਸਰੀਰ ਦਾਨ ਤੋਂ ਵੱਡਾ ਕੋਈ ਦਾਨ ਨਹੀਂ : ਐੱਸਐੱਮਓ ਡਾ. ਕਰਨਵੀਰ ਕੌਰ

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਗੁਰੂਹਰਸਹਾਏ ਦੇ ਐੱਸਐੱਮਓ ਡਾ. ਕਰਨਵੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰੀਰ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਤੇ ਸਰੀਰ ਦਾਨ ਮਹਾਂ ਦਾਨ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਕਿ ਮਰਨ ਤੋਂ ਬਾਅਦ ਵੀ ਸਾਡਾ ਸਰੀਰ ਕੰਮ ਆ ਰਿਹਾ ਹੈ ਕਿਉਂਕਿ ਇਸ ਸਰੀਰ ’ਤੇ ਹੀ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਖੋਜ ਕੀਤੀ ਜਾਣੀ ਹੈ ਜੋ ਕਿਤਾਬਾਂ ਪੜ੍ਹ ਕੇ ਪੜ੍ਹਾਈ ਪੂਰੀ ਨਹੀਂ ਹੁੰਦੀ, ਸਗੋਂ ਇੱਕ ਪ੍ਰੈਕਟੀਕਲ ਕਰਨ ਨਾਲ ਹੀ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਜਿਵੇਂ ਇਹ ਡੇਰਾ ਸ਼ਰਧਾਲੂ ਅੱਗੇ ਆ ਕੇ ਸਰੀਰਦਾਨ ਕਰ ਰਹੇ ਹਨ ਇਸ ਤਰ੍ਹਾਂ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੋਜਾਂ ਕਰਨ ਦਾ ਮੌਕਾ ਮਿਲ ਸਕੇ ਤੇ ਆਉਣ ਵਾਲੀਆਂ ਬਿਮਾਰੀਆਂ ਦਾ ਪਤਾ ਲਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