ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਜਲਾਲਦੀਵਾਲ ਬੋਲ...

    ਜਲਾਲਦੀਵਾਲ ਬੋਲਦਾ ਹੈ

    ਜਲਾਲਦੀਵਾਲ ਬੋਲਦਾ ਹੈ

    ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ-ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ।
    ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹੁਣ ਰਾਏਕੋਟ ਵਿੱਚ। ਕੰਨੀ ਦਾ ਕਿਆਰਾ। ਪਰ ਹਿੰਮਤ ਤੇ ਉਤਸ਼ਾਹ ਦਾ ਸਰਸਬਜ ਚਸ਼ਮਾ।
    ਜਲਾਲਦੀਵਾਲ ਪਿੰਡ ਦਾ ਨਾਂਅ ਮੈਂ ਪਹਿਲੀ ਵਾਰ 1977-78 ਚ ਸੁਣਿਆ ਸੀ,

    ਪਸ਼ੌਰਾ ਸਿੰਘ ਕਰਕੇ। ਉਹ ਗੁਰੂਸਰ ਸਧਾਰ ਪੜਿ੍ਹਆ ਸੀ ਕਦੇ ਡਾ. ਹ. ਸ. ਦਿਉਲ ਜੀ ਕੋਲ। ਉਨ੍ਹਾਂ ਦੇ ਮੋਹ ਜਾਲ ਕਾਫਲੇ ਵਿੱਚ ਉਮਰ ਭਰ ਰਿਹਾ। ਮੇਰੇ ਭਾ ਜੀ ਬਲਕਾਰ ਸਿੰਘ ਬਾਜਵਾ ਇਸੇ ਪਿੰਡ ਬੀ ਐੱਡ ਕਾਲਜ ਦੇ ਪਿ੍ਰੰਸੀਪਲ ਸਨ। ਉਨ੍ਹਾਂ ਦੀ ਅਸੂਲ-ਪ੍ਰਸਤੀ ਤੇ ਸਾਫਗੋਈ ਕਾਰਨ ਪ੍ਰਬੰਧਕਾਂ ਨਾਲ ਕੋਈ ਨਾ ਕੋਈ ਰੇੜਕਾ ਪਿਆ ਹੀ ਰਹਿੰਦਾ। ਲੋਕ ਸ਼ਕਤੀ ਦਾ ਪ੍ਰਤੀਕ ਬਣ ਪਸ਼ੌਰਾ ਸਿੰਘ ਬਹੁੜਦਾ ਤੇ ਸੰਕਟ ਫੁੱਰਰਰ ਹੋ ਜਾਂਦਾ। ਸ. ਹਰਨੇਕ ਸਿੰਘ ਸਰਾਭਾ ਦੀ ਅਗਵਾਈ ’ਚ ਸਾਰੇ ਵੀਰ ਇੱਕ ਟੱਬਰ ਹੀ ਤਾਂ ਸੀ।

    ਪਸ਼ੌਰਾ ਸਿੰਘ ਜਲਾਲਦੀਵਾਲ ਦਾ ਸਰਪੰਚ ਰਿਹਾ ਲੰਮਾ ਸਮਾਂ। ਬਾਬੇ ਦੁੱਲਾ ਸਿੰਘ ਦਾ ਗਰਾਈਂ ਪੋਤਾ। ਵਿਚਾਰਾਂ ਦਾ ਸੰਦੇਸ਼ਵਾਹਕ।
    ਹੁਣ ਇਹ ਪਿੰਡ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਦੀ ਲਹਿਰ ਦੇ ਆਗੂ ਵਜੋਂ ਜਾਣਿਆ ਜਾਂਦਾ ਹੈ। ਝੋਨੇ ਦੀ ਕੱਦੂ ਕੀਤੇ ਬਿਨਾਂ ਸਿੱਧੀ ਬਿਜਾਈ ਦਾ ਆਗਾਜ਼ ਵੀ ਇਸੇ ਪਿੰਡ ਨੇ ਕਈ ਸਾਲ ਪਹਿਲਾਂ ਕੀਤਾ ਜਿਸ ਨੂੰ ਵੇਖਣ ਲਈ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਖੁਦ ਪਹੁੰਚੀ।
    ਇਸ ਲਹਿਰ ਦੀ ਅਗਵਾਈ ਡਾ. ਹਰਮਿੰਦਰ ਸਿੰਘ ਸਿੱਧੂ ਕਰ ਰਿਹਾ ਹੈ। ਉਹ ਹੋਮਿਉਪੈਥੀ ਡਾਕਟਰ ਹੈ। ਚੋਖਾ ਸਿਆਣਾ। ਰਾਏਕੋਟ ’ਚ ਕਲੀਨਿਕ ਹੈ ਪਰ ਜੀਵਨ ਸਾਥਣ ਬਹੁਤੇ ਮਰੀਜ ਵੇਖਦੀ ਹੈ। ਉਹ ਵੀ ਯੋਗ ਹੋਮਿਉਪੈਥ ਹੈ। ਹਰਮਿੰਦਰ ਸਮਾਜ ਵਿਕਾਸ ਨੂੰ ਪਰਨਾਇਆ ਹੋਇਆ ਹੈ।

