ਜਗਮੀਤ ਬਰਾੜ ਸਿਆਸਤ ਦਾ ਤਜਰਬੇਕਾਰ , ਸੂਝਵਾਨ ਤੇ ਵਧੀਆ ਬੁਲਾਰਾ : ਪ੍ਰਕਾਸ਼ ਸਿੰਘ ਬਾਦਲ
ਜਗਮੀਤ ਬਰਾੜ ਤੇ ਵਰਕਰਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ : ਸੁਖਬੀਰ ਬਾਦਲ
ਆਪਸੀ ਵਿਰੋਧੀ ਹੋਣ ਦੇ ਬਾਵਜੂਦ ਅਸੀਂ ਸਿਆਸੀ ਲੜਾਈ ਸਾਫ ਸੁੱਥਰੀ ਲੜੀ : ਹਰਸਿਮਰਤ
ਸ੍ਰੀ ਮੁਕਤਸਰ ਸਾਹਿਬ, ਭਜਨ ਸਿੰਘ ਸਮਾਘ/ਸੁਰੇਸ਼ ਗਰਗ
ਸਾਬਕਾ ਮੈਂਬਰ ਲੋਕ ਸਭਾ ਜਗਮੀਤ ਸਿੰਘ ਬਰਾੜ ਅੱਜ ਆਪਣੇ ਪਰਿਵਾਰ ਅਤੇ ਵਰਕਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਹਨਾਂ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿਖੇ ਵਰਕਰਾਂ ਅਤੇ ਸਮਰਥਕਾਂ ਦਾ ਇੱਕ ਇਕੱਠ ਕੀਤਾ, ਜੋ ਕਿ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਾਮਿਲ ਹੋ ਕੇ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ ਵਿੱਚ ਸਾਮਿਲ ਕਰਨ ਦੀ ਰਸਮ ਵਜੋਂ ਪਾਰਟੀ ਦਾ ਬੈਜ਼ ਲਗਾ ਕੇ ਅਤੇ ਹਾਰ ਪਾ ਕੇ ਉਹਨਾਂ ਨੂੰ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਪਾਰਟੀ ਵਿੱਚ ਘਰ ਵਾਪਸੀ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਅਕਾਲੀ ਪਾਰਟੀ ਟੀਮ ਵਰਕ ਦੇ ਤੌਰ ‘ਤੇ ਕੰਮ ਕਰਕੇ ਪੰਜਾਬ ਨੂੰ ਹੋਰ ਖੁਸ਼ਹਾਲੀ ਵੱਲ ਲੈ ਜਾ ਸਕੇਗਾ।
ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਜਦੋਂ ਉਹ 22 ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਲੋਕ ਸਭਾ ਚੋਣ ਲਈ ਪ੍ਰਚਾਰ ਕਰਨ ਇੱਥੇ ਆਈ ਸੀ ਤਾਂ ਉਸ ਸਮੇਂ ਵੀ ਜਗਮੀਤ ਸਿੰਘ ਬਰਾੜ ਦਾ ਨਾਮ ਪੰਜਾਬ ਵਿੱਚ ਬੋਲਦਾ ਸੀ। ਉਹਨਾਂ ਕਿਹਾ ਕਿ ਭਾਵੇਂ ਅਸੀਂ ਆਪਸੀ ਲੜਾਈ ਸਿਆਸੀ ਤੌਰ ‘ਤੇ ਲੜਦੇ ਰਹੇ ਹਾਂ ਪਰ ਅਸੀਂ ਇਹ ਲੜਾਈ ਸਾਫ ਸੁੱਥਰੀ ਲੜੀ ਹੈ। ਬਰਾੜ ਦਾ ਪਰਿਵਾਰ ਤੇ ਸਾਡਾ ਪਰਿਵਾਰ ਮੁਢਲੇ ਤੌਰ ‘ਤੇ ਅਕਾਲੀ ਪਰਿਵਾਰ ਹੈ, ਇਸ ਲਈ ਬਰਾੜ ਦਾ ਪਾਰਟੀ ਵਿੱਚ ਆਉਣਾ ਘਰ ਵਾਪਸੀ ਕਿਹਾ ਜਾ ਸਕਦਾ ਹੈ।
