ਨਵੀਂ ਦਿੱਲੀ, (ਏਜੰਸੀ)। ਭਾਰਤ ਦਾ ਪੁਲਾੜ ਜਹਾਜ਼ ਚੰਦਰਮਾ ’ਤੇ ਉਤਰਨ ਲਈ ਤਿਆਰ ਹੈ। ਇਸਰੋ (ISRO) ਚੰਦਰਯਾਨ-3 ਨੂੰ 13 ਜੁਲਾਈ ਨੂੰ ਦੁਪਹਿਰ 2.30 ਵਜੇ ਲਾਂਚ ਕਰ ਸਕਦਾ ਹੈ। ਇਸਰੋ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਪੀਟੀਆਈ ਨੇ ਬਾਅਦ ਵਿੱਚ ਇਸਰੋ ਦੇ ਮੁਖੀ ਐਸ ਸੋਮਨਾਥ ਦੇ ਹਵਾਲੇ ਨਾਲ ਕਿਹਾ ਕਿ ਚੰਦਰਯਾਨ ਨੂੰ 12 ਜੁਲਾਈ ਤੋਂ 19 ਜੁਲਾਈ ਦੇ ਵਿਚਕਾਰ ਲਾਂਚ ਕੀਤਾ ਜਾਣਾ ਹੈ। ਯਾਨ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਟੈਸਟ ਪੂਰੇ ਹੋਣ ਤੋਂ ਬਾਅਦ ਲਾਂਚ ਦੀ ਸਹੀ ਮਿਤੀ ਦਾ ਐਲਾਨ ਕੀਤਾ ਜਾਵੇਗਾ।
ਜੇਕਰ ਚੰਦਰਯਾਨ-3 ਦਾ ਲੈਂਡਰ ਚੰਦਰਮਾ ’ਤੇ ਉਤਰਨ ’ਚ ਸਫਲ ਹੋ ਜਾਂਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਆਪਣੇ ਪੁਲਾੜ ਯਾਨ ਚੰਦਰਮਾ ’ਤੇ ਉਤਾਰ ਚੁੱਕੇ ਹਨ ਚੰਦਰਯਾਨ-2 ਮਿਸ਼ਨ 22 ਜੁਲਾਈ 2019 ਨੂੰ ਲਾਂਚ ਕੀਤਾ ਗਿਆ ਸੀ। ਲਗਭਗ 2 ਮਹੀਨੇ ਬਾਅਦ, 7 ਸਤੰਬਰ 2019 ਨੂੰ, ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਵਿਕਰਮ ਲੈਂਡਰ ਕਰੈਸ਼ ਹੋ ਗਿਆ। ਉਦੋਂ ਤੋਂ ਭਾਰਤ ਚੰਦਰਯਾਨ-3 ਮਿਸ਼ਨ ਦੀ ਤਿਆਰੀ ਕਰ ਰਿਹਾ ਹੈ।
ਰੂਸੀ ਮਿਸ਼ਨ ਮੁਲਤਵੀ, ਇਸਰੋ ਕੋਲ ਪਹਿਲਾਂ ਲੈਂਡ ਕਰਨ ਦਾ ਮੌਕਾ | ISRO
ਇੱਥੇ, ਰੂਸ ਨੇ ਆਪਣੇ ਚੰਦਰਮਾ ਲੈਂਡਰ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਅਜਿਹਾ ਜ਼ਮੀਨੀ ਢਾਂਚੇ ਦੀ ਵਾਧੂ ਜਾਂਚ ਪੂਰੀ ਨਾ ਹੋਣ ਕਾਰਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2022 ’ਚ ਵੀ ਰੂਸੀ ਮਿਸ਼ਨ ਤਕਨੀਕੀ ਖਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਅਜਿਹੇ ’ਚ ਭਾਰਤ ਦੇ ਚੰਦਰਯਾਨ-3 ਕੋਲ ਰੂਸ ਤੋਂ ਪਹਿਲਾਂ ਚੰਦਰਮਾ ’ਤੇ ਉਤਰਨ ਦਾ ਮੌਕਾ ਹੈ।
ਇਸਰੋ (ISRO) ਚੀਫ ਬੋਲੇ : ਅਸੀਂ ਚੰਦਰਯਾਨ-2 ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ | ISRO
ਇਸਰੋ (ISRO) ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਅਸੀਂ ਚੰਦਰਯਾਨ-2 ਮਿਸ਼ਨ ਵਿੱਚ ਅਸਫਲ ਰਹੇ ਸੀ। ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਵਾਰ ਕਾਮਯਾਬ ਹੋਈਏ, ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਸ ਤੋਂ ਸਿੱਖ ਕੇ ਅੱਗੇ ਵਧੀਏ। ਉਨ੍ਹਾਂ ਕਿਹਾ ਕਿ ਅਸਫ਼ਲ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਸ਼ਿਸ਼ ਕਰਨਾ ਛੱਡ ਦੇਈਏ। ਚੰਦਰਯਾਨ-3 ਮਿਸ਼ਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਅਸੀਂ ਇਤਿਹਾਸ ਰਚਾਂਗੇ।
ਹੁਣ ਪੜ੍ਹੋ ਕੀ ਹੈ ਚੰਦਰਯਾਨ-3 | ISRO
ਇਸਰੋ (ISRO) ਚੰਦਰਯਾਨ ਮਿਸ਼ਨ ਤਹਿਤ ਚੰਦਰਮਾ ਦਾ ਅਧਿਐਨ ਕਰਨਾ ਚਾਹੁੰਦਾ ਹੈ। ਭਾਰਤ ਨੇ 2008 ਵਿੱਚ ਪਹਿਲੀ ਵਾਰ ਚੰਦਰਯਾਨ-1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਸ ਤੋਂ ਬਾਅਦ ਭਾਰਤ 2019 ’ਚ ਚੰਦਰਯਾਨ-2 ਨੂੰ ਲਾਂਚ ਕਰਨ ਵਿੱਚ ਅਸਫਲ ਰਿਹਾ। ਹੁਣ ਭਾਰਤ ਚੰਦਰਯਾਨ-3 ਨੂੰ ਲਾਂਚ ਕਰਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।