    ਉਸ ਦੀ ਮਹਿਮਾ ਤਾਂ ਬਹੁਤ ਸੁਣੀ ਸੀ, ਪਰ ਟੈਲੀਫੋਨੀ ਮੁਲਾਕਾਤ ਹੀ ਹੋਈ ਏ ਕੁ ਵਾਰ। ਕੁਝ ਦਿਨ ਪਹਿਲਾਂ ਉਹ ਗੁਰਪ੍ਰੀਤ ਸਿੰਘ ਤੂਰ ਨਾਲ ਮਿਲਣ ਆਇਆ। ਉਤਸ਼ਾਹ ਦਾ ਭਰਿਆ-ਭਕੁੰਨਾ। ਦੱਸਣ ਵਾਲੀਆਂ ਗੱਲਾਂ ਬਹੁਤੀਆਂ, ਸਮਾਂ ਥੋੜ੍ਹਾ ਸੀ। ਗੁਰਪ੍ਰੀਤ ਮਿਲਾ ਕੇ ਚਲਾ ਗਿਆ ਤੇ ਅਸੀਂ ਦੋਵੇਂ ਚੋਖਾ ਚਿਰ ਬੈਠੇ ਰਹੇ। ਗੱਲਾਂ ਕਰਦਿਆਂ ਉਸ ਦੱਸਿਆ ਕਿ 70 ਪਿੰਡਾਂ ’ਚ ਉਨ੍ਹਾਂ ਦੀ ਐੱਨ ਜੀ ਓ ਬਾਬਾ ਦੁੱਲਾ ਸਿੰਘ ਦਾ ਨਾਂਅ ਧਿਆ ਕੇ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਫੂਕਣੋਂ ਪਿੰਡਾਂ ਵਾਲਿਆਂ ਨੂੰ ਪ੍ਰੇਰਨਾ ਨਾਲ ਵਰਜਦੀ ਹੈ। ਮਸ਼ੀਨਾਂ ਦੀ ਮੱਦਦ ਨਾਲ ਅਗਲੀ ਫਸਲ ਬੀਜ ਕੇ ਵਿਖਾਉਂਦੀ ਹੈ। ਚੰਗਾ ਨਤੀਜਾ ਹੀ ਪਿੰਡਾਂ ਲਈ ਪ੍ਰੇਰਕ ਬਣ ਰਿਹੈ। ਜਲਾਲਦੀਵਾਲ ਪਿੰਡ ਦੀਆਂ ਧੀਆਂ ਹਾਕੀ ਖੇਤਰ ਵਿੱਚ ਵੀ ਸਰਵੋਤਮ ਹਨ। ਮੈਂ ਪੁੱਛਿਆ ਕਿ ਗਰਾਊਂਡ ਪਿੰਡ ਦੇ ਨੇੜੇ ਹੈ ਜਾਂ ਦੂਰ? ਉਹ ਮੁਸਕਰਾਇਆ ਤੇ ਬੋਲਿਆ,