ਸੁਖਬੀਰ ਸਿੰਘ ਬਾਦਲ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ , ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਵਰਕਰਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਬਰਾੜ ਦੇ ਅਕਾਲੀ ਦਲ ਵਿੱਚ ਆਉਣ ਨਾਲ ਉਹਨਾਂ ਨੂੰ ਹੋਰ ਤਾਕਤ ਮਿਲੇਗੀ ਅਤੇ ਉਹ ਪੰਜਾਬ ਨੂੰ ਹੋਰ ਤਰੱਕੀ ਵੱਲ ਲਿਜਾ ਸਕਣਗੇ। ਉਹਨਾਂ ਕਿਹਾ ਕਿ ਬਰਾੜ ਇੱਕ ਤਜਰਬੇਕਾਰ ਅਤੇ ਵਧੀਆ ਬੁਲਾਰੇ ਹਨ।
ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਜਗਮੀਤ ਸਿੰਘ ਬਰਾੜ ਨੂੰ ਸਿਆਸਤ ਦੇ ਤਜਰਬੇਕਾਰ , ਸੂਝਵਾਨ ਅਤੇ ਵਧੀਆ ਬੁਲਾਰਾ ਕਰਾਰ ਦਿੰਦਿਆਂ ਅੱਜ ਦਾ ਹੀਰੋ ਕਹਿ ਕੇ ਸਤਿਕਾਰਿਆ ਅਤੇ ਕਿਹਾ ਕਿ ਉਹਨਾਂ ਦਾ ਦਿਲ ਅਤੇ ਸੋਚ ਪੰਥਕ ਹੈ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਉਹਨਾਂ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਸੁਖਬੀਰ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਜਗਮੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਬਰਾੜ ਨਾਲ ਉਹਨਾਂ ਨੇ ਇਕੱਠੇ ਅਕਾਲੀ ਦਲ ਵਿੱਚ ਕੰਮ ਕੀਤਾ ਹੈ, ਇਸ ਲਈ ਜਗਮੀਤ ਸਿੰਘ ਬਰਾੜ ਉਹਨਾਂ ਦੇ ਬੇਟੇ ਬਰਾਬਰ ਹਨ। ਉਹਨਾਂ ਨੇ ਜਗਮੀਤ ਅਤੇ ਰਿਪਜੀਤ ਨੂੰ ਰਾਮ ਲਛਮਣ ਦੀ ਜੋੜੀ ਦਾ ਕਰਾਰ ਦਿੱਤਾ ਅਤੇ ਮਜਾਕ ਵਿੱਚ ਕਿਹਾ ਕਿ ਸਾਡੀ ਜੋੜੀ (ਪ੍ਰਕਾਸ਼ -ਦਾਸ) ਦੀ ਤਾਂ ਵੱਖ-ਵੱਖ ਹੋ ਗਈ ਹੈ ਪਰ ਇਹ ਜੋੜੀ ਪੰਜਾਬ ਨੂੰ ਹੋਰ ਤਰੱਕੀ ਤੇ ਲਿਜਾਣ ਵਿੱਚ ਸਹਾਈ ਸਿੱਧ ਹੋਵੇਗੀ।
ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਵਿੱਚ ਸ਼ਾਮਿਲ ਕਰਨ ‘ਤੇ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਜਿੱਥੇ ਵੀ ਉਹਨਾਂ ਨੂੰ ਹੁਕਮ ਕਰੇਗਾ ਉਹ ਬਤੌਰ ਵਰਕਰ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਨੇ ਹਰਸਿਮਰਤ ਕੋਰ ਬਾਦਲ ਦਾ ਪੰਜਾਬ ਪ੍ਰਤੀ ਲੋਕ ਸਭਾ ਵਿੱਚ ਰਹਿ ਕੇ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਹਰ ਔਖੇ ਸਮੇਂ ਮਜੀਠੀਆ ਪਰਿਵਾਰ ਨੇ ਉਹਨਾਂ ਦੀ ਬਾਂਹ ਫੜੀ ਹੈ। ਸਟੇਜ ਦੀ ਕਾਰਵਾਰੀ ਰਿਪਜੀਤ ਸਿੰਘ ਬਰਾੜ ਸਾਬਕਾ ਵਿਧਾਇਕ ਨੇ ਨਿਭਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।