ਛੱਪੜ ਬਣਿਆ ਆਪ੍ਰੇਸ਼ਨ ’ਚ ਅੜਿੱਕਾ | Jalandhar
ਜਲੰਧਰ (Jalandhar)। ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਕੰਮ ਦੌਰਾਨ ਕਰਤਾਰਪੁਰ ਦੇ ਬਸਰਾਮਪੁਰ ’ਚ ਕਰੀਬ 80 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਹਰਿਆਣਾ ਦੇ ਜੀਂਦ ਨਿਵਾਸੀ ਮੈਕਨਿਕ ਸੁਰੇਸ਼ ਨੂੰ ਬਚਾਉਣ ਲਈ ਅਜੇ ਵੀ ਯਤਨ ਜਾਰੀ ਹਨ। ਸ਼ਨਿੱਚਰਵਾਰ ਸ਼ਾਮ ਨੂੰ 7 ਵਜੇ ਬੋਰਵੈੱਲ ’ਚ ਡਿੱਗੇ ਸੁਰੇਸ਼ ਨੂੰ ਹੁਣ ਤੱਕ ਐੱਨਡੀਆਰਐਫ਼ ਦੀ ਟੀਮ ਬਾਹਰ ਨਹੀਂ ਕੱਢ ਸਕੀ ਹੈ। ਸੁਰੇਸ਼ ਨੂੰ ਬੋਰਵੈੱਲ ’ਚ ਫਸੇ ਹੋਏ ਨੂੰ 40 ਘੰਟੇ ਹੋ ਗਏ ਹਨ। ਬਚਾਅ ਕਾਰਜ ’ਚ ਸਭ ਤੋਂ ਵੱਡਾ ਅੜਿੱਕਾ ਨੇੜੇ ਬਣੇ ਇੱਕ ਪਾਣੀ ਨਾਲ ਭਰਿਆ ਛੱਪੜ ਪੈਦਾ ਕਰ ਰਿਹਾ ਹੈ।
ਮਿੱਟੀ ਨਰਮ ਹੋਣ ਕਰਕੇ ਵਾਰ-ਵਾਰ ਹੇਠਾਂ ਡਿੱਗ ਰਹੀ ਹੈ। ਇਸ ਕਾਰਨ ਸਮਾਂ ਜ਼ਿਆਦਾ ਲੱਗ ਰਿਹਾ ਹੈ। ਚਾਰ ਤੋਂ 5 ਜੇਸੀਬੀ ਮਸ਼ੀਨਾਂ ਲਗਾਤਾਰ ਮਿੱਟੀ ਬਾਹਰ ਕੱਢ ਰਹੀਆਂ ਹਨ। ਹੁਣ ਤੱਕ 120 ਦੇ ਕਰੀਬ ਟਿੱਪਰ ਮਿੱਟੀ ਦੇ ਕੱਢੇ ਜਾ ਚੁੱਕੇ ਹਨ। ਐੱਨਐੱਚਏਆਈ ਤੇ ਐੱਨਡੀਆਰਐੱਫ਼ ਦੀਆਂਟੀਮਾਂ ਲਗਾਤਾਰ ਸੁਰੇਸ਼ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੀਆਂ ਹਨ ਪਰ ਮੌਜ਼ੂਦਾ ਹਾਲਾਤ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਅਜੇ ਹੋਰ ਵੀ ਕਈ ਘੰਟੇ ਸੁਰੇਸ਼ ਨੂੰ ਬਾਹਰ ਕੱਢਣ ’ਚ ਲੱਗ ਸਕਦੇ ਹਨ।
ਸੁਰੇਸ਼ ਦੇ ਭਰਾ ਦਾ ਬਿਆਨ…
ਸੁਰੇਸ਼ ਦੇ ਛੋਟੇ ਭਰਾ ਸੱਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਘਟਨਾ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਜਲੰਧਰ ਪਹੰੁਚ ਗਏ। ਕੰਪਨੀ ਆਪਣੇ ਵੱਲੋਂ ਲਗਾਤਾਰ ਸੁਰੇਸ਼ ਨੂੰ ਬਚਾਉਣ ’ਚ ਲੱਗੀ ਹੋੲਂ ਹੈ। ਮਰਨਾ ਜਿਉਣਾ ਤਾਂ ਪ੍ਰਮਾਤਮਾ ਦੇ ਹੱਥ ’ਚ ਹੈ, ਜੇਕਰ ਸੁਰੇਸ਼ ਦੀ ਜ਼ਿੰਦਗੀ ’ਚ ਜਿਉਣਾ ਹੋਵੇਗਾ ਤਾਂ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ। ਸੱਤਿਆਵਾਨ ਨੇ ਦੱਸਿਆ ਕਿ ਪ੍ਰਸ਼ਾਸਨ ਸੁਰੇਸ਼ ਨੂੰ ਟੈਕਨੀਕਲ ਐਕਸਪਰਟ ਦੱਸ ਰਿਹਾ ਹੈ, ਜਦੋਂਕਿ ਉਹ ਪਿੰਡ ’ਚ ਕਿਸਾਨੀ ਕਰਦਾ ਸੀ। ਉਹ ਜਲੰਧਰ ’ਚ ਕੰਮ ਕਰਨ ਲਈ ਆਇਆ ਸੀ।