ਦਿੱਲੀ ਜਾ ਕੇ ਸ਼ਾਮਲ ਹੋਏ ਭਾਜਪਾ ’ਚ, ਇੱਕ ਸਾਲ ’ਚ ਹੀ ਹੋਇਆ ਆਪ ਤੋਂ ਮੋਹ ਭੰਗ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਦਲਬਦਲ ਲਗਾਤਾਰ ਜਾਰੀ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਸਿਆਸੀ ਲੀਡਰ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ। ਮੰਗਲਵਾਰ ਨੂੰ ਸਾਬਕਾ ਵਿਧਾਇਕ ਜਗਬੀਰ ਬਰਾੜ (Jagbir Brar) ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਜਗਬੀਰ ਬਰਾੜ ਇੱਕ ਸਾਲ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਇੱਕ ਸਾਲ ਦੌਰਾਨ ਹੀ ਉਨ੍ਹਾਂ ਦਾ ਆਮ ਆਦਮੀ ਪਾਰਟੀ ਤੋੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਓਂ ਵਿਖੇ ਵਿਸ਼ਾਲ ਕਿਸਾਨ ਮਹਾਂ-ਪੰਚਾਇਤ
ਜਗਬੀਰ ਬਰਾੜ 2007 ਵਿੱਚ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੀ ਸੀ ਚੋਣ
ਜਗਬੀਰ ਬਰਾੜ 2007 ਵਿੱਚ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਸਾਥ ਕਿਸਮਤ ਨੇ ਨਹੀਂ ਦਿੱਤਾ। ਜਗਬੀਰ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਮਾੜੀ ਹਾਲਤ ਹੁੰਦੀ ਦੇਖ਼ ਹੀ ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਸੀ। ਜਗਬੀਰ ਬਰਾੜ (Jagbir Brar) ਵੱਲੋਂ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਦਿੱਲੀ ਵਿਖੇ ਕੌਮੀ ਜਰਨਲ ਸਕੱਤਰ ਤਰੁਣ ਚੁਘ ਦੀ ਅਗਵਾਈ ਵਿੱਚ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜਾਂ ਫਿਰ ਹੋਰ ਕੋਈ ਵੀ ਲੀਡਰ ਮੌਜੂਦ ਨਹੀਂ ਸੀ।