ਪਟਿਆਲਾ (ਰਾਮ ਸਰੂਪ ਪੰਜੋਲਾ, ਖੁਸ਼ਵੀਰ ਸਿੰਘ ਤੂਰ/ਸਨੌਰ)। ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾਖਾ ਦੇ ਇੱਕ ਵਿਦਿਆਰਥੀ ਨੂੰ ਪਟਿਆਲਾ ਦੇ ਢਿੱਲੋਂ ਫਨ ਵਰਲਡ ਵਿਖੇ ਟੂਰ ‘ਤੇ ਆਉਣ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਕਿਡਨੀ ਗਵਾਉਣੀ ਪਈ। ਇੱਧਰ ਵਿਦਿਆਰਥੀ ਦੇ ਮਾਪਿਆਂ ਤੇ ਉਸ ਦੇ ਇਲਾਜ਼ ‘ਤੇ ਹੁਣ ਤੱਕ ਤਿੰਨ ਲੱਖ ਰੁਪਏ ਖਰਚ ਹੋ ਗਏ ਹਨ। ਇੱਧਰ ਵਿਦਿਆਰਥੀ ਦੀ ਮਾਂ ਸਿਰਮਨਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਰੱਤੋਵਾਲ ਥਾਣਾ ਸੁਧਾਰ ਜਿਲਾ ਲੁਧਿਆਣਾ ਦੀ ਸ਼ਿਕਾਇਤ ਤੇ ਥਾਣਾ ਸਨੌਰ ਵਿਖੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਢਿੱਲੋਂ ਫਨ ਵਰਲਡ ਦੇ ਮਾਲਕ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 31 ਮਈ ਨੂੰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ ਦਾਖਾ ਦੇ ਵਿਦਿਆਥੀਆਂ ਦਾ ਟੂਰ ਇੱਥੇ ਢਿੱਲੋਂ ਫਨ ਵਰਲਡ ਵਿਖੇ ਆਇਆ ਸੀ।
ਸਕੂਲ ਅਧਿਆਪਕ ਤੇ ਪ੍ਰਿੰਸੀਪਲ ‘ਤੇ ਵੀ ਮਾਮਲਾ ਦਰਜ
ਇਸ ਦੌਰਾਨ ਹੀ ਦੁਪਹਿਰ ਤੋਂ ਬਾਅਦ ਨੌਂਵੀ ਕਲਾਸ ਦੇ ਜਸਕਰਨ ਸਿੰਘ ਦੇ ਅਚਾਨਕ ਪੇਟ ਵਿੱਚ ਸੱਟ ਲੱਗ ਗਈ ਅਤੇ ਉਸਦੇ ਦਰਦ ਹੋਣ ਲੱਗਾ। ਉੁਸ ਦੀ ਮਾਂ ਸਿਮਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਸ ਨੂੰ ਡਾਕਟਰਾਂ ਕੋਲ ਲਿਜਾਣ ਦੀ ਥਾਂ ਇੱਥੇ ਹੀ ਬਿਠਾ ਕੇ ਰੱਖਿਆ ਅਤੇ ਸ਼ਾਮ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਉਸ ਸਮੇਂ ਉਹ ਦਰਦ ਨਾਲ ਪੀੜਤ ਸੀ ਅਤੇ ਉਸ ਦੇ ਪਿਸ਼ਾਬ ‘ਚੋਂ ਖੂਨ ਆ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾ ਡਾਕਟਰਾਂ ਨੇ ਕਿਹਾ ਕਿ ਸੱਟ ਕਾਰਨ ਇਸ ਦੀ ਇੱਕ ਕਿਡਨੀ ਕੱਢਣੀ ਪਵੇਗੀ ਅਤੇ ਉਨ੍ਹਾਂ ਦਾ ਤਿੰਨ ਲੱਖ ਰੁਪਏ ਖਰਚ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਸਭ ਟੂਰ ਤੇ ਆਏ ਸਕੂਲ ਪ੍ਰਬੰਧਕਾਂ ਸਮੇਤ ਢਿੱਲੋਂ ਫਨ ਵਰਲਡ ਦੇ ਮਾਲਕਾਂ ਦੀ ਲਾਪਰਵਾਹੀ ਨਾਲ ਹੋਇਆ ਹੈ ਕਿਉਂਕਿ ਜੇਕਰ ਬੱਚੇ ਨੂੰ ਸਮੇਂ ‘ਤੇ ਸਿਹਤ ਸਹੂਲਤ ਮਿਲ ਜਾਂਦੀ ਤਾਂ ਉਨ੍ਹਾਂ ਦੇ ਬੱਚੇ ਨੂੰ ਕਿਡਨੀ ਨਾ ਗਵਾਉਣੀ ਪੈਂਦੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਵੱਲੋਂ ਇਨਸਾਫ਼ ਲਈ ਇੱਧਰ ਉੱਧਰ ਗਈ ਅਤੇ ਥਾਣਾ ਸਨੌਰ ਦੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਸਕੂਲ ਦੇ ਪ੍ਰਿਸੀਪਲ ਰਵੀ ਕਾਤ, ਮਨੇਜਮੈਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਕਲਾਸ ਇੰਚਾਰਜ ਸੰਧਿਆ ਕੁਮਾਰੀ, ਅਧਿਆਪਕਾ ਪੂਨਮ ਬਾਲਾ, ਪ੍ਰਭਜੋਤ ਕੋਰ, ਅਧਿਆਪਕ ਮਨਦੀਪ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅਤੇ ਮਾਲਕ ਢਿੱਲੋਂ ਫਨਵਰਲਡ ਪਟਿਆਲਾ ਖਿਲਾਫ਼ ਧਾਰਾ 338,506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਅਤੇ ਢਿੱਲੋਂ ਫਨ ਵਰਲਡ ਦੇ ਮਾਲਕ ਵੱਲੋਂ ਇਸ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ ਅਤੇ ਉਸ ਨਾਲ ਹਮਦਰਦੀ ਪ੍ਰਗਟ ਵੀ ਨਾ ਕੀਤੀ।