    ‘‘ਜਿਸ ਕਮਰੇ ਚ ਆਪਾਂ ਬੈਠੇ ਹਾਂ, ਇਸ ਨਾਲ ਇੱਕ ਹੋਰ ਜੋੜ ਲਉ, ਬੱਸ ਏਨੀ ਕੁ ਹੀ ਗਰਾਊਂਡ ਹੈ।
    ਪਰ ਐਤਕੀਂ ਵੀ ਸਾਡੀਆਂ ਧੀਆਂ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਹੁਣੇ ਹੀ ਜ਼ਿਲ੍ਹਾ ਚੈਂਪੀਅਨ ਬਣੀਆਂ ਹਨ। ਜ਼ਿਲੇ ਦੀ ਟੀਮ ਵਿੱਚ ਵੀ ਅੱਠ ਬੇਟੀਆਂ ਖੇਡਣਗੀਆਂ, ਪੰਜਾਬ ਚੈਂਪੀਅਨਸ਼ਿਪ ਵਿੱਚ।’’
    ਮੇਰੇ ਵਰਗੇ ਸਿਰਫ ਗੱਲਾਂ ਕਰਦੇ ਨੇ ਪਰ ਜਲਾਲਦੀਵਾਲ ਵਾਲੇ ਕੰਮ ਕਰਦੇ ਨੇ। ਹਰ ਮੈਦਾਨ ਫਤਹਿ ਐਵੇਂ ਨਸੀਬ ਨਹੀਂ ਹੁੰਦੀ। ਪਿੰਡ ਦੀ ਦੁੱਧ ਉਤਪਾਦਕ ਸੋਸਾਇਟੀ ਨੇ ਇਸ ਸਾਲ ਸੋਲਾਂ-ਸਤਾਰਾਂ ਲੱਖ ਰੁਪਏ ਮੁਨਾਫਾ ਕੱਢਿਆ ਹੈ। ਲਵੇਰੇ ਪਾਲ ਕੇ ਦੁੱਧ ਵੇਚਣ ਵਾਲੇ ਆਪਸ ’ਚ ਵੰਡਣਗੇ ਅਗਲੇ ਦਿਨੀਂ।

    ਕੌਣ ਕਹਿੰਦੈ? ਪਿੰਡ ਮਰ ਰਹੇ ਨੇ!

    ਕੱਲ੍ਹ ਪੰਜਾਬ ਦਾ ਉਤਸ਼ਾਹੀ ਪੰਚਾਇਤ, ਪੇਂਡੂ ਵਿਕਾਸ ਤੇ ਖੇਤੀ ਮੰਤਰੀ ਸਾਡੇ ਕੋਲ ਸੀ ਰਾਮਗੜੀਆ ਗਰਲਜ਼ ਕਾਲਜ ਵਿੱਚ ਲੁਧਿਆਣੇ।
    ਮੈਂ ਉਸ ਨੂੰ ਬੇਨਤੀ ਕੀਤੀ ਕਿ ਜਲਾਲਦੀਵਾਲ ਫੇਰਾ ਮਾਰ ਕੇ ਵੇਖੋ ਕਿ ਸਾਰਾ ਜੰਗਲ ਹਾਲੇ ਨਹੀਂ ਸੜਿਆ, ਹਰੀਆਂ ਪੱਤੀਆਂ ਵਕਤ ਨਾਲ ਇਕਰਾਰਨਾਮਾ ਲਿਖ ਰਹੀਆਂ ਨੇ ਤੇਰੇ ਵਾਂਗ।

    ਉਸ ਕਿਹਾ, ਅਵੱਸ਼ ਜਾਵਾਂਗਾ। ਟੀਮ ਵੀ ਭੇਜਾਂਗਾ ਪਹਿਲਾਂ। ਬੱਚੀਆਂ ਲਈ ਖੇਡ ਮੈਦਾਨ ਵੀ ਤਿਆਰ ਕਰਾਂਗੇ ਪੰਚਾਇਤ ਦੀ ਮੱਦਦ ਨਾਲ। ਉਸ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਪਿੰਡਾਂ ਨੇ ਅੰਗੜਾਈ ਲਈ ਹੈ, ਜਾਗਣਗੇ ਤੇ ਗੁਆਚੀ ਪੱਗ ਸੰਭਾਲਣਗੇ, ਭਾਊ ਜੀ, ਵੇਖੀ ਜਾਇਉ। ਸਾਡਾ ਸਾਂਝਾ ਸੁਪਨਾ ਚਿਹਰੇ ’ਤੇ ਲਾਲੀ ਵਾਲਾ ਪੰਜਾਬ ਹੈ, ਜੋ ਰੱਤ ਚੂਸਣ ਵਾਲਿਆਂ ਨੂੰ ਨਹੀਂ ਪੁੱਗਦਾ। ਪਰ ਅਸੀਂ ਜਿਉਂਦੇ, ਅਸੀਂ ਜਾਗਦੇ। ਪਹਿਰੇਦਾਰੀ ਕਰਾਂਗੇ, ਜਾਗਾਂਗੇ, ਜਗਾਵਾਂਗੇ, ਪਿੱਛੇ ਪੈਰ ਨਾ ਪਾਵਾਂਗੇ, ਵੇਖਿਉ ਸਹੀ, ਮੋਤੀਆਂ ਵਾਲਿਉ।

    • ਮੈਂ ਘਰ ਆ ਕੇ ਜੇਬੀ ਫੋਨ ’ਚੋਂ ਸੁਨੇਹੇ ਪੜ੍ਹਨੇ ਸ਼ੁਰੂ ਕੀਤੇ।
    • ਇੱਕ ਸੁਨੇਹਾ ਹੋਰ ਪਿਆ ਸੀ ਹਰਮਿੰਦਰ ਵੱਲੋਂ।

    ਭਾ ਜੀ ਸਾਡੀਆਂ ਬੱਚੀਆਂ ਨੇ ਅੰਡਰ 14 ਹਾਕੀ (ਲੜਕੀਆਂ) ਜਿਲ੍ਹਾ ਚੈਂਪੀਅਨ ਤੋਂ ਮਗਰੋਂ ਅੱਜ ਅੰਡਰ 17 ਹਾਕੀ (ਲੜਕੀਆਂ) ਚੈਂਪੀਅਨਸ਼ਿਪ ਵੀ ਜਿੱਤ ਲਈ ਹੈ। ਉਸ ਲਿਖਿਆ ਕਿ ਮਿਹਨਤ, ਲਗਨ, ਸਿਰੜ ਦੇ ਸਿਰ ’ਤੇ ਸਮੇਂ ਨੂੰ ਅੱਗੇ ਲਾ ਲੈਂਦਾ ਹੈ ਬੰਦਾ ,

    ਅੱਜ ਪੀ ਏ ਯੂ ਲੁਧਿਆਣਾ ਦੇ ਗਰਾਊਂਡ ਵਿੱਚ ਵੱਖਰਾ ਨਜਾਰਾ ਸੀ (ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਮੁਕਾਬਲਿਆਂ ਵਿੱਚ ) ਜਦੋਂ ਕੁਝ ਦਿਨ ਪਹਿਲਾਂ ਜਲਾਲਦੀਵਾਲ ਦੀਆਂ ਧੀਆਂ ਅੰਡਰ 14 ਵਿੱਚ ਜਿਲ੍ਹਾ ਚੈਂਪੀਅਨ ਬਣੀਆਂ ਸਨ ਤਾਂ ਉਸੇ ਜੋਸ਼ ਨੂੰ ਕਾਇਮ ਰੱਖਦਿਆਂ ਅੰਡਰ 17 ਵਿੱਚ ਕੁੜੀਆਂ ਦੀ ਟੀਮ ਵੀ ਜੇਤੂ ਹੋ ਕੇ ਜਿਲ੍ਹਾ ਚੈਂਪੀਅਨ ਬਣੀ, ਚੰਗੇ-ਮਾੜੇ ਹਾਲਾਤ ਤੇ ਕਮੀਆਂ ਝੁਕ ਜਾਂਦੀਆਂ ਨੇ ਮਿਹਨਤ ਅੱਗੇ। ਸਾਡੇ ਲਈ ਖੁਸ਼ੀ ਦੀ ਗੱਲ ਹੈ ਜਦੋਂ ਲੁਧਿਆਣਾ ਜਿਲ੍ਹਾ ਪੰਜਾਬ ਲਈ ਖੇਡੇਗਾ ਤਾਂ ਦੋਵਾਂ ਟੀਮਾਂ ਵਿੱਚ ਸਾਡੀਆਂ ਖਿਡਾਰਨਾਂ ਜਿਲੇ੍ਹ ਨੂੰ ਲੀਡ ਕਰਨਗੀਆਂ।

    • ਕੁਦਰਤ ਨੇ ਸਾਡੀਆਂ ਕੋਸ਼ਿਸ਼ਾਂ ’ਤੇ ਮੋਹਰ ਲਾਈ ਹੈ,
    • ਕੋਚ ਵੀਰਾਂ ਦੀ ਮਿਹਨਤ ਨੂੰ ਸਿਜਦਾ!
    • ਉਸਤਾਦ ਦਾਮਨ ਯਾਦ ਆਇਆ, ਜਿਸ ਲਿਖਿਆ ਸੀ ਕਦੇ:-
    • ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ
    • ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ।
    • ਰਾਂਝਾ ਤਖਤ ਹਜਾਰਿਉਂ ਤੁਰੇ ਤਾਂ ਸਹੀ,
    • ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
    • ਬਾਬਾ ਦੁੱਲਾ ਸਿੰਘ ਦੇ ਵਾਰਸਾਂ ਨੂੰ ਸਲਾਮ!

    ਗੁਰਭਜਨ ਗਿੱਲ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